Meri Phakki ton Daran Phreste


                                             ਮੇਰੀ 'ਫੱਕੀ' ਤੋਂ ਡਰਨ ਫਰੇਸ਼ਤੇ

       
        ਦੁਨੀਆਂ ਵਿਚ ਹੋਰ ਅਨੁਭਵ ਸਭ ਨੂੰ ਹੋ ਸਕਦੇ ਹਨ ਪਰ ਮੌਤ ਦਾ ਕਿਸੇ ਨੂੰ ਨਹੀਂ ਹੁੰਦਾ। ਜਿਹੜੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ ਉਹ ਆਪਣੇ ਅਨੁਭਵ ਦੱਸਣ ਲਈ ਵਾਪਸ ਨਹੀਂ ਮੁੜਦੇ। ਇਹ ਮੌਤ ਦਾ ਮੂੰ੍ਹਹ ਹੀ ਹੈ ਕਿ ਕਿਸੇ ਨੇ ਸਾਨੰ ਬਹੁਤ ਉੱਚੀ ਇਮਾਰਤ ਤੋਂ ਪੱਟਕ ਦਿਤਾ ਹੋਵੇ ਤੇ ਅਸੀਂ ਹਵਾ ਵਿਚ ਲੋਟਦੇੇ ਹੇਠ ਆ ਰਹੇ ਹੋੋਈਏ। ਅਜਿਹੇ ਮੌਤ ਦੇ ਮੂੰਹਾਂ ਚੋਂ ਕੋਈ ਵਿਰਲਾ ਹੀ ਬਚ ਕੇ ਨਿਕਲਦਾ ਹੈ। ਬਚ ਜਾਣ ਵਾਲੇ ਤਾਂ ਅਵਾਕ ਰਹਿੰਦੇ ਹੀ ਹਨ ਪਰ ਜਿਹੜੇ ਇਸ ਤਰਾਂ ਦਾ ਕੌਤਕ ਵੇੇਖ ਲੈਂਦੇ ਹਨ ਉਹ ਵੀ ਆਪਣੇ ਅਨੁਭਵਾਂ ਦੇ ਵਿਰਤਾਂਤ ਲਈ ਸਾਰੀ ਉਮਰ ਸ਼ਬਦ ਢੂੰਡਦੇ ਰਹਿੰਦੇ ਹਨ। 
        ਇਸ ਕਹਾਣੀ ਵਿਚ ਇਕ ਅਜਿਹੀ ਹੀ ਸੱਚੀ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਜਿਸ ਨੂੰ ਯਾਦ ਕਰ ਕੇ ਰੂਹ ਕੰਬ ਜਾਂਦੀ ਹੈ ਤੇ ਇਸ ਸੰਸਾਰ ਦੇ ਫ਼ਾਨੀ ਹੋਣ ਦੀ ਖ਼ੌਫ਼ਨਾਕ ਹਕੀਕਤ ਨੇੜੇ ਤੋਂ ਦਿਖਾਈ ਦੇਣ ਲਗਦੀ ਹੈ। ਜਿਉਂ 2 ਇਹ ਘਟਨਾ ਪੁਰਾਣੀ ਹੁੰਦੀ ਜਾਂਦੀ ਹੈ ਤਿਉਂ 2 ਇਸ ਦੀਆਂ ਰੱਹਸਮਈ ਗੰਢਾਂ ਹੋਰ ਵੀ ਪੀਡੀਆਂ ਹੁੰਦੀਆਂ ਜਾਂਦੀਆਂ ਹਨ। ਇਸ ਘਟਨਾ ਦੇ ਛੱਡੇ ਇਸ਼ਾਰਿਆਂ ਨੂੰ ਮੈਂ ਅੱਜ ਤਕ ਸਮਝ ਨਹੀਂ ਪਾਇਆ ਤੇ ਨਾ ਹੀ ਮੈਨੂੰ ਅੱਜੇ ਤੀਕਰ ਸਮਝ ਆਈ ਹੈ ਕਿ ਕੁਝ ਸ਼ਕਤੀਆਂ ਸਾਡੇ ਲਈ ਉਤੋਂ ਹੀ ਉਤੇ ਕਿਵੇਂ ਕੰਮ ਕਰੀ ਜਾਂਦੀਆਂ ਹਨ!
        ਜੂਨ ਸੰਨ 2002 ਦੀ ਗੱਲ ਹੈ।ਸੈਨ ਹੋਜ਼ੇ ਸਟੇਟ ਯੁਨੀਵਰਸਿਟੀ ਦਾ ਸਮੈਸਟਰ ਖ਼ਤਮ ਕਰ ਕੇ ਮੈਂ ਇੰਡੀਆ ਜਾਣ ਦੀ ਸਲਾਹ ਬਣਾਈ। ਮੌਕੇ ਤੇ ਆਣ ਕੇ ਮੇਰੀ ਪਤਨੀ ਨੇ ਵੀ ਉਥੇ ਰਹਿੰਦੇ ਸਾਡੇ ਛੋਟੇ ਲੜਕੇ ਨੂੰ ਮਿਲਣ ਜਾਣ ਦਾ ਮਨ ਬਣਾ ਲਿਆ।ਅਸੀਂ ਇੱਕਠਿਆਂ ਹੀ 25 ਜੂਨ ਦੀਆਂ ਏਸ਼ੀਆਨਾ ਦੀਆਂ ਟਿਕਟਾਂ ਲੈ ਲਈਆਂ।ਸਾਡੇ ਇਥੇ ਰਹਿੰਦੇ ਬੱਚੇ ਛੁੱਟੀਆਂ ਮਨਾਉਣ ਲਈ ਕਰੂਜ਼ ਤੇ ਗਏ ਹੋਏ ਸਨ ਇਸ ਲਈ ਸਾਰੀ ਤਿਆਰੀ ਸਾਨੂੰ ਆਪ ਹੀ ਕਰਨੀ ਪਈ। ਰਾਤ ਦੀ ਉਡਾਨ ਸੀ ਤੇ ਸ਼ਾਮ ਨੂੰ ਅਸੀਂ ਟੈਕਸੀ ਰਾਹੀਂ ਏਅਰ ਪੋਰਟ ਪਹੁੰਚ ਗਏ।
        ਚਲਣ ਤੋਂ ਪਹਿਲਾਂ ਉਸ ਦਿਨ ਅਸੀਂ ਸਵੇਰ ਤੋਂ ਹੀ ਜਾਣ ਦੀਆਂ ਤਿਆਰੀਆਂ ਵਿਚ ਜੁਟੇ ਰਹੇ। ਇਕ 2 ਵੱਡਾ ਅਟੇਚੀ ਪਿੱਛੇ ਬੁੱਕ ਕਰਾਉਣ ਲਈ ਪੈਕ ਕਰ ਕੇ ਇਕ 2 ਹੈਂਡ ਬੈਗ ਜਹਾਜ਼ ਵਿਚ ਨਾਲ ਲਿਜਾਣ ਲਈ ਤਿਆਰ ਕਰ ਲਿਆ। ਮੇਰੀ ਪਤਨੀ ਦਾ ਹੈਂਡ ਬੈਗ ਹਲਕਾ ਫੁਲਕਾ ਸੀ ਇਸ ਲਈ ਵੀਹ ਪੌਂਡ ਦੇ ਭਾਰ ਵਿਚ ਉਸ ਨੇ ਆਪਣੇ ਸਾਮਾਨ ਨਾਲ ਕਈ ਵਾਧੂ ਸੂਟ ਵੀ ਭਰ ਲਏ। ਮੇਰੇ ਖਾਲੀ ਬੈਗ ਦਾ ਹੀ ਭਾਰ 9 ਪੌਂਡ ਸੀ ਤੇ ਇਸ ਵਿਚ 8 ਪੌਂਡ ਦਾ 2000 ਮਾਡਲ ਸੋਨੀ ਲੈਪਟਾਪ ਪੈ ਕੇ ਸਤਾਰਾਂ ਪੌਂਡ ਬਣ ਗਏ।ਦੋ ਤਿੰਨ ਪੌਂਡ ਦੀਆਂ ਤਾਰਾਂ ਤੇ ਚਾਰਜਰ ਪਾ ਕੇ ਹੋਰ ਕੁਝ ਪਾਉਣ ਦੀ ਗੁੰਜਾਇਸ਼ ਹੀ ਨਾ ਰਹੀ। ਕੈਮਰਾ, ਡਾਇਰੀ, ਟਿਕਟ, ਕਿਤਾਬਾਂ, ਸੈਲਫੋਨ ਆਦਿ ਤਾਂ ਮੈਂ ਪਰਸ-ਨੁਮਾ ਮੋਢੇ ਵਾਲੇ ਬੈਗ ਵਿਚ ਪਾ ਲਏ ਪਰ ਮੇਰਾ ਚਾਰ ਪੌਂਡ ਦਾ ਹੋਮਿਓਪੈਕਿ ਦਵਾਈਆਂ ਦਾ ਡੱਬਾ, ਜੋ ਮੈਂ ਹਰ ਸਫ਼ਰ ਤੇ ਨਾਲ ਰਖਦਾ ਸੀ, ਪਾਉਣ ਲਈ ਕਿਤੇੇ ਕੋਈ ਥਾਂ ਨਾ ਬਚੀ।                            
        ਮੈਂ ਅਪਣੀ ਪਤਨੀ ਨੂੰ ਕਿਹਾ ਕਿ ਕੁਝ ਕਪੜੇ ਕੱਢ ਕੇ ਇਹ ਡੱਬਾ ਆਪਣੇ ਹੈਂਡਬੈਗ ਵਿਚ ਪਾ ਲਵੇ। ਉਸ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ।ਮੈਨੂੰ ਸਮਝਾਉਂਦੀ ਹੋਈ ਬੋਲੀ, "ਜੀ! ਇਥੇ ਇਸ ਘਰ ਵਿਚ ਇੰਨੀਆਂ ਦਵਾਈਆਂ ਹਨ ਤੇ ਉਥੇ ਉਹ ਘਰ ਦਵਾਈਆਂ ਨਾਲ ਭਰਿਆ ਹੋਇਆ ਹੈ। ਸਫ਼ਰ ਵਿਚ ਵੀ ਡੱਬਾ ਨਾਲ ਚੁਕ ਲੈਂਦੇ ਹੋ। ਕਦੇ ਲੋੜ ਪਈ ਐ ਇਸ ਦੀ? ਜਿਸ ਦਵਾਈ ਦੀ ਲੋੜ ਹੈ ਇਥੋਂ ਖਾ ਕੇ ਚਲੋ ਤੇ ਬਾਕੀ ਉਥੇ ਜਾ ਕੇ ਖਾ ਲੈਣਾ। ਰਸਤੇ ਲਈ ਪਲਸਾਟਿੱਲਾ ਮੈਂ ਪਰਸ ਵਿਚ ਪਾ ਲਈ ਐ। ਡੱਬਾ ਨਾਲ ਜਰੂਰੀ ਚੁਕਣਾ ਐ?"
        ਤਰਕ ਨਾਲ ਗੱਲ ਘੜਨ ਵਿਚ ਉਹ ਤਰਕਸ਼ੀਲ ਸੋਸਾਇਟੀ ਵਾਲਿਆਂ ਨੂੰ ਵੀ ਮਾਤ ਪਾ ਸਕਦੀ ਹੈੇ।ਮੈਨੂੰ ਲਗਿਆ ਉਹ ਠੀਕ ਕਹਿੰਦੀ ਹੈ। ਮੈਂ ਡੱਬਾ ਰੱਖਣ ਉਪਰ ਚਲਾ ਗਿਆ।ਪਰ ਰਾਹ ਵਿਚ ਮੈਂ ਕਲਪਨਾ ਕੀਤੀ ਕਿ ਜੇ ਕਿਤੇ ਰਸਤੇ ਵਿਚ ਠੰਡ ਲਗ ਗਈ ਜਾਂ ਗਰਮ ਸਰਦ ਹੋ ਗਏ, ਜਾਂ ਮੂੰਹ ਵਿਚ ਛਾਲੇ ਪੈ ਗਏ ਜਾਂ ਨਕਸੀਰ ਫੁਟ ਗਈ, ਜਾਂ ਖਾਣ ਪੀਣ ਦੀ ਖਰਾਬੀ ਹੋ ਗਈ, ਤਾਂ ਕੀਹਦੀ ਮਾਂ ਨੂੰ ਮਾਂ ਕਹਾਂਗੇ? ਕੁਝ ਦਵਾਈਆਂ ਤਾਂ ਨਾਲ ਲੈ ਹੀ ਚਲਦੇ ਹਾਂ। ਇਸ ਲਈ ਮੈਂ ਪੰਜ ਸੱਤ ਮੁੱਖ ਦਵਾਈਆਂ ਇਕ 9ਯ4 ਦੇ ਖਾਲੀ ਲਿਫਾਫੇ ਵਿਚ ਖੜੀਆਂ ਕਰ ਲਈਆਂ। ਅੱਧੇ ਤੋਂ ਜਿਆਦਾ ਲਿਫਾਫਾ ਖਾਲੀ ਵੇਖ ਕੇ  ਕੁਝ ਹੋਰ ਦਵਾਈਆਂ ਪਾ ਲਈਆਂ ਤੇ ਫਿਰ ਕੁਝ ਹੋਰ। ਲਿਫਾਫਾ ਭਰ ਗਿਆ ਪਰ ਬੰਦ ਕਰਨ ਵੇਲੇ ਉਪਰ ਇਕ ਉਂਗਲ ਥਾਂ ਖਾਲੀ ਦਿਖਾਈ ਦਿਤੀ।ਡੱਬੇ ਵਿਚ ਉਤੋਂ ਹੇਠਲੀ ਲਾਈਨ ਤੀਕਰ ਨਜ਼ਰ ਦੁੜਾ ਕੇ ਮੈਂ ਚਾਰ ਪੰਜ ਹੋਰ ਸ਼ੀਸ਼ੀਆਂ ਕੱਢੀਆਂ ਤੇ ਲਿਫਾਫੇ ਵਿਚਲੀਆਂ ਸ਼ੀਸ਼ੀਆਂ ਉਤੇ ਲਿਟਾ ਕੇੇ ਇਸ ਨੂੰ ਟੇਪ ਨਾਲ ਬੰਦ ਕਰ ਦਿਤਾ। ਪਤਨੀ ਤੋਂ ਚੋਰੀ ਇਹ ਲਿਫਾਫਾ ਮੈਂ ਆਪਣੇ ਹੈਂਡਬੈਗ ਦੀ ਜੇਬ ਵਿਚ ਰਖ ਲ਼ਿਆ।
        ਏਅਰ ਪੋਰਟ ਤੇ ਪਹੰਚ ਕੇ ਮੈਂ ਦੇਖਿਆ ਮੇਰੀ ਪਤਨੀ ਦਾ ਚਿਹਰਾ ਉਦਾਸ ਸੀ। ਪਹਿਲੀਆਂ ਵਤਨ ਫੇਰੀਆਂ ਵੇਲੇ ਉਹ ਆਪਣੇੇ ਲੜਕੇ ਨੂੰ ਮਿਲਣ ਦੇ ਚਾਅ ਨਾਲ ਪੂਰੇ ਖੇੜੇ ਵਿਚ ਹੋਇਆ ਕਰਦੀ ਸੀ ਪਰ ਅੱਜ ਉਸ ਨੂੰ ਪਿੱਛੇ ਛੱਡੇ ਤਿੰਨ ਸਾਲ ਦੇ ਪੋਤੇ ਦੀ ਯਾਦ ਸਤਾ ਰਹੀ ਸੀ। ਦੋਹਾਂ ਵਿਚ ਬੇਪਨਾਹ ਲਗਾਉ ਸੀ ਤੇ ਮੋਹ-ਵਸ ਦੋਵੇਂ ਇਕ ਦੂਜੇ ਤੋਂ ਪਲ ਭਰ ਵੀ ਵੱਖ ਨਹੀਂ ਸਨ ਹੁੰਦੇ। ਵੈਕੇਸ਼ਨ ਤੇ ਜਾਣ ਵੇਲੇ ਵੀ ਉਸ ਦੇ ਮਾਪਿਆਂ ਨੇ ਉਸ ਨੂੰ "ਗ੍ਰੈਮਾ" ਦੀਆਂ ਬਾਹਾਂਂ ਵਿਚੋਂ ਰੋਂਦੇ ਨੂੰ ਧ੍ਰੂ ਕੇ ਹੀ ਵੈਨ ਵਿਚ ਸੁਟਿਆ ਸੀ। ਉਸ ਦ੍ਰਿਸ਼ ਨੂੰ ਯਾਦ ਕਰ ਕੇ ਉਸ ਦਾ ਦਿਲ ਡੋਬੇ ਖਾਈ ਜਾਂਦਾ ਸੀ। ਘੜੀ ਮੁੜੀ ਇਹੀ ਸੁਣਾਈ ਜਾ ਰਹੀ ਸੀ ਕਿ ਜਦੋਂ "ਮੂੰਡਾ" ਆ ਕੇ ਵੇਖੇਗਾ ਗ੍ਰੈਮਾ ਨਹੀਂ ਹੈ ਤਾਂ ਉਸ ਦੇ ਮਨ ਤੇ ਕੀ ਬੀਤੇਗੀ। ਮੈਂ ਉਸ ਨੂੰ ਸਮਝਾਇਆ ਕਿ ਬੱਚੇ ਦਾ ਚੇਤਾ ਛਿੰਨ-ਭੰਗਰਾ ਹੀ ਹੁੰਦਾ ਹੈ, ਹੁਣ ਤੀਕਰ ਤਾਂ ਉਹ ਸਭ ਕੁਝ ਭੁੱਲ ਵੀ ਗਿਆ ਹੋਣਾ ਐ। ਪਰ ਫਿਰ ਉਹ ਇਸ ਗੱਲ ਦਾ ਗ਼ਮ ਖਾਣ ਲਗੀ ਕਿ ਵਾਪਸ ਆਉਣ ਤੇ ਉਹ ਉਸ ਨੂੰ ਪਹਿਚਾਣੇਗਾ ਨਹੀਂ। ਅਸੀਂ ਪੋਤੇ ਨਾਲ ਗੱਲ ਕਰਨ ਲਈ ਫੋਨ ਮਿਲਾਉਂਦੇ ਰਹੇ ਪਰ ਦੂਰ ਸਾਗਰ ਵਿਚ ਸਾਡਾ ਫੋਨ ਨਾ ਲਗਿਆ।
        ਅਖ਼ੀਰ ਰਾਤੀਂ ਇਕ ਵਜੇ ਅਸੀਂ ਜਹਾਜ਼ ਚੜ੍ਹ ਗਏੇ। ਉਹਨਾਂ ਦਿਨਾਂ ਵਿਚ ਏਸ਼ੀਆਨਾ ਵਾਲੇ ਆਪਣੇ ਮੁਸਾਫਰਾਂ ਨੂੰ ਉਡਾਣ ਉਪਰੰਤ ਡਿੱਨਰ ਦਿਆ ਕਰਦੇ ਸਨ। ਦਿਨ ਦੇ ਥੱਕੇ ਤੇ ਅੱਤ ਦੇ ਉਨੀਂਦਰੇ ਅਸੀਂ ਭੋਜਨ ਛਕਣ ਸਾਰ ਸੌਂ ਗਏ। ਮੈਂ ਕੁਝ ਵਧੇਰੇ ਹੀ ਗੂਹੜੀ ਨੀਂਦ ਵਿਚ ਸੌਂ ਗਿਆ ਕਿਉਂਕਿ ਮੈਂ ਨਾਲ ਦੋ ਬੀਅਰਾਂ ਵੀ ਲਾ ਲਾਈਆਂ ਸਨ।ਤਿੰਨ ਸੀਟਾਂ ਵਾਲੀ ਕਤਾਰ ਵਿਚ ਮੈਂ ਵਿਚਕਾਰ ਵਾਲੀ ਸੀਟ ਤੇ ਸਾਂ ਤੇ ਮੇਰੀ ਪਤਨੀ ਮੇਰੇ ਖੱਬੇ ਆਇਲ ਪਾਸੇ ਦੀ ਸੀਟ ਤੇ।
        ਸਾਨੂੰ ਸੁਤਿਆਂ ਅਜੇ ਘੰਟਾ ਵੀ ਨਹੀਂ ਸੀ ਹੋਇਆ ਕਿ ਮੈਨੂੰ ਲਗਿਆ ਜਿਵੇਂ ਕਿਸੇ ਨੇ ਮੇਰਾ ਪੱਲਾ ਖਿੱਚਆ ਹੋਵੇ।ਇਹ ਖਿੱਚ ਏਨੀ ਪੋਲੀ ਸੀ ਕਿ ਇਸ ਦਾ ਮੈਨੂੰ ਫ਼ੌਰੀ ਤੌਰ ਤੇ ਕੋਈ ਪਤਾ ਨਾ ਚਲਿਆ।ਜਦੋਂ ਕੁਝ ਕੁ ਛਿਨਾਂ ਬਾਦ ਇਸ ਦਾ ਅਹਿਸਾਸ ਦਿਮਾਗ਼ ਨੂੰ ਹੋਇਆ ਤਾਂ ਮੇਰੀ ਜਾਗ ਖੁਲੀ। ਪਹਿਲਾਂ ਤਾਂ ਰਾਤ ਦੇ ਥਕਵੇਂ ਤੇ ਬੀਅਰ ਦੀ ਘੁਮੇਰ ਕਾਰਣ ਮੈਨੂੰ ਪਤਾ ਹੀ ਨਾ ਲਗਿਆ ਕਿ ਮੈਂ ਕਿੱਥੇ ਹਾਂ। ਸੁਰਤ ਪਰਤਣ ਤੇ ਹੌਲੀ 2 ਅਹਿਸਾਸ ਹੋਇਆ ਕਿ ਜਹਾਜ਼ ਦੇ ਸਫ਼ਰ ਵਿਚ ਹਾਂ। ਫਿਰ ਸੁਪਨੇ ਵਾਂਗ ਯਾਦ ਆਇਆ ਕਿ ਕਿਸੇ ਨੇ ਮੇਰੀ ਕਮੀਜ਼ ਖਿੱਚੀ ਸੀ। ਜਦੋਂ ਮੈਂ ਉਨੀਂਦਰੇ ਜਿਹੇ ਵਿਚ ਅੱਖਾਂ ਖੋਹਲੀਆਂ ਤਾਂ ਦੇਖਿਆ ਕਿ ਮੇਰੀ ਪਤਨੀ ਆਪਣੀ ਸੀਟ ਉਤੋਂ ਦੀ ਖੱਬੇ ਪਾਸੇ ਵਲ ਲੁੜ੍ਹਕੀ ਪਈ ਸੀ। ਉਸ ਦਾ ਸੱਜਾ ਹੱਥ ਹੁਣ ਵੀ ਮੇਰਾ ਪੱਲਾ ਪਕੜੀਂੇ ਪਿਆ ਸੀ। ਖ਼ੱਬੇ ਹੱਥ ਨਾਲ ਉਸ ਨੇ ਪਰਸ ਫੜਿਆ ਹੋਇਆ ਸੀ ਜਿਹਦੀ ਜ਼ਿੱਪ ਖੁਲੀ ਪਈ ਸੀ।
        ਇਹ ਸਭ ਦੇਖ ਕੇ ਮੈਂ ਹੌਲਿਆ ਤੇ ਧੁੰਦਲਾ ਜਿਹਾ ਹਿਸਾਬ ਲਾਇਆ ਕਿ ਕੋਈ ਇਸ ਦਾ ਪਰਸ ਖੋਹਣ ਆਇਆ ਹੋਣਾ ਐ ਜੋ ਇਸ ਨੇ ਦਿੱਤਾ ਨਹੀਂ। ਮਦਦ ਲਈ ਇਸ ਨੇ ਮੇਰਾ ਪੱਲਾ ਖਿੱਚਿਆ ਹੋਣਾ ਐ ਤੇ ਖਿੱਚ ਧੂ ਵਿਚ ਪਰਸ ਖੋਹਲ ਕੇ ਉਹ ਇਸ ਦਾ ਮਾਲ ਲੈ ਕੇ ਭੱਜ ਗਿਆ ਹੋਣਾ ਐ। ਮੈਂ ਸੋਚਿਆਂ ਲੁਟੇਰਾ ਜਾਣ ਲਗਿਆ ਇਸ ਦੇ ਕੋਈ ਸੱਟ ਮਾਰ ਗਿਆ ਹੋਣਾ ਐ ਜਾਂ ਕੁਝ ਸੁੰਘਾ ਗਿਆ ਹੋਣਾ ਐ, ਤਦੇ ਇਸ ਦੀ ਇਹ ਹਾਲਤ ਹੋਈ ਹੈ।ਮੈਨੂੰ ਲਗਾ ਕਿ ਇਹ ਕਾਰਾ ਕਰ ਕੇ ਉਹ ਬਹੁਤੀ ਦੂਰ ਨਹੀਂ ਗਿਆ ਹੋਣਾ ਇਸ ਲਈ ਉਸ ਨੂੰ ਹੁਣੇ ਦਬੋਚਿਆ ਜਾਵੇ।ਅੰਦਰੋਂ ਉਠੀ ਲਲਕਾਰ ਨਾਲ ਮੈਂ ਖੜ੍ਹਾ ਹੋ ਗਿਆ।
        ਦੁਆਲੇ ਨਜ਼ਰ ਮਾਰੀ ਪਰ ਕੁਝ ਨਾ ਦਿਿਖਆ। ਜਹਾਜ਼ ਦੀਆਂ ਲਾਈਟਾਂ ਬੰਦ ਸਨ ਤੇ ਲੋਕ ਸੁਤੇ ਪਏ ਸਨ।ਸਨਾਟਾ ਛਾਇਆ ਹੋਇਆ ਸੀ। ਮੈਂ ਸੋਚਿਆ ਸ਼ਾਇਦ ਮੈਨੂੰ ਭੁਲੇਖਾ ਲਗਿਆ ਹੈ।ਇਹ ਵੀ ਬਾਕੀ ਸਵਾਰੀਆਂ ਵਾਂਗੂੰ ਸੌਂ ਹੀ ਰਹੀ ਹੈ। ਪਰ ਖੁੱਲੇ ਪਰਸ ਦੀ ਸਮਝ ਨਾ ਆਈ। ਮੈਂ ਉਸ ਨੂੰ ਜਗਾ ਕੇ ਪੱੁਛਣਾ ਚਾਹਿਆ। ਮੋਢਾ ਥੱਪ-ਥਪਾਇਆ, ਆਵਾਜ਼ ਮਾਰੀ ਤੇ ਬਾਂਹ ਤੋਂ ਖਿੱਚਿਆ ਪਰ ਕਿਸੇ ਤਰਾਂ ਵੀ ਉਹ ਟੱਸ ਤੌਂ ਮੱਸ ਨਾ ਹੋਈ। ਉਸ ਦੀ ਸੱਜੀ ਬਾਂਹ ਘਿਸਰ ਕੇ ਹੇਠਾਂ ਲਟਕ ਗਈ ਤੇ ਖ਼ੱਬੀ ਵਿਚੋਂ ਪਰਸ ਵੀ ਨਿਕਲ ਕੇ ਹੇਠ ਡਿਗ ਪਿਆ। ਮੈਨੂੰ ਲਗਾ ਕਿ ਜਰੂਰ ਕੋਈ ਡੂੰਘਾ ਭਾਣਾ ਵਰਤ ਗਿਆ ਹੈ।
        ਮੈਂ ਅੱਗੇ ਝੁਕ ਕੇ ਉਸ ਨੂੰ ਚੁੱਕਿਆ ਤੇ ਸੀਟ ਵਿਚ ਸਿੱਧਾ ਪਾਇਆ।ਫਿਰ ਝੰਜੋੜ ਕੇ ਉਸ ਦੇ ਨਾਂ ਦੀਆਂ ਉੱਚੀਆਂ ਆਵਾਜ਼ਾਂ ਲਾਈਆਂ। ਜਵਾਬ ਵਿਚ ਉਸ ਨੇ ਜੋਰ ਲਾ ਕੇ ਇੰਨਾ ਹੀ ਕਿਹਾ,"ਜੀ ਮੈਂ ਗਈ।" ਮੇਰੇ ਬਹੁਤ ਜਤਨਾਂ ਦੇ ਬਾਵਜ਼ੂਦ ਵੀ ਉਹ ਅੱਗੇ ਕੁਝ ਨਾ ਬੋਲੀ।ਮੈਂ ਲਾਈਟ ਜਲਾ ਕੇ ਵੇਖਿਆ। ਉਸ ਦੇ ਚੇਹਰੇ ਤੇ ਪਿੱਲਤਣ ਛਾਈ ਹੋਈ ਸੀ। ਮੈਂ ਨਬਜ਼ ਟੋਹਣ ਦੀ ਕੋਸ਼ਿਸ ਕੀਤੀ ਪਰ ਕਿਤੇ ਕੋਈ ਹਰਕਤ ਨਾ ਮਿਲੀ। ਬਾਂਹ ਇੰਨੀ ਠੰਡੀ ਤੇ ਗਿੱਲੀ ਜਿਵੇਂ ਫ਼ਰਿਜ ਚੋਂ ਕੱਢੀ ਬੂੰਦਾਂ ਨਾਲ ਭਿੱਜੀ ਪਾਣੀ ਦੀ ਬੋਤਲ। ਮੱਥੇ ਤੇ ਹੱਥ ਲਾਇਆ ਉਹ ਵੀ ਬਰਫ਼ ਵਾਂਗ ਠੰਡਾ ਤੇ ਪਸੀਨੇ ਨਾਲ ਤਰ। ਮੇਰੀ ਪਤਨੀ ਨੂੰ ਦਿਲ ਦਾ ਦੌਰਾ ਪੈ ਚੁਕਿਆ ਸੀ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।
        ਇਹ ਸੋਚ ਕੇ ਕਿ ਤੁਰੰਤ ਦਵਾਈ ਬਿਨਾਂ ਇਹ ਦੌਰਾ ਘਾਤਕ ਹੋ ਸਕਦਾ ਹੈ, ਮੈਂ ਦਵਾਈਆਂ ਦਾ ਡੱਬਾ ਕੱਢਣ ਦੀ ਸੋਚੀ। ਪਰ ਇਕ ਦਮ ਖਿਆਲ ਅਇਆ ਕਿ ਡੱਬਾ ਤਾਂ ਲਿਆਂਦਾ ਹੀ ਨਹੀਂ।ਮੈਂ ਮੱਥੇ ਤੇ ਹੱਥ ਮਾਰਿਆ ਕਿ ਜਿਸ ਦੀ ਅੱਜ ਲੋੜ ਸੀ ਉਹੀ ਕੋਲ ਨਹੀਂ। ਮੈਂ ਸਮਝ ਗਿਆ ਕਿ ਮੇਰੀ ਪਤਨੀ ਮੌਤ ਦੇ ਮੂੰਹ ਵਿਚ ਚਲੀ ਗਈ ਹੈ।ਹੁਣ ਉਸ ਨੂੰ ਉਥੋਂ ਕੋਈ ਨਹੀਂ ਕੱਢ ਸਕਦਾ।ਉਸ ਦੀ ਨਬਜ਼ ਜਾ ਚੁੱਕੀ ਹੈ।ਖੁਨ ਦਾ ਦੌਰਾ ਲਗ ਭਗ ਖ਼ਤਮ ਹੋ ਚੁੱਕਾ ਹੈ।ਇੰਨੇ ਠੰਡੇ ਤੇ ਭਿੱਜੇ ਸ਼ਰੀਰ ਨੂੰ ਗਰਮਾਉਣ ਲਈ ਹਜ਼ਾਰਾਂ ਕੈਲੋਰੀਜ਼ ਦੀ ਫੌਰੀ ਲੋੜ ਹੈ।ਕਿਥੋਂ ਆਵੇਗੀ ਇੰਨੀ ਗਰਮੀ? ਨਾ ਦਵਾ ਨਾ ਦਾਰੂ।ਇਹ ਸੋਚ ਕੇ ਮੇਰੇ ਅੰਦਰ ਭੈ ਦੀ ਝਰਨਾਹਟ ਫਿਰ ਗਈ।
         ਮੈਂ ਸਹਾਇਤਾ ਲਈ ਏਅਰ ਹੋਸਟੈਸ ਸੱਦਣ ਲਈ ਬਟਨ ਦਬਾਇਆ।ਬੇਚੈਨੀ ਨਾਲ ਇੰਤਜ਼ਾਰ ਕਰਦਿਆਂ ਮੇਰੇ ਲਈ ਪਲ ਪਲ ਭਾਰੀ ਹੋ ਰਿਹਾ ਸੀ। ਜੇ ਕੁਝ ਹੋ ਸਕਦਾ ਸੀ ਹੁਣੇ ਹੋ ਸਕਦਾ ਸੀ। ਘਬਰਾਹਟ ਨਾਲ ਮੈਨੂੰ ਤਾਓ ਆ ਰਹੇ ਸਨ। ਆਉਣ ਵਾਲੀ ਹੋਣੀ ਦੀ ਤਸਵੀਰ ਸਾਹਮਣੇ ਫਿਰ ਰਹੀ ਸੀ। ਸੋਚ ਰਿਹਾ ਸਾਂ ਕਿ ਜਿਸ ਨੂੰ ਨਾਲ ਲੈ ਕੇ ਚਲਿਆ ਸੀ ਹੁਣ ਉਸ ਦੀ ਲਾਸ਼ ਲੈ ਕੇ ਜਾਣੀ ਪਵੇਗੀ। ਅਪਣੇ ਪੁੱਤਰ ਨੂੰ ਜਾ ਕੇ ਕਿਵੇਂ ਦਸਾਂਗਾ ਕੇ ਤੇਰੀ ਮੰਮੀ ਨਹੀਂ ਉਸ ਦੀ ਮਿਰਤਕ ਦੇਹ ਲੈ ਕੇ ਆਇਆ ਹਾਂ।ਕੀ ਬੀਤੇਗੀ ਉਸ ਦੇ ਮਨ ਤੇ ਜਦੋਂ ਉਸ ਦਾ ਚਾਅ ਹੰਝੂ ਬਣ ਨੁਚੜੇਗਾ? ਪਿਛੇ ਵਾਲੇ ਬਚਿੱਆਂ ਨੂੰ ਕਿਵੇਂ ਖ਼ਬਰ ਕਰਾਂਗਾ ਜਿਨ੍ਹਾਂ ਕੋਲ ਹਾਲੇ ਫੋਨ ਵੀ ਨਹੀਂ ਜਾਂਦਾ? ਜਦੋਂ ਪਤਾ ਲਗੇਗਾ ਉਹਨਾਂ ਤੇ ਬਿਪਤਾ ਟੁੱਟ ਪਵੇਗੀ। ਇਸ ਦਾ ਪੋਤਰਾ ਹੁਣ ਇਸ ਨੂੰ ਮਿਲਣ ਲਈ ਹਮੇਸ਼ਾ ਹੀ ਵਿਲਕਦਾ ਰਹੇਗਾ। ਤੇ ਇਸ ਦੀ ਧੀ ਦੀ ਤਾਂ ਸੁਣ ਕੇ ਜਾਨ ਹੀ ਨਿਕਲ ਜਾਵੇਗੀ।ਅਜਿਹੇ ਕਈ ਸਵਾਲ ਮੇਰੇ ਅਗੋਂ ਦੀ ਨਿਕਲ ਗਏ। ਮੈਂ ਨਹੀਂ ਸੀ ਕਿਆਸਿਆ ਕਿ ਅਚਨਚੇਤ ਮੇਰੇ ਨਾਲ ਇਦਾਂ ਹੋਵੇਗਾ। ਮੈਨੂੰ ਇਸ ਹੋਣੀ ਤੋਂ ਭੱਜਣ ਦਾ ਕੋਈ ਰਾਹ ਨਹੀਂ ਸੀ ਮਿਲ ਰਿਹਾ। ਮਨ ਚਿਹਾੜ ਕੇ ਕਹਿ ਰਿਹਾ ਸੀ "ਕਾਸ਼! ਇਹ ਇਕ ਸੁਪਨਾ ਹੀ ਹੋਵੇ!"
        ਮੈਂ ਏਅਰ ਹੋਸਟੈਸ ਲਈ ਇਕ ਵਾਰ ਫਿਰ ਬਟਨ ਦਬਾਇਆ।ਉਸ ਨੇ ਆ ਕੇ ਸੇਵਾ ਪੁੱਛੀ। ਮੈਂ ਕਿਹਾ, "ਮੇਰੀ ਪਤਨੀ ਮਰ ਰਹੀ ਹੈ।ਇਸ ਨੂੰ ਹਾਰਟ ਅਟੈਕ ਹੋ ਗਿਆ ਹੈ। ਇਸ ਦਾ ਸ਼ਰੀਰ ਬਰਫ਼ ਬਣ ਗਿਆ ਹੈ। ਜਲਦੀ ਡਾਕਟਰ ਸਦੋ ਪਲੀਜ਼।" ਉਸ ਨੇ ਝੁਕ ਕੇ ਬੀਮਾਰ ਵਲ ਤਕਿਆ ਤੇ ਕਿਹਾ,"ਜਹਾਜ਼ ਵਿਚ ਤਾਂ ਕੋਈ ਡਾਕਟਰ ਨਹੀਂ ਹੈ।ਹਾਂ, ਮੈਂ ਅਨਾਉਂਸਮੈਂਟ ਕਰ ਦਿੰਦੀ ਹਾਂ। ਜੇ ਸਵਾਰੀਆਂ ਵਿਚ ਕੋਈ ਡਾਕਟਰ ਹੋਇਆ ਉਹ ਭਾਵੇਂ ਇਸ ਦੀ ਸਹਾਇਤਾ ਕਰ ਦੇਵੇ।" ਇੰਨਾ ਕਹਿ ਕੇ ਉਹ ਪਾਣੀ ਦਾ ਗਿਲਾਸ ਦੇ ਕੇ ਚਲੀ ਗਈ। ਮੈਂ ਸੋਚਿਆ ਅਜੀਬ ਫਸੇ। ਕੋਈ ਡਾਕਟਰ ਹੋਇਆ ਵੀ ਤਾਂ ਦਵਾਈ ਬੂਟੀ ਤੋਂ ਬਿਨਾ ਉਹ ਵੀ ਕੀ ਕਰੇਗਾ। ਹਵਾ ਵਿਚ ਲਟਕੇ ਹੋਏ ਹਾਂ। ਹੇਠਾਂ ਅਥਾਹ ਸਾਗਰ ਹੈ।ਪਿੱਛੇ ਮੁੜਨਾ ਅਸੰਭਵ ਹੈ। ਅੱਗੇ ਦਸ ਘੰਟੇ ਦਾ ਸਫ਼ਰ ਹੈ। ਜੇ ਹਾਲਾਂ ਇਹ ਜਿਉਂਦੀ ਹੋਈ ਵੀ ਤਾਂ ਕੁਝ ਮਿੰਟਾਂ ਤੋਂ ਵੱਧ ਸਮਾਂ ਨਹੀਂ ਕੱਢੇਗੀ। ਬੇਵਸੀ ਨਾਲ ਮੇਰਾ ਸ਼ਰੀਰ ਪਥਰਾ ਗਿਆ।
        ਪਲ ਦੀ ਪਲ ਮੇਰੇ ਗਮਗੀਨ ਮਨ ਤੇ ਇਕ ਪੁਰਾਣੀ ਯਾਦ ਉਭਰ ਆਈ। ਇਕ ਵਾਰ ਉਸ ਨੇ ਮੈਨੂੰ ਮਜ਼ਾਕ ਵਿਚ ਕਿਹਾ ਸੀ,"ਬੈਠੇ ਬਿਠਾਇਆਂ ਨੂੰ ਦਸ 2 ਵਾਰ ਚਾਹ ਦਿੰਨੀ ਆਂ।ਜੂਠਾ ਕੱਪ ਚੁਕਦੀ ਆਂ। ਜਿਸ ਦਿਨ ਮਰ ਗਈ ਤਾਂ ਕੀ ਕਰੋਗੇ?" ਮੈਂ ਉੱਤਰ ਦਿਤਾ ਸੀ,"ਮੈਂ ਤੈਨੂੰ ਮਰਨ ਹੀ ਨਹੀਂ ਦਿਆਂਗਾ।" ਉਹ ਬੋਲੀ ਸੀ,"ਮੌਤ ਦੇ ਫਰਿਸ਼ਤੇ ਅਗੇ ਕੀ ਟੰਗ ਅੜਾਓਗੇ? ਉਸ ਨੇ ਲਿਜਾਣ ਲੱਗਿਆਂ ਤੁਹਾਨੂੰ ਪੁੱਛਣਾ ਵੀ ਨਹੀਂ।" ਮੈ ਆਪਣੇ ਇਲਮ ਤੇ ਮਾਣ ਕਰਦਿਆਂ ਕਿਹਾ ਸੀ, "ਮੈਂ ਉਸ ਤੇ ਅਜਿਹਾ ਬਾਣ ਚਲਾਵਾਂਗਾ ਕਿ ਦਿਨੇ ਤਾਰੇ ਦਿਖਾ ਦਿਆਂਗਾ।ਉਹ ਡਰ ਨਾਲ ਤੈਨੂੰ ਛੱਡ ਕੇ ਭੱਜ ਜਾਵੇਗਾ।" ਮੈਂ ਠੰਡਾ ਸਾਹ ਲੈ ਕੇ ਸੋਚਿਆ, "ਅੱਜ ਮੌਤ ਦੇ ਫ਼ਰਿਸ਼ਤੇ ਨੇ ਮੇਰੇ ਨਾਲ ਕਪਟ ਖੇਡਿਆ ਹੈ।ਮੈਨੂੰ ਨਿੱਹਥਾ ਕਰ ਕੇੇ ਧੋਖੇ ਨਾਲ ਮੇਰੀ ਪਤਨੀ ਤੇ ਵਾਰ ਕੀਤਾ ਹੈ। ਕਾਸ਼! ਮੇਰੀ ਪਤਨੀ ਨੇ ਮੇਰੇ ਤਰਕਸ਼ ਜੰਡ ਤੇ ਟੰਗ ਕੇ ਖ਼ੁਦ ਹੀ ਆਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਨਾ ਪਾਇਆ ਹੁੰਦਾ!" 
        ਸੋਚਾਂ ਵਿਚ ਡੁੱਬੇ ਨੇ ਮੈਂ ਇਕ ਵਾਰ ਫਿਰ ਉਸ ਦੀ ਹਾਲਤ ਤੇ ਨਜ਼ਰ ਮਾਰੀ।ਉਸ ਦੀ ਹਾਲਤ ਨਿੱਘਰਦੀ ਜਾ ਰਹੀ ਸੀ।ਪਸੀਨਾ ਤੇ ਪਿੱਲਤਣ ਵਧ ਰਹੇ ਸਨ।ਚਿਹਰੇ ਦੇ ਨਕਸ਼ ਡਰਾਵਣੇ ਹੋ ਗਏ ਸਨ। ਉਸ ਦੇ ਸ਼ਰੀਰ ਦੇ ਕਿਸੇ ਹਿੱਸੇ ਵਿਚ ਜਾਨ ਦੇ ਆਸਾਰ ਨਹੀਂੇ ਸਨ। ਅਸੀਂ ਹੋਮਿਓਪੈਥ ਬੀਮਾਰ ਦੀਆਂ ਅਲਾਮਤਾਂ ਦੇਖ ਕੇ ਹੀ ਦਵਾਈ ਪਛਾਣ ਲੈਂਦੇ ਹਾਂ ਬੀਮਾਰੀ ਦੇ ਨਾਂ ਪਿੱਛੇ ਨਹੀਂ ਭਜਦੇ। ਅਚਨਚੇਤ ਬੇਹੋਸ਼ੀ, ਠੰਡਾ ਪਸੀਨਾ, ਗ਼ਾਇਬ ਨਬਜ਼, ਜ਼ਰਦ ਭਾਅ, ਬਦਲੇ ਨਕਸ਼ ਆਦਿ ਸਭ ਫ਼ੌਰੀ ਨਿਘਾਰ (ਸ਼ੁਦਦੲਨ ਛੋਲਲੳਪਸੲ) ਦੀਆਂ ਨਿਸ਼ਾਨੀਆਂ ਸਨ।ਇਨ੍ਹਾਂ ਨੂੰ ਪਰਖ਼ ਕੇ ਮੈਂ ਤੱਕੜੀ-ਵੱਟ ਵਹੀਣ ਬਾਣੀਏਂ ਵਾਂਗ ਸੋਚਿਆ, "ਜੇ ਅੱਜ ਮੇਰਾ ਡੱਬਾ ਮੇਰੇ ਕੋਲ ਹੁੰਦਾ ਤਾਂ ਮੈਂ ਹੁਣੇ ਇਸ ਨੂੰ "ਵ" ਅੱਖਰ ਨਾਲ ਸ਼ੁਰੂ ਹੋਣ ਵਾਲੀ ਇਹ ਦਵਾਈ ਦੇ ਕੇ ਬਚਾ ਲੈਣਾ ਸੀ।" ਇਸ ਪਛਤਾਵੇ ਦੀ ਤਿੱਖੀ ਹੂਕ ਨੇ ਮੇਰੇ ਦਿਮਾਗ ਦਾ ਇਕ ਬੰਦ ਕਿਵਾੜ ਖੋਲ੍ਹ ਦਿਤਾ।ਮੈਨੂੰ ਲਿਫ਼ਾਫੇ ਵਿਚ ਪਾ ਕੇ ਲਿਆਂਦੀਆਂ ਦਵਾਈਆਂ ਦਾ ਚੇਤਾ ਆਇਆ। "ਸ਼ਾਇਦ ਇਹ ਦਵਾਈ ਨਾਲ ਪਾ ਲਿਆਇਆ ਹੋਵਾਂ।" ਇਹ ਸੋਚ ਕੇ ਮੈਂ ਝੱਟ ਉੱਪਰ ਪਏ ਬੈਗ ਵਲ ਲਪਕਿਆ ਤੇ ਇਸ ਦੀ ਜੇਬ ਵਿਚੋਂ ਲਿਫ਼ਾਫਾ ਕੱਢਿਆ। ਦਵਾਈ ਲੱਭਣ ਵਿਚ ਮੈਨੂੰ ਦੇਰ ਨਾ ਲਗੀ। "ਵ" ਅੱਖਰ ਨਾਲ ਸ਼ੁਰੂ ਹੋਣ ਕਰਕੇ ਇਹ ਸਭ ਤੋਂ ਅਖੀਰਲੀ ਦਵਾਈ ਸੀ ਤੇ ਸਭ ਤੋਂ ਉਤੇ ਲੇਟਵੀਂ ਕਤਾਰ ਵਿਚ ਹੀ ਪਈ ਮਿਲ ਗਈ।
        ਅਪਾਰ ਖ਼ੁਸ਼ੀ ਨਾਲ ਮੈਨੂੰ ਲਗਿਆ ਜਿਵੇਂ ਮੇਰਾ ਤਰਕਸ਼ ਮੈਨੂੰ ਮਿਲ ਗਿਆ ਹੋਵੇ। ਮੈਂ ਸੋਚਿਆ ਕਿ ਜੇ ਮੇਰੀ ਪਤਨੀ ਹਾਲੇ ਜਿਉਂਦੀ ਹੋਈ ਤਾਂ ਹੁਣ ਮਰਨ ਨਹੀਂ ਦਿਆਂਗਾ। ਮੈਂ ਤੁਰੰਤ ਸ਼ੀਸ਼ੀ ਵਿਚੋਂ ਦਵਾਈ ਦੀ ਇਕ ਖ਼ੁਰਾਕ ਕੱਢੀ ਤੇ ਉਸ ਦਾ ਹੇਠਲਾ ਬੁਲ੍ਹ ਖਿੱਚ ਕੇ ਅੰਦਰ ਝਾੜ ਦਿਤੀ। ਉਤੋਂ ਪੰਜ ਸਤ ਬੁੰਦਾਂ ਪਾਣੀ ਦੀਆਂ ਪਾ ਦਿਤੀਆਂ ਤਾਂ ਜੋ ਇਹ ਮੂੰਹ ਵਿਚ ਫੈਲ ਕੇ ਸਭ ਪਾਸੇ ਲਗ ਜਾਵੇ। ਹੰਗਾਮੀ ਹਾਲਤ ਵਿਚ ਹੋਮਿਓਪੈਥੀ ਦੀ ਖ਼ੁਰਾਕ ਪੰਜ 2 ਮਿੰਟਾਂ ਬਾਦ ਵੀ ਦਿਤੀ ਜਾ ਸਕਦੀ ਹੈ। ਇਸ ਲਈ ਪੰਜਾਂ ਮਿੰਟਾਂ ਬਾਦ ਮੈਂ ਉਸ ਨੂੰ ਇਕ ਹੋਰ ਖ਼ੁਰਾਕ ਉਵੇਂ ਦੇ ਦਿਤੀ। ਇੰਨੇ ਵਿਚ ਏਅਰ ਹੋਸਟੈਸ ਆਈ ਤੇ ਉਸ ਨੇ ਦਸਿਆ ਕਿ ਜਹਾਜ਼ ਚੋਂ ਕਿਸੇ ਦੇ ਡਾਕਟਰ ਹੋਣ ਦਾ ਕੋਈ ਹੁੰਘਾਰਾ ਨਹੀਂ ਆਇਆ। ਉਸ ਨੇ ਸੁਝਾ ਦਿਤਾ ਕਿ ਮਰੀਜ਼ ਨੂੰ ਸੀਟ ਤੋਂ ਲਾਹ ਕੇ ਹੇਠਾਂ ਪਾ ਦਿਤਾ ਜਾਵੇ। ਲਿਹਾਜ਼ਾ ਅਸੀਂ ਦੋਹਾਂ ਨੇ ਚੁੱਕ ਕੇ ਉਸ ਨੂੰ ਐਮਰਜੈਂਸੀ ਗੇਟ ਅਗੇ ਪਈ ਖਾਲੀ ਥਾਂ ਤੇ ਲਿਟਾ ਦਿਤਾ ਤੇ ਜਹਾਜ਼ ਵਾਲਾ ਕੰਬਲ ਉਤੇ ਪਾ ਦਿਤਾ। "ਭੂੰਇੰਏਂ ਲਾਹੁਣ" ਵਰਗੀ ਕਿਿਰਆ ਦੇਖ ਕੇ ਮੇਰਾ ਗੱਚ ਭਰ ਆਇਆ।
        ਹੋਸਟੈਸ ਲੜਕੀ ਤੇ ਮੈਂ ਉਸ ਦੇ ਕੋਲ ਹੀ ਬੈਠ ਗਏ। ਉਹ ਉਸ ਦੇ ਪੈਰ ਮਲਦੀ ਰਹੀ।ਮੈਂ ਜੇਬ ਚੋਂ ਕੱਢ ਕੇ ਦਵਾਈ ਦੀ ਤੀਜੀ ਖ਼ੁਰਾਕ ਉਸ ਦੇ ਬੁਲ੍ਹ ਅੰਦਰ ਪਾ ਦਿਤੀ। ਮੇਰੀ ਉਮੀਦ ਕੱਚੇ ਧਾਗੇ ਤੇ ਲਟਕ ਰਹੀ ਸੀ। ਹੱਥ ਤੇ ਹੱਥ ਧਰੀ ਬੈਠੇ ਦੇ ਮੇਰੇ ਮਨ ਵਿਚ ਕਈ ਉਤਾਰ ਚੜਾਅ ਆ ਰਹੇ ਸਨ। ਮਨ ਨਾਲ ਕੌਲ ਕਰ ਰਿਹਾ ਸਾਂ ਕਿ ਇਕ ਵਾਰ ਜੀਵਤ ਹੋ ਜਾਵੇ ਸਹੀ, ਇਸ ਦੀ ਕਿਸੇ ਹਰ ਰੀਝ ਪੂਰੀ ਕਰਾਂਗਾ।ਜਿੰਦਗੀ ਦੇ ਉਸ ਪੜਾਅ ਤੇ ਖੜੇ ਨੂੰ ਜੀਵਨ ਦੇ ਸਭ ਤਕਰਾਰ ਅਤੇ ਹਉਮੈ-ਗ੍ਰਸਤ ਵਿਵਹਾਰ ਨਿਰਾਰਥਕ ਜਾਪ ਰਹੇ ਸਨ।ਜਿੰਦਗੀ ਦੀ ਤੁੱਛਤਾ ਤੇ ਇਸ ਦੀ ਮੌਤ ਨਾਲ ਗੂਹੜੀ ਨੇੜਤਾ ਸਾਫ ਨਜ਼ਰ ਆ ਰਹੀ ਸੀ।ਖਿਡੌਣੇ ਵਾਂਗ ਟੁੱਟ ਜਾਣ ਵਾਲੇ ਇਸ ਸੰਸਾਰ ਉਤੇ ਪੱਕੀ ਟੇਕ ਲਾਉਣ ਦੀ ਮੂਰਖ਼ਤਾ ਤੇ ਅਫ਼ਸੋਸ ਹੋ ਰਿਹਾ ਸੀ। ਇਕ ਨਵਾਂ ਅਨੁਭਵ ਕਿਸੇ ਪੂਰਵ-ਗਿਆਨ ਦੀ ਪ੍ਰੋੜਤਾ ਕਰ ਰਿਹਾ ਸੀ।
        ਵਿਚਾਰਾਂ ਦੀਆਂ ਢਾਹਾਂ ਭੰਨਾਂ ਵਿਚ ਪਤਾ ਨਾ ਚਲਿਆ ਕਦਂੋ ਦਸ ਮਿੰਟ ਨਿਕਲ ਗਏ।ਮੈਂ ਤ੍ਰਭਕ ਕੇ ਉਠਿਆ ਤੇ ਸਹਿਮ ਨਾਲ ਉਸ ਦੇ ਮੱਥੇ ਤੇ ਹੱਥ ਫੇਰਿਆ।ਮੱਥਾ ਖ਼ੁਸ਼ਕ ਸੀ ਪਰ ਗਰਮ ਨਹੀਂ ਸੀ। ਮੈਂ ਸੋਚਿਆ ਜਾਂ ਤਾਂ ਪੂਰੀ ਹੋ ਚੁਕੀ ਹੈ ਤੇ ਜਾਂ ਬਚ ਗਈ ਹੈ। ਉਤਸੁਕਤਾ ਨਾਲ ਨਬਜ਼ ਟੋਹਣ ਲਈ ਮੈਂ ਉਸ ਦੀ ਕਲਾਈ ਵੜੀ। ਬਾਂਹ ਵੀ ਸੁੱਕੀ ਸੀ ਪਰ ਨਬਜ਼ ਕਿਤੇ ਦਿਖਾਈ ਨਹੀਂ ਸੀ ਦੇ ਰਹੀ। ਮੈਂ ਜੋਰ ਲਗਾ ਕੇ ਉਂਗਲਾਂ ਇੱਧਰ ੳੱੁਧਰ ਖੁਭੋਈਆਂ। ਕਾਫੀ ਕੋਸ਼ਿਸ਼ ਬਾਦ ਮੈਨੂੰ ਬੜੀ ਡੂੰਘਾਈ ਤੋਂ ਇਕ ਮੱਧਮ ਜਿਹੀ ਟੱਸ ਮਹਿਸੂਸ ਹੋਈ ਜੋ ਨਾਲ ਦੀ ਨਾਲ ਗ਼ਾਇਬ ਹੋ ਗਈ। ਕੰਬਦੇੇ ਹੱਥੀਂ ਕੰਬਲ ਲਾਹ ਕੇ ਚੇਹਰਾ ਵੇਖਿਆ। ਚਿਹਰਾ ਪੀਲੇ ਦੀ ਥਾਂ ਘਸਮੈਲਾ ਜਿਹਾ ਹੋ ਗਿਆ ਸੀ। ਕੋਲ ਹੋ ਕੇ ਮੈਂ ਉਸ ਨੂੰ ਉਸ ਦੇ ਨਾਂ ਨਾਲ ਬੁਲਾਇਆ।ਦੁਬਾਰਾ ਜੋਰ ਨਾਲ ਬੁਲਾਇਆ। ਜਵਾਬ ਵਿਚ ਉਸ ਦੇ ਬੁਲ੍ਹ ਫਰਫਰਾਏ। ਫਿਰ ਬੁਲਾਇਆ। ਉਸ ਨੇ ਹਵਾ ਦੀ ਰੁਮਕ ਵਾਂਗ ਉੱਤਰ ਦਿਤਾ "ਹਾਂ ਜੀ"।
        ਮੇਰੇ ਮਨ ਨੇ ਆਕਾਸ਼ ਜਿੰਨੀ ਉੱਚੀ ਛਾਲ ਮਾਰੀ ਤੇ ਜਿਵੇਂ ਕਹਿ ਰਿਹਾ ਹੋਵੇ "ਹੁਰੇਰੇਰੇਰੇ....।" ਮੈਂ ਸੱਚ ਮੁਚ ਮੌਤ ਦਾ ਫਰਿਸ਼ਤਾ ਪ੍ਰਾਜਿਤ ਕਰ ਕੇ ਭਜਾ ਦਿਤਾ ਸੀ ਤੇ ਉਸ ਕੋਲੋਂ ਆਪਣੀ ਪਤਨੀ ਛੁਡਾ ਲਈ ਸੀ। ਮੈਂ ਂਉਸ ਨੂੰ ਮੌਤ ਦੇ ਮੂੰ੍ਹਹ ਚੋਂ ਕੱਢ ਕੇ ਆਪਣਾ ਬਚਨ ਪੂਰਾ ਕਰ ਲਿਆ ਸੀ। ਮੈਂ ਹੋਸਟੈਸ ਲੜਕੀ ਨੂੰ ਦਸਿਆ, "ਹੁਣ ਇਹ ਓਕੇ ਹੈ।" ਉਹ ਵੀ ਖ਼ੁਸ਼ੀ ਨਾਲ ਮੁਸਕੁਰਾਈ। ਮੇਰੇ ਗਮ ਦੇ ਬੱਦਲ ਉਡ ਗਏ।ਚੜ੍ਹਦੀ ਕਲਾ ਵਿਚ ਮੇਰੀ ਖ਼ੁਸ਼ੀ ਦੁਹਰੀ ਚੌਹਰੀ ਹੋ ਗਈ। ਭਵਿਖ ਬਾਰੇ ਮੈ ਫਿਰ ਹਾਂ-ਪੱਖੀੇ ਰੌਂਅ ਵਿਚ ਸੋਚਣ ਲਗਿਆ। ਕੁਝ ਦੇਰ ਬਾਦ ਹੋਸਟੈਸ ਨੇ ਕਿਹਾ ਕਿ ਜੇ ਇਹ ਠੀਕ ਹੈ ਤਾਂ ਸੀਟ ਤੇ ਬਿਠਾ ਦੇਈਏ। ਅਸੀਂ ਸਹਾਰਾ ਦੇ ਕੇ ਉਸ ਨੂੰ ਖੜਾ ਕੀਤਾ ਤੇ ਵਾਪਸ ਸੀਟ ਤੇ ਲੈ ਗਏ।ਕੁਦਰਤ ਨੇ ਇਕ ਘੰਟੇ ਵਿਚ ਹੀ ਕੀ ਕੀ ਰੰਗ ਵਿਖਾ ਦਿਤੇ ਸਨ। ਇਸ ਅਲੌਕਿਕ ਅਵਸਥਾ ਵਿਚ ਮੈਨੂੰ ਮੁਕੇਸ਼ ਦੇ ਗਾਏ ਬੋਲ ਇਉਂ ਯਾਦ ਆ ਗਏੇ, "ਹੋ ਗਏ ਦੋ ਰੋਜ਼ ਮੇਂ ਬਰਬਾਦ ਭੀ ਆਬਾਦ ਭੀ।"
        ਹੋਸਟੈਸ ਨੇ ਮੇਰੀ ਪਤਨੀ ਨੂੰ ਦੁੱਧ ਵਾਲੀ ਗਰਮ ਚਾਹ ਲਿਆ ਕੇ ਪਿਲਾਈ। ਜਦੋਂ ਉਹ ਕੰਡੇ ਤੇ ਹੋ ਗਈ ਤਾਂ ਮੈਂ ਉਸ ਨੂੰ ਪੁਛਿੱਆ ਕਿ ਤੈਨੂੰ ਕੀ ਹੋਇਆ ਸੀ। ਉਸ ਨੇ ਦਸਿਆ ਕਿ ਨੀਂਦ ਵਿਚ ਪਹਿਲਾਂ ਉਸ ਦਾ ਕੱਚਾ ਜੀਅ ਹੋਇਆ। ਇਹ ਸੋਚ ਕੇ ਕਿ ਖਾਣ ਪੀਣ ਦੀ ਖਰਾਬੀ ਹੋਣੀ ਐ, ਉਸ ਨੇ ਪਲਸਾਟਿਲਾ ਦਵਾਈ ਕੱਢਣ ਲਈ ਪਰਸ ਖੋਹਲਿਆ। ਸ਼ੀਸ਼ੀ ਲੱਭ ਤਾਂ ਲਈ ਪਰ ਚੁੱਕੀ ਨਾ ਗਈ। ਇਕ ਦਮ ਭਾਰ ਜਿਹਾ ਪੈ ਕੇ ਦਿਲ ਘਟ ਗਿਆ ਤੇ ਤਾਕਤ ਚਲੀ ਗਈ। ਉਸ ਨੇ ਮੈਨੂੰ ਜਗਾਉਣਾ ਚਾਹਿਆ ਪਰ ਉਸ ਦੀ ਕਮਜ਼ੋਰ ਆਵਾਜ਼ ਮੇਰੇ ਤੀਕਰ ਨਾ ਪਹੁੰਚ ਸਕੀ। ਫਿਰ ਉਸ ਨੇ ਹੱਥ ਨਾਲ ਖਿੱਚ ਕੇ ਉਠਾਉੁਣ ਦੀ ਕੋਸ਼ਿਸ਼ ਕੀਤੀ ਜੋ ਨਾਕਾਮਯਾਬ ਰਹੀ।ਇਸ ਤੋਂ ਬਾਦ ਉਸ ਨੂੰ ਕੁਝ ਪਤਾ ਨਾ ਰਿਹਾ। ਮੇਰੇ ਬਾਰ 2 ਪੁੱਛਣ ਤੇ ਵੀ ਉਹ ਮੈਨੂੰ ਆਪਣੇ ਗਵਾਚੇ ਪਲਾਂ ਬਾਰੇ ਕੁਝ ਨਾ ਦੱਸ ਸਕੀ। ਮੈਂ ਉਸ ਨੂੰ ਢਾਰਸ ਦੇਂਦਿਆਂ ਕਿਹਾ,"ਕੋਈ ਗੱਲ ਨਹੀਂ। ਤੂੰ ਮੈਂਨੂੰ ਠੀਕ ਸਮੇਂ ਤੇ ਜਗਾ ਦਿਤਾ ਸੀ ਤੇ ਮੈਂ ਤੈਨੂੰ ਜਿਦਾਂ ਕਿਦਾਂ ਸੰਭਾਲ ਲਿਆ ਸੀ। ਹੁਣ ਤੂੰ ਬਿਲਕੁਲ ਠੀਕ ਹੈਂ। ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ।" ਫਿਰ ਮੈਂ ਉਸ ਨੂੰ ਸਾਰੀ ਕਹਾਣੀ ਸੁਣਾਈ। ਪੂਰੀ ਗੱਲ ਸੁਣ ਕੇ ਮੇਰੀ ਪਤਨੀ ਨੇ ਸ਼ੁਕਰਾਨੇ ਵਜੋਂ ਮੇਰਾ ਹੱਥ ਘੁਟ ਲਿਆ। ਉਸ ਨੇ ਪਲਸਾਟਿਲਾ ਦੀ ਸ਼ੀਸ਼ੀ ਕੱਢ ਕੇ ਮੈਨੂੰ ਦੇ ਦਿਤੀ ਤੇ "ਵ" ਅੱਖਰ ਵਾਲੀ ਦਵਾਈ ਮੈਥੋਂ ਲੈ ਕੇ ਆਪਣੇ ਪਰਸ ਰੱਖ ਲਈ। ਇਹ ਹਾਲੇ ਤੀਕਰ ਉਥੇ ਹੀ ਪਈ ਹੈ। 
        ਪਟਿਆਲੇ ਪਹੁੰਚ ਕੇ ਸਭ ਬਚਿੱਆਂ ਦੇ ਕਹਿਣ ਤੇ ਅਸੀਂ ਰਾਜਿੰਦਰਾ ਹਸਪਤਾਲ ਵਿਚ ਚੈਕ ਕਰਵਾਇਆ। ਸਾਰੀ ਗੱਲ ਸੁਣ ਕੇ ਡਾਕਟਰ ਨੇ ਦਸਿਆ ਕਿ ਇਹ ਮੇਜਰ ਹਾਰਟ ਅਟੈਕ ਸੀ। ਨੀਂਦ ਵਿਚ ਆਵੇ ਤਾਂ ਬੰਦਾ ਸੁੱਤਾ ਹੀ ਰਹਿ ਜਾਂਦਾ ਹੈ। ਸੁਣ ਕੇ ਮੇਰੀ ਪਤਨੀ ਘਬਰਾ ਗਈ ਕਿ ਕਿਤੇ ਫਿਰ ਨਾ ਆ ਜਾਵੇ। ਘਰ ਜਾ ਕੇ ਉਸ ਨੇ ਜੋਤਸ਼ੀ ਦੀ ਸਲਾਹ ਲੈਣ ਦੀ ਜਿੱਦ ਫੜ ਲਈ।ਅਸੀਂ ਉਸ ਦੀ ਜਨਮ-ਪੱਤਰੀ ਲੈ ਕੇ ਮੇਰੇ ਪੁਰਾਣੇ ਸਹਿਕਰਮੀ ਪ੍ਰੋ: ਐੱਨ ਕੇ  ਤ੍ਰਿਪਾਠੀ, ਜੋ ਮਹਿੰਦਰਾ ਕਾਲਜ ਦੇ ਸੰਸਕ੍ਰਿਤ ਦੇ ਰਿਟਾਇਰ ਪ੍ਰੋਫੈਸਰ ਸਨ ਤੇ ਜੋਤਿਸ਼ ਇਲਮ ਦੇ ਧਨੀ ਸਨ, ਕੋਲ ਚਲੇ ਗਏ । ਬਹੁਤ ਹੀ ਘਟ ਬੋਲਣ ਵਾਲੇ ਤ੍ਰਿਪਾਠੀ ਸਹਿਬ ਨੂੰ ਕੁੰਡਲੀ ਵੇਖ ਕੇ ਅਚੰਭਾ ਹੋਇਆ ਕਿ ਜਾਤਕ "ਜੀਵਿਤ" ਹੈ।ਪੁੱਛਣ ਤੇ ਉਹਨਾਂ ਕਿਹਾ,"ਇਹਨਾਂ ਤੇ ਜੂਨ ਵਿਚ ਸ਼ਨੀ ਦੀ ਮਹਾ ਦਸ਼ਾ ਵਿਚ ਰਾਹੂ ਦੀ ਅੰਤਰਦਸ਼ਾ ਸੀ।ਉਸੇ ਵੇਲੇ ਗੋਚਰ ਦਾ ਸ਼ਨੀ ਖੁਦ ਮੰਗਲ ਨਾਲ ਅੱਠਵੇਂ ਚੋਂ ਗੁਜਰ ਰਿਹਾ ਸੀ। ਕੁੰਡਲੀ ਵਿਚ ਅੱਠਵਾਂ ਘਰ ਪਹਿਲ਼ਾਂ ਹੀ ਮੰਗਲ ਦੀ ਚੌਥੀ ਦ੍ਰਿਸ਼ਟੀ ਵਿਚ ਸੀ।ਕਸ਼ਟ ਘਾਤਕ ਸੀ।" ਮੇਰੀ ਪਤਨੀ ਦੇ ਹੋਰ ਪੁੱਛਣ ਤੇ ਉਹਨਾਂ ਦਸਿਆ ਕਿ ਰਾਹੂ ਤੋਂ ਧੋਖਾ, ਘੁਸਪੈਠ ਤੇ ਅਚਨਚੇਤੀ ਹਮਲਾ; ਮੰਗਲ ਤੋਂ ਰਕਤ-ਦਬਾਵ, ਖੁਨ-ਸੰਚਾਰ ਤੇ ਦਿਲ ਦਾ ਦੌਰਾ ਅਤੇ ਸ਼ਨੀ ਤੋਂ ਲੋਹ-ਧਾਤ, ਹਨੇਰਾ, ਪ੍ਰਦੇੇਸ਼ ਤੇ ਸਫਰ ਦੇ ਚਿੰਨ ਸਪਸ਼ਟ ਹੁੰਦੇ ਹਨ।ਇਹਨਾਂ ਤੱਤਾਂ ਅਨੁਸਾਰ ਵਿਦੇਸ਼ ਦੇ ਸਫ਼ਰ ਦੌਰਾਨ ਰਾਤ ਦੇ ਹਨੇਰੇ ਵਿਚ, ਜਾਂ ਗੂਹੜੀ ਨੀਂਦ ਵਿਚ ਕਿਸੇ ਫ਼ਰੇਬੀ ਚਾਲ ਨਾਲ ਗੋਲੀ ਜਾਂ ਛੁਰੇ ਦਾ ਘਾਤਕ ਵਾਰ ਜਾਂ ਅਚਨਚੇਤ ਖ਼ੂਨੀ ਸੜਕ ਦੁਰਘਟਨਾ ਜਾਂ ਅਚਾਨਕ ਦਿਲ ਦਾ ਦੌਰਾ ਜਾਂ ਬ੍ਰੇਨ-ਹੈਮਰੇਜ਼ ਆਦਿ ਦੇ ਸੰਕੇਤ ਸਨ। ਉਹਨਾਂ ਕਿਹਾ," ਪਰ ਹੁਣ ਸਭ ਕੁਝ ਟਲ ਚੱੁਕਾ ਹੈ।" ਜੋਤਿਸ਼ ਦੇ ਪਖੰਡ ਹੋਣ ਬਾਰੇ ਮੇਰੀ ਪੱਕੀ ਧਾਰਨਾ ਕੱਚ ਵਾਂਗ ਤਿੜਕ ਗਈ।
        ਕਸ਼ਟ ਦੇ ਬੱਦਲ ਤਾਂ ਜਿਵੇਂ ਕਿਵੇਂ ਬਿਖਰ ਗਏ ਪਰ ਇਹ ਘਟਨਾ ਮੇਰੇ ਲਈ ਕਈ ਸਦੀਵੀ ਅੜਾਉਣੀਆਂ ਪਾ ਗਈ। ਹੁਣ ਮੈਂ ਬਾਰ ਬਾਰ ਸੋਚਦਾ ਹਾਂ ਕਿ ਇਹ ਕੀ ਵਿਡੰਬਨਾ ਹੈ ਕਿ ਇਕ ਪਾਸੇ ਤਾਂ ਕੁਦਰਤ ਨੇ ਮੇਰੀ ਪਤਨੀ ਨੂੰ ਮਾਰਨ ਲਈ ਦਵਾਈਆਂ ਦਾ ਡੱਬਾ ਘਰੇ ਰਖਵਾ ਕੇ ਸਭ ਸਹੂਲਤਾਂ ਤੋਂ ਵਾਂਝੀ ਹਵਾਈ ਜਹਾਜ਼ ਵਰਗੀ ਅਪਹੁੰਚ ਥਾਂ ਚੁਣੀ ਤੇ ਦੂਜੇ ਪਾਸੇ ਲੋੜੀਂਦੀਆਂ ਦਵਾਈਆਂ ਨਾਲ ਚੁੱਕ ਲੈਣ ਦੀ ਉੱਕਤ ਦੇ ਕੇ ਉਸ ਨੂੰ ਸਮੇਂ ਸਿਰ ਬਚਵਾ ਵੀ ਲਿਆ? ਮੇਰੀ ਸਮਝ ਵਿਚ ਨਹੀਂ ਆਉੰਦਾ ਕਿ ਕੀ ਕੁਦਰਤ ਤੋਂ ਉਤੇ ਵੀ ਕੋਈ ਹੋਰ ਕੁਦਰਤ ਹੈ ਜੋ ਇਸ ਕੁਦਰਤ ਦੀਆਂ ਵਿਊਂਤਾਂ ਵਿਚ ਰੱਦੋ-ਬਦਲ ਕਰਨ ਦੀ ਸਮਰਥਾਂ ਰਖਦੀ ਹੈ? ਜੇ ਕੁਦਰਤ ਇਕ ਹੀ ਹੈ ਤਾਂ ਫਿਰ ਕੀ ਇਹ ਵੀ ਆਮ ਇਨਸਾਨਾਂ ਵਾਂਗ ਆਪਣੇ ਫੈਸਲਿਆਂ ਵਿਚ ਫੇਰ-ਬਦਲ ਕਰਦੀ ਰਹਿੰਦੀ ਹੈ? ਅਤੇ ਕੀ ਦਵਾ-ਦਾਰੂ ਰਾਹੀਂ ਵੀ ਅਟੱਲ ਸਮਝੀਆਂ ਜਾਣ ਵਾਲੀਆਂ ਕੁਦਰਤੀ ਹੋਣੀਆਂ ਨੂੰ ਟਾਲਿਆ ਸਕਦਾ ਹੈ? ਇਹਨਾਂ ਪ੍ਰਸਨਾਂ ਦੇ ਅੰਧਵਿਸ਼ਵਾਸ-ਰਹਿਤ ਉੱਤਰ ਮੈਂ ਹਾਲੇ ਤੀਕਰ ਭਾਲ ਰਿਹਾ ਹਾਂ।

No comments:

Post a Comment