Jit Jamme Rajaan

                                                   ਜਿਤੁ ਜੰਮਹਿ ਰਾਜਾਨ

        ਨਵੰਬਰ 2010 ਵਿਚ ਜਦੋਂ ਹੋਮਿਓਪੈਥਿਕ ਗ੍ਰੰਥ ਆਰਗੈਨਨ ਦੀ 200 ਵੀਂ ਵਰੇ੍ਹ-ਗੰਢ ਦੇ ਉਪਲਕਸ਼ ਵਿਚ ਪੰਜਾਬ ਟਾਈਮਜ਼ 'ਚ ਮੇਰਾ ਲੇਖ "ਹੱਥ ਦੀ ਸਫਾਈ" ਛਪਿਆ, ਤਾਂ ਮੈਂਨੂੰ ਸਾਰੇ ਉੱਤਰੀ ਅਮਰੀਕਾ ਚੋਂ ਬਹੁਤ ਸਾਰੇ ਸ਼ਲਾਘਾਮਈ ਅਤੇ ਦਰਿਆਫ਼ਤੀ ਸੁਨੇਹੇ ਆਏ।ਇਹਨਾਂ ਵਿਚੋਂ ਕਈ ਈ-ਮੇਲਜ਼ ਵਿਚ ਬੀਬੀਆਂ ਨੇ ਪੁਛਿੱਆ ਸੀ ਕਿ ਕੀ ਹੋਮਿਓਪੈਥੀ ਵਿਚ ਬਾਂਝਪਣ ਦੀ ਵੀ ਕੋਈ ਦਵਾਈ ਹੈ।ਮੈਂ ਉਹਨਾਂ ਨੂੰ ਲਿਿਖਆ ਕਿ ਇਸ ਸਿਸਟਮ ਵਿਚ ਕਿਸੇ ਬਿਮਾਰੀ ਦੀ ਕੋਈ ਦਵਾਈ ਨਹੀਂ ਹੁੰਦੀ, ਕੇਵਲ ਬਿਮਾਰਾਂ ਦਾ ਇਲਾਜ਼ ਹੁੰਦਾ ਹੈ।ਕਈ ਬੀਬੀਆਂ ਨੇ ਫਿਰ ਪੁਛਿੱਆ ਕਿ ਉਹਨਾਂ ਨੂੰ ਇਸ ਘੁੰਡੀ ਦੀ ਸਮਝ ਨਹੀਂ ਪਈ ਕਿ ਬਿਮਾਰੀ ਦਾ ਇਲਾਜ਼ ਕੀਤੇ ਬਿਨਾਂ ਬੀਮਾਰ ਕਿਵੇਂ ਠੀਕ ਹੋ ਸਕਦਾ ਹੈ।

        ਮੈਨੂੰ ਲਗਿਆ ਕਿ ਮੇਰਾ ਜਵਾਬ ਤਾਂ ਸਹੀ ਸੀ ਪਰ ਬੀਬੀਆਂ ਸ਼ਾਇਦ ਇਸ ਨੂੰ ਐਲੋਪੈਥਿਕ ਦ੍ਰਿਸ਼ਟੀਕੋਣ ਤੋਂ ਵੇਖ ਰਹੀਆਂ ਸਨ।ਹੋਮਿਓਪੈਥੀ ਦੇ ਨਵੀਨ ਤੇ ਵਿਸ਼ਾਲ ਜਗਤ ਨਾਲ ਜਾਣ-ਪਛਾਣ ਬਿਨਾਂ ਇਸ ਨੂੰ ਸਮਝਣਾ ਥੋੜਾ ਮੁਸ਼ਕਿਲ ਸੀ।ਦਰਅਸਲ ਇਸ ਵਿਡੰਬਨਾ ਪਿੱਛੇ ਹੋਮਿਓਪੈਥੀ ਦਾ ਉਹ ਭੇਦ ਛੁਪਿਆ ਹੋਇਆ ਹੈ ਜਿਸ ਨਾਲ ਇਸ ਪ੍ਰਣਾਲੀ ਦੀ ਇਕ ਨਵੇਕਲੀ ਜਾਦੂਮਈ ਪਹਿਚਾਣ ਹੈ।ਇਹ ਉਹ ਰਾਜ਼ ਹੈ ਜਿਸ ਦੀ ਸਮਝ ਬਿਨਾਂ ਲੱਖਾਂ ਬਿਮਾਰ ਗੁੰਝਲਦਾਰ ਸਿਹਤ ਸਮਸਿਆਵਾਂ ਨਾਲ ਵਿਲਕ ਰਹੇ ਹਨ ਅਤੇ ਹਜਾਰਾਂ ਹੋਮਿਓਪੈਥ ਅਸਫ਼ਲਤਾ ਦੀਆਂ ਘੁੰਮਣ-ਘੇਰੀਆਂ ਵਿਚ ਪਏ ਹੋਏੇ ਹਨ।ਇਹ ਨੁਕਤਾ ਮੈਂ ਹੇਠ ਲਿਖੀ ਇਕ ਸੱਚੀ ਘਟਨਾ ਰਾਹੀਂ ਸਪਸ਼ਟ ਕਰ ਰਿਹਾ ਹਾਂ ਜਿਸ ਵਿਚ ਪਾਤਰਾਂ ਦੇ ਕੇਵਲ ਨਾਂ, ਪਤੇ ਤੇ ਹਵਾਲੇ ਹੀ ਬਦਲੇ ਹੋਏ ਹਨ।

        ਸੰਨ 2007-08 ਦਾ ਬਹੁਤਾ ਸਮਾਂ ਮੈਂ ਪਟਿਆਲੇ ਰਿਹਾ।28 ਜਨਵਰੀ 2007 ਨੂੰ ਬਾਦ ਦੁਪਹਿਰ ਸੌਂ ਕੇ ਉਠਿਆ ਤਾਂ ਸੁਰਜੀਤ ਸਿੰਘ ਦਾ ਫੋਨ ਆਇਆ।ਕਹਿਣ ਲਗਾ,"ਪ੍ਰੋਫੈਸਰ ਸਾਹਿਬ ਮਰੀਜ਼ ਦਿਖਾਉਣਾ ਹੈ।ਤਬੀਅਤ ਜਿਆਦਾ ਢਿੱਲੀ ਹੋਣ ਕਾਰਣ ਲੈ ਕੇ ਨਹੀਂ ਆ ਸਕਦਾ। ਹੈ ਤਾਂ ਖੇਚਲ ਹੀ, ਜੇ ਇਥੇ ਆ ਕੇ ਦੇਖ ਜਾਓ? ਮੈਂ ਤੁਹਾਨੂੰ ਲੈ ਆਵਾਂਗਾ ਤੇ ਛੱਡ ਵੀ ਜਾਵਾਂਗਾ।" ਮੈਂ ਉੱਤਰ ਦਿਤਾ,"ਸੁਰਜੀਤ ਐਸੀ ਕੋਈ ਗੱਲ ਨਹੀਂ।ਮੈਂ ਪੰਜ ਵਜੇ ਨਾਲ ਆਪ ਹੀ ਆ ਕੇ ਤੇਰਾ ਮਰੀਜ਼ ਦੇਖ ਜਾਵਾਂਗਾ।" ਉਸ ਨੇ ਧੰਨਵਾਦ ਕਰ ਕੇ ਫੋਨ ਰੱਖ ਦਿਤਾ।

        ਸੁਰਜੀਤ ਸਿੰਘ ਮੇਰਾ ਪੁਰਾਣਾ ਮਰੀਜ਼ ਸੀ।ਉਹ ਅਰਬਨ ਅਸਟੇਟ ਲਾਗਲੇ ਇਕ ੰਿਪੰਡ ਦਾ ਵਸਨੀਕ ਸੀ ਤੇ ਤਿੰਨ ਵਾਰ ਪਿੰਡ ਦਾ ਸਰਪੰਚ ਰਹਿ ਚੁੱਕਾ ਸੀ।ਦੋ ਸਾਲ ਪਹਿਲਾਂ ਬੱਲਡ ਪ੍ਰੈਸ਼ਰ ਦੇ ਇਲਾਜ਼ ਲਈ ਮੇਰੇ ਇਕ ਦੋਸਤ ਦੀ ਮਾਰਫ਼ਤ ਮੇਰੇ ਕੋਲ ਆਇਆ ਸੀ ਤੇ ਆਪਣੇ ਇਲਾਜ਼ ਤੋਂ ਬਾਦ ਆਪਣੀ ਘਰ ਵਾਲੀ ਕੁਲਵੰਤ ਨੂੰ ਵੀ ਦਵਾਈ ਦਵਾਉਣ ਲਈ ਲਿਆਉਂਦਾ ਰਹਿੰਦਾ ਸੀ।ਪਿੰਡ ਤੋਂ ਬਾਹਰ ਉਸ ਨੇ ਨਵੀਂ ਕੋਠੀ ਪਾਈ ਹੋਈ ਸੀ ਤੇ ਮੈਨੂੰ ਵੀ ਲੰਘਦੇ ਵੜਦੇ ਵੇਖਣ ਦਾ ਕਈ ਵਾਰ ਸੱਦਾ ਦੇ ਚੁੱਕਾ ਸੀ।ਉਸ ਸ਼ਾਮ ਮੈਂ ਤੇ ਮੇਰੀ ਪਤਨੀ ਨੇ ਪਹਿਲਾਂ ਹੀ ਆਪਣੇ ਪਿੰਡ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।ਇਕ ਕੰਮ ਦੋ ਕਾਜ ਦੇ ਮਨਸ਼ੇ ਨਾਲ ਅਸੀਂ ਰਸਤੇ ਵਿਚ ਜਾਂਦੇ 2 ਉਸ ਦਾ ਕੰਮ ਨਬੇੜਣ ਦੀ ਵੀ ਸਲਾਹ ਬਣਾ ਲਈੇ।

        ਹਰੀਆਂ ਕਣਕਾਂ ਦੇ ਖੇਤਾਂ ਨਾਲ ਘਿਿਰਆ ਸੰਗਮਰਮਰ ਨਾਲ ਜੜਿਆ ਕੋਠੀ-ਨੁਮਾ ਨਵਾਂ ਘਰ ਸੀ ਉਸ ਦਾ।ਸਾਹਮਣੇ ਖੁਲੇ ਲਾਅਨ ਵਿਚ ਹਰੇ ਘਾ ਤੇ ਗੁਲਾਬ ਦੇ ਬੂਟੇ ਸੁੰਦਰ ਰੰਗ ਬੰਨ ਰਹੇੇ ਸਨ।ਗੇਟ ਉੱਤੇ ਬੰਨੇ ਕੁੱਤੇ ਦੀ ਭੌਂਕ ਸੁਣ ਕੇ ਸੁਰਜੀਤ ਬਾਹਰ ਆਇਆ ਤੇ ਆਓ-ਭਗਤ ਕਰਕੇ ਸਾਨੂੰ ਅੰਦਰ ਲੈ ਗਿਆ।ਡਰਾਇੰਗ ਰੂਮ ਵਿਚ ਕਈ ਜਣੇ ਖ਼ਾਮੋਸ਼ੀ ਨਾਲ ਬੈਠੇ ਹੋਏ ਸਨ ਜਿਨ੍ਹਾਂ ਵਿਚ ਔਰਤਾਂ ਵਧੀਕ ਸਨ।ਇੱਕਤ੍ਰਿਤ ਵਿਅਕਤੀਆਂ ਦੀ ਦਿੱਖ ਤੋਂ ਲਗ ਰਿਹਾ ਸੀ ਕਿ ਉਹ ਉਸ ਦੇ ਪਿੰਡ ਚੋਂ ਹੀ ਬੀਮਾਰ ਦੀ ਖ਼ਬਰ-ਸਾਰ ਲੈਣ ਆਏ ਹੋਏ ਸਨ।ਸੁਰਜੀਤ ਉਹਨਾਂ ਕੋਲੋਂ ਦੀ ਲੰਘਾ ਕੇ ਸਾਨੂੰ ਇਕ ਅੰਦਰਲੇ ਕਮਰੇ ਵਿਚ ਲੈ ਗਿਆ ਜੋ ਰੰਗ ਰੋਗਨ ਦੀ ਹਲਕੀ ਜਿਹੀ ਵਾਸ਼ਨਾ ਕਾਰਨ ਨਵਾਂ 2 ਲਗ ਰਿਹਾ ਸੀ।ਬੈਠਣ ਦਾ ਇਸ਼ਾਰਾ ਕਰਕੇ ਕਹਿਣ ਲਗਿਆ,"ਤੁਸੀਂ ਬੈਠੋ ਮੈਂ ਕੁਲਵੰਤ ਨੂੰ ਭੇਜਦਾ ਹਾਂ।"ਉਸ ਦੇ ਜਾਣ ਤੋਂ ਬਾਦ ਮੈਂ ਆਪਣੀ ਪਤਨੀ ਨੂੰ ਕਿਹਾ,"ਮੈਨੂੰ ਤਾਂ ਇਸ ਦੇ ਮਰੀਜ਼ ਦੀ ਹਾਲਤ ਕਾਫੀ ਢਿੱਲੀ ਲਗਦੀ ਹੈ।" ਉਸ ਨੇ ਕਿਹਾ,"ਬੈਠੇੇ ਲੋਕਾਂ ਨੂੰ ਦੇਖ ਕੇ ਤਾਂ ਇੱਦਾਂ ਈ ਲਗਦਾ ਐੇ।"

        ਸਾਡੇ ਗਲਾਂ ਕਰਦੇ ਸੁਰਜੀਤ ਦੀ ਘਰ ਵਾਲੀ ਆ ਗਈ।ਸਤਿ ਸ੍ਰੀ ਅਕਾਲ ਬੁਲਾ ਕੇ ਆਪਣੀ ਧੀ ਨੂੰ ਦੁੱਧ ਗਰਮ ਕਰ ਕੇ ਲਿਆਉਣ ਲਈ ਕਹਿਣ ਲਗੀ।ਮੈਂ ਉਸ ਨੂੰ ਰੋਕਦੇ ਹੋਏ ਪੁਛਿੱਆ ਕਿ ਮਰੀਜ਼ ਕੌਣ ਹੈ।ਥੋੜਾ ਚੁੱਪ ਰਹਿਣ ਤੋਂ ਬਾਦ ਬੋਲੀ,"ਗੁਰਜੰਟ ਦੀ ਵੁਹਟੀ ਹਰਦੀਪ ਐ ਜੀ।" "ਕੀ ਹੋਇਆ?"ਮੈਂ ਉਤਸੁਕਤਾ ਨਾਲ ਜਾਣਨਾ ਚਾਹਿਆ।"ਪ੍ਰੋਫੈਸਰ ਸਾਹਿਬ, ਕੀ ਦਸੀਏ? ਵੇਲ ਨੂੰ ਫਲ ਪੈਂਦਾ ਹੈ ਪਰ ਪੂਰ ਨਹੀਂ ਚੜ੍ਹਦਾ।ਬੱਸ ਪੰਜਵਾਂ ਮਹੀਨਾ ਨਹੀਂ ਟੱਪਦਾ।ਛੇਆਂ ਸਾਲਾਂ ਵਿਚ ਚੌਥੀ ਵਾਰ ਢਿੱਲੀ ਹੋ ਚੁੱਕੀ ਐ।ਸਿਹਤ ਚੰਗੀ ਭਲੀ ਹੈ।ਇਲਾਜ਼ ਵਿਚ ਕੋਈ ਕਸਰ ਨਹੀਂ ਛੱਡੀ।ਪਹਿਲਾਂ ਰਾਜਿੰਦਰਾ ਦਿਖਾਉਂਦੇ ਰਹੇੇ।ਇਸ ਵਾਰ ਪੀ ਜੀ ਆਈ ਦਾਖ਼ਲ ਕਰਾਇਆ।ਉਥੇ ਡਾਕਟਰਾਂ ਨੇ ਸਭ ਟੈਸਟ ਕਰ ਕੇ ਤਿੰਨ ਮਹੀਨੇ ਮੰਜੇ ਤੇ ਲੰਮੀ ਪਾ ਕੇ ਰਖਿਆ।ਪਰ ਸਮਾਂ ਆਉਣ ਤੇ ਫਿਰ ਓਹੀ ਭਾਣਾ ਵਰਤ ਗਿਆ।ਇਕੋ ਇਕ ਲੜਕਾ ਹੈ ਸਾਡਾ।ਸਭ ਆਸਾਂ ਮੁਰਾਦਾਂ ਇਨ੍ਹਾਂ ਤੋਂ ਹੀ ਹਨ।ਪਤਾ ਨਹੀਂ ਕੁਦਰਤ ਦੀ ਕੀ ਕਰੋਪੀ ਹੈ। ਉਲਾਦ ਦਾ ਮੂੰਹ ਵੇਖਣ ਨੂੰ ਤਰਸ ਰਹੇ ਹਾਂ" ਉਸ ਨੇ ਉਦਾਸ ਲਹਿਜ਼ੇ ਵਿਚ ਸਾਰਾ ਕੁਝ ਇਕੋ ਸਾਹੇ ਸਮਝਾ ਦਿਤਾ।

        ਮੈਂ ਉਸ ਨੂੰ ਕਿਹਾ,"ਹਰਦੀਪ ਨੂੰ ਬੁਲਾਓ।" ਕਹਿਣ ਲੱਗੀ, "ਜੀ, ਉਹ ਉੱਠ ਨਹੀਂ ਸਕਦੀ। ਅੱਜ ਦੁਪਹਿਰੇ ਹੀ ਪੀ ਜੀ ਆਈ ਚੋਂ ਛੂੱਟੀ ਕਰਵਾ ਕੇ ਲਿਆਏ ਆਂ।ਜਦੋਂ ਦੀ ਆਈ ਐ ਓਦੋਂ ਤੋਂ ਈ ਰੋਈ ਜਾ ਰਹੀ ਐ।ਦਵਾਈਆਂ ਨੇ ਅੱਡ ਉਸ ਦੀ ਮੱਤ ਮਾਰੀ ਹੋਈ ਐ।ਹੁਣ ਸੌਂ ਨਾ ਗਈ ਹੋਵੇ।ਠਹਿਰੋ, ਮੈਂ ਵੇਖਦੀ ਆਂ।" ਇੰਨਾ ਕਹਿ ਕੇ ਉਹ ਅੰਦਰ ਚਲੀ ਗਈ।

        ਉਸ ਦੇ ਜਾਣ ਪਿਛੋਂ ਹਮਦਰਦੀ ਜਾਹਰ ਕਰਦਿਆਂ ਮੈਂ ਆਪਣੀ ਪਤਨੀ ਨੂੰ ਕਿਹਾ,"ਦੇਖ, ਵਿਚਾਰੀ ਦੀ ਮੰਮਤਾ ਕਿਵੇਂ ਤੜਫ ਰਹੀ ਹੈ!" ਉਹ ਮੈਨੂੰ ਉਲਟਾ ਬੋਲੀ,"ਰਹਿਣ ਦਿਓ ਜੀ, ਤੁਸੀਂ ਨੀ ਜਾਣਦੇ।ਵਹੁਟੀ ਦੇ ਟੈਸਟ ਕਰਵਾਉਂਦੀ ਰਹੀ ਹੋਣੀ ਐ।ਪਹਿਲਾਂ ਕੁੜੀਆਂ ਕਢਵਾਉਂਦੀ ਰਹੀ, ਹੁਣ ਨੁਕਸ ਪੈ ਗਿਆ ਤਾਂ ਰੋਂਦੀ ਐ।ਇਹ ਬੱਚੇ ਨੂੰ ਨਹੀਂ ਮੁੰਡੇ ਨੂੰ ਰੋਂਦੀ ਐ।" ਮੈਂ ਆਪਣੀ ਪਤਨੀ ਦੇ ਵਿਚਾਰਾਂ ਨਾਲ ਬਦੋ-ਬਦੀ ਸਹਿਮਤ ਜਿਹਾ ਹੋ ਕੇ ਬੋਲਿਆ।"ਹੋ ਸਕਦਾ ਹੈ ਤੇਰੀ ਗੱਲ ਠੀਕ ਹੀ ਹੋਵੇ।" ਉਹ ਦਲੀਲ ਨਾਲ ਬੋਲੀ,"ਠੀਕ ਹੀ ਹੋਵੇ ਨਹੀਂ, ਠੀਕ ਹੀ ਹੈ।ਸਭ ਇਵੇਂ ਕਰਦੀਆਂ ਨੇ।ਤੁਸੀਂ ਆਪਣੇ ਪਿੰਡ ਘਰ ਵਿਚ ਹੀ ਦੇਖ ਲਓੁ।ਪੰਜ ਵਿਆਹੀਆਂ ਵਰੀਆਂ ਕੁੜੀਆਂ ਹਨ। ਸਭ ਦੇ ਦੋ ਦੋ ਮੁੰਡੇ ਹਨ।ਕੁੜੀ ਇਕ ਦੇ ਵੀ ਨਹੀਂ।ਕਿਥੇ ਗਈਆਂ ਕੁੜੀਆਂ? ਆਹ ਦੀਵਾਲੀ ਨੂੰ ਪ੍ਰੀਤ ਭੈਣ ਜੀ ਦੋ ਮਹੀਨੇ ਹਸਪਤਾਲ ਵਿਚ ਦਾਖਲ ਰਹੀ।ਪਿਛੋਂ ਆ ਕੇ ਤੁਹਾਡੀ ਦਵਾਈ ਨਾਲ ਠੀਕ ਹੋਈ।ਕੀ ਤੁਸੀਂ ਸਮਝਦੇ ਹੋ ਕਿ ਉਹ ਕਿਸੇ ਬੀਮਾਰੀ ਕਾਰਨ ਹਸਪਤਾਲ ਵਿਚ ਸੀ? ਉਸ ਦਾ ਅਬਾਰਸ਼ਨ ਦਾ ਕੇਸ ਖਰਾਬ ਹੋਇਆ ਗਿਆ ਸੀ।ਨਾਲੇ ਅਮ੍ਰਿਤ ਛਕ ਕੇ ਗਾਤਰਾ ਪਾਇਆ ਹੋਇਆ ਹੈ ਨਾਲੇ ਤਿੰਨ ਕੁੜੀਆਂ ਕਢਵਾ ਚੱੁਕੀ ਐ।ਤੁਸੀਂ ਬਾਹਰ ਨਿਕਲ ਕੇ ਨਹੀਂ ਦੇਖਦੇ ਜੀ ਕੀ ਨਿਘਾਰ ਆਇਆ ਹੋਇਆ ਐ।ਆਪਣੇ ਪਿੰਡ ਵਿਚ ਪਿਛਲੇ ਦੋ ਸਾਲਾਂ ਵਿਚ ਤਿੰਨ ਮੱੁਲ ਦੀਆਂ ਬੰਗਲਾ-ਦੇਸਣਾਂ ਆ ਗਈਆਂ ਨੇ!"

        ਆਪਣੀ ਪਤਨੀ ਦੀ ਦਲੀਲ ਸੁਣਦਿਆਂ ਮੈਂ ਹੈਰਾਨ ਹੋ ਰਿਹਾ ਸਾਂ ਕਿ ਸਾਡੇ ਸਮਾਜ ਵਿਚ ਇਹ ਕਿੱਦਾਂ ਦਾ ਖ਼ਾਮੋਸ਼ ਕਤਲੇ-ਆਮ ਚਲ ਰਿਹਾ ਹੈ ਜਿਸ ਵਿਚ ਮਾਂ-ਪਿਓ, ਡਾਕਟਰ-ਨਰਸ, ਪੁਲਿਸ-ਕਚਹਿਰੀ, ਤਖਤ-ਸਮਾਜ ਤੇ ਸਰਕਾਰ-ਦਰਬਾਰ ਸਭ ਦੀ ਸਾਂਝੀ ਮਿਲੀ-ਭੁਗਤ ਹੈ।ਦਿੱਲੀ  ਦੰਗੇ ਉਕਸਾਉਣ ਵਾਲਿਆਂ ਲਈ ਤਾਂ ਸਾਰਾ ਪੰਥ ਫਾਂਸੀ ਦੀ ਸਜ਼ਾ ਲਈ ਤਰਲੋ-ਮੱਛੀ ਹੋ ਰਿਹਾ ਹੈ ਪਰ ਨਿਰਦੋਸ਼ ਧੀਆਂ ਦੇ ਘਰੋ ਘਰੀ ਕੁੱਖ-ਕਾਤਲਾਂ ਬਾਰੇ ਸਭ ਨੇ ਇਕ ਚੁੱਪ ਧਾਰ ਰਖੀ ਹੈ।ਕੀ ਪੰਜਾਬ ਦੀ ਜਨਨੀ ਹੁਣ ਕੇਵਲ "ਰਾਜਾਨ" ਨੂੰ ਹੀ ਜਨਮ ਦਿਆ ਕਰੇਗੀ ਤੇ "ਰਾਣੀਆਂ" ਦਾ ਜਨਮ ਕੇਵਲ ਬੰਗਲਾ ਦੇਸ਼ ਵਿਚ ਹੀ ਹੋਇਆ ਕਰੇਗਾ?"

        ਮੈਂ ਸੋਚ ਹੀ ਰਿਹਾ ਸਾਂ ਕਿ ਸੁਰਜੀਤ ਦੀ ਧੀ ਰਾਣੀ ਦੁੱਧ ਦੇ ਗਿਲਾਸ ਲੈ ਕੇ ਆ ਗਈ।ਦੁੱਧ ਪੀ ਕੇ ਅਸੀਂ ਕੁਲਵੰਤ ਨਾਲ ਹਰਦੀਪ ਦੇ ਕਮਰੇ ਵਿਚ ਚਲੇ ਗਏ।ਮਰੀਜ਼ ਦੇ ਕਮਰੇ ਵਿਚ ਨਾਮ ਮਾਤਰ ਹੀ ਚਾਨਣ ਸੀ।ਜ਼ੀਰੋ ਵਾਟ ਦੇ ਲਾਟੂ ਦੀ ਮੱਧਮ ਰੋਸ਼ਨੀ ਵਿਚ ਉਹ ਰਜ਼ਾਈ ਲਪੇਟੀ ਚੁਪ ਚਾਪ ਪਈ ਸੀ।ਉਸ ਦੀ ਸੱਸ ਨੇ ਉਸ ਨੂੰ ਸਾਡੇ ਆਉਣ ਦੀ ਖ਼ਬਰ ਦਿਤੀ ਤਾਂ ਉਸ ਨੇ ਰਜ਼ਾਈ ਚੋਂ ਮੂੰਹ ਨੰਗਾ ਕਰ ਕੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ।ਸਤਾਈ ਅਠਾਈ ਸਾਲ ਦੀ ਸੁੰਦਰ ਜਵਾਨ ਲੜਕੀ ਸੀ ਉਹ ਜਿਸ ਦੇ ਚਿਹਰੇ ਤੇ ਗਹਿਰੀ ਚਿੰਤਾ ਤੇ ਉਦਾਸੀ ਦਾ ਪਰਗਟਾਵਾ ਸੀ। ਉਸ ਦੀ ਸੱਸ ਨੇ ਉਸ ਨੂੰ ਬੈਠੀ ਹੋਣ ਲਈ ਕਿਹਾ ਜਿਸ ਦੇ ਜਵਾਬ ਵਿਚ ਉਹ ਝਿੜਕ ਕੇ ਬੋਲੀ, "ਮੰਮਾ ਮੈਂ ਬਹਾਨੇ ਲਾਏ ਹੋਏ ਨੇ?" ਇਹ ਸੁਣ ਕੇ ਕੁਲਵੰਤ ਕਮਰੇ ਚੋਂ ਬਾਹਰ ਚਲੀ ਗਈ।

        ਗੱਲ ਸ਼ੁਰੂ ਕਰਦਿਆਂ ਮੈਂ ਉਸ ਨੂੰ ਕਿਹਾ ਕਿ ਉਸ ਦੀ ਤਕਲੀਫ਼ ਬਾਰੇ ਕੁਝ ਕੁ ਤਾਂ ਮੈਂ ਉਸ ਦੀ ਸੱਸ ਕੋਲੋ ਸੁਣ ਆਇਆ ਹਾਂ।ਬਾਕੀ ਉਹ ਆਪ ਵਿਸਥਾਰ ਨਾਲ ਦੱਸੇ।"ਬੱਸ ਜੀ ਉਹੀ ਕੁੱਛ ਹੈ।" ਉਸ ਨੇ ਗੱਲ ਦਬਾਉਂਦੇ ਹੋਏ ਕਿਹਾ।ਮੈਂ ਹਾਲੇ ਕੁਝ ਹੋਰ ਪੁਛੱਣ ਹੀ ਲਗਾ ਸਾਂ ਕਿ ਉਸ ਦਾ ਗਲਾ ਭਰ ਆਇਆ।ਮੇਰੇ ਕੁਝ ਕਹਿਣ ਤੋਂ ਪਹਿਲਾਂ ਉਸ ਨੇ ਮੂੰਹ ਫਿਰ ਰਜਾਈ ਨਾਲ ਢੱਕ ਲਿਆ ਤੇ ਸਿਸਕਣ ਲਗੀ।"ਤੇਰਾ ਕੀ ਦੁਖਦਾ ਹੈ, ਹਰਦੀਪ?" ਮੈਂ ਉਸ ਨੂੰ ਸੁਣਾ ਕੇ ਕਿਹਾ।"ਅੰਕਲ ਜੀ ਮੈਂ ਮੁੜ ਉਥੇ ਨਹੀਂ ਜਾਣਾ ਚਾਹੁੰਦੀ।ਮੈਂ ਬਹੁਤ ਹਾਰ ਗਈ ਹਾਂ।" ਉਸ ਨੇ ਰੋ ਕੇ ਕਿਹਾ। ਮੈਂ ਸਮਝ ਗਿਆ ਕਿ ਲੜਕੀ ਨੂੰ ਬਾਰ 2 ਕੁੱਖ ਖਾਲੀ ਹੋਣ ਦਾ ਡੂੰਘਾ ਗ਼ਮ ਹੈ ਤੇ ਇਹ ਦੁਬਾਰਾ ਹਸਪਤਾਲ ਵਿਚ ਦੁਰਦਸ਼ਾ ਨਹੀਂ ਕਰਵਾਉਣਾ ਚਾਹੁੰਦੀ।

        ਹਨੇਰੀ ਕੋਠੜੀ ਵਿਚ ਵੜ ਕੇ ਚੁਪ ਚਾਪ ਡੁਸਕਣ ਵਾਲੀਆਂ ਗ਼ਮਗੀਨ ਤੇ ਟੋਕਾ ਟਾਕੀ ਤੋਂ ਖਿਝਣ ਵਾਲੀਆਂ ਭਾਵੁਕ ਕੁੜੀਆਂ ਨੂੰ ਹੋਮਿਓਪੈਥੀ ਵਿਚ ਇਗਨੇਸੀਆ ਅਮਾਰਾ ਨਾਲ ਤੰਦਰੁਸਤ ਕਰਦੇ ਹਨ।ਇਸ ਲਈ ਇਸ ਦਵਾਈ ਦੀ ਇਕ ਖ਼ੁਰਾਕ ਮੈਂ ਉਸ ਦੇ ਮੂੰਹ ਵਿਚ ਝਾੜ ਦਿਤੀ।ਇੰਨੇ ਵਿਚ ਉਸ ਦੀ ਸੱਸ ਟੈਸਟ-ਰਿਪੋਰਟਾਂ ਦਾ ਥੱਬਾ ਤੇ ਦਵਾਈਆਂ ਦਾ ਲਿਫਾਫਾ ਲੈ ਕੇ ਆ ਗਈ।ਕਹਿਣ ਲਗੀ,"ਇਹਨਾਂ ਨੂੰ ਦੇਖਣ ਦੀ ਲੋੜ ਹੈ ਤਾਂ ਦੇਖ ਲਵੋ।" ਮੈਂ ਕਿਹਾ,"ਇਹ ਮੇਰੇ ਕੰਮ ਦੀਆਂ ਨਹੀਂ।ਬੇਸ਼ਕ ਰੱਖ ਆਓ।"ਸੱਸ ਦੇ ਜਾਣ ਤੇ ਹਰਦੀਪ ਬੋਲੀ," ਅੰਕਲ ਜੀ, ਕੀ ਮੇਰਾ ਇਲਾਜ਼ ਹੋ ਸਕਦਾ ਹੈ? "ਕਿਉਂ ਨਹੀਂ, ਤੂੰ ਕਿਹੜਾ ਰੱਬ ਦੇ ਮਾਂਹ ਮਾਰੇ ਨੇ?" ਮੈ ਉਸ ਨੂੰ ਆਪਣੇ ਸੁਭਾਵਿਕ ਮਿਜ਼ਾਜ ਵਿਚ ਕਿਹਾ।"ਤੁਸੀਂ ਕਰ ਦਿਓਗੇ ਠੀਕ ਮੈਨੂੰ?" ਉਸ ਦੇ ਸਵਾਲ ਵਿਚ ਫ਼ਰਿਆਦ ਛਿਪੀ ਸੀ।ਢਾਰਸ ਦੇਂਦੇ ਮੈਂ ਕਿਹਾ,"ਜਰੂਰ ਕਰ ਦਿਆਂਗਾ, ਜੇ ਕਹੇਂਗੀ ਮੈਨੂੰ ਤਾਂ।"

        ਮੇਰੀ ਗਲ ਸੁਣ ਕੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਚੇਹਰੇ ਦੇ ਭਾਵ ਬਦਲ ਗਏ।ਬੈਠੀ ਹੋ ਕੇ ਕਹਿਣ ਲਗੀ, "ਪੀ ਜੀ ਆਈ ਵਾਲਿਆਂ ਨੇ ਐਂਟੀ-ਬਾਇਓਟਿਕ ਦਾ ਕੋਰਸ ਸ਼ੁਰੂ ਕਰਵਾਇਆ ਹੋਇਆ ਐ।ਇਸ ਨੂੰ ਖ਼ਤਮ ਕਰ ਕੇ ਮੈਂ ਤੁਹਾਡੇ ਕੋਲ ਆਵਾਂਗੀ।ਹੁਣ ਮੈਂ ਪੂਰਾ ਇਲਾਜ਼ ਤਹਾਡੇ ਤੋਂ ਹੀ ਕਰਵਾਵਾਂਗੀ।" ਮੈਨੂੰ ਲਗਿਆ ਉਸ ਨੇ ਘਰ ਵਿਚ ਮੇਰੇ ਬਾਰੇ ਸੁਣ ਰਖਿਆ ਸੀ ਇਸੇ ਲਈ ਇੰਨਾ ਭਰੋਸਾ ਕਰ ਰਹੀ ਸੀ।ਉਸ ਨੂੰ ਹੋਸਲਾ ਦਿੰਦੇ ਹੋਏ ਮੈਂ ਕਿਹਾ,"ਹਾਂ, ਹਾਂ, ਜਰੂਰ।"ਕੁਲਵੰਤ ਜਦੋਂ ਮੁੜ ਕੇ ਕਮਰੇ ਵਿਚ ਆਈ ਤਾਂ ਉਸ ਨੇ ਨਰਮ ਆਵਾਜ਼ ਵਿਚ ਕਿਹਾ,"ਮੰਮਾ ਇਹਨਾਂ ਨੂੰ ਚਾਹ ਪਾਣੀ ਤਾਂ ਪਿਲਾਓ।"ਉਸ ਦੀ ਸੱਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਅਸੀਂ ਉੱਠ ਖਲੋਤੇੇ ਤੇ ਅੱਗੇ ਆਪਣੇ ਪਿੰਡ ਪਹੁੰਚਣ ਦੀ ਕਾਹਲ ਦੱਸ ਕੇੇ ਉਥੋਂ ਨਿਕਲ ਪਏ।ਰਸਤੇ ਵਿਚ ਮੇਰੀ ਪਤਨੀ ਕਹਿਣ ਲਗੀ," ਲਗਦਾ ਹੈ ਇਸ ਤੇ ਦਵਾਈ ਅਸਰ ਕਰ ਗਈ ਐ।"

        ਹਰਦੀਪ 3 ਮਾਰਚ ਨੂੰ ਆਪਣੇ ਪਤੀ ਗੁਰਜੰਟ ਨਾਲ ਮੇਰੀ ਕਲੀਨਿਕ ਤੇ ਆਈ। ਉਸ ਨੇ ਸਪਸ਼ਟ ਕੀਤਾ ਕਿ ਉਸ ਦੀ ਮੁੱਖ ਸਮਸਿਆ ਗਰਭ-ਪਾਤ ਹੀ ਸੀ। ਕਹਿਣ ਲਗੀ, "ਅੰਕਲ ਜੀ, ਪੰਜਵਾਂ ਮਹੀਨਾ ਨਹੀਂ ਲੰਘਦਾ, ਆਪਣੇ ਆਪ ਪੇਟ ਖਾਲੀ ਹੋ ਜਾਂਦਾ ਹੈ।ਕੋਈ ਦਰਦ ਨਹੀਂ ਹੁੰਦਾ, ਕੋਈ ਭਾਰ ਨਹੀਂ ਪੈਂਦਾ ਤੇ ਨਾ ਹੀ ਕੋਈ ਹੋਰ ਪਤਾ ਚਲਦਾ ਹੈ।ਸਭ ਟੈਸਟ ਠੀਕ ਆਉਂਦੇ ਨੇ।ਡਾਕਟਰਾਂ ਨੂੰ ਕੋਈ ਸਮਝ ਨਹੀਂ ਪੈਂਦੀ ਕਿ ਇਹ ਕਿਉਂ ਹੁੰਦਾ ਹੈ। ਹੁਣ ਪੀ ਜੀ ਆਈ ਵਾਲਿਆਂ ਨੇ ਟੈਸਟਾਂ ਲਈ ਨਿਕਲਿਆ ਬੱਚਾ ਵੀ ਸੰਭਾਲ ਕੇ ਰੱਖ ਲਿਆ ਹੈ।ਆਸ ਬੰਨਦੀ ਹੈ, ਟੁੱਟ ਜਾਂਦੀ ਹੈ।" ਉਹ ਵਿਚੋਂ 2 ਰੋਣ ਲਗ ਜਾਂਦੀ ਤੇ ਫਿਰ ਦਸਣ ਲਗ ਜਾਂਦੀ।ਮੈਂ ਅੱਧਾ ਘੰਟਾ ਉਸ ਦੀਆਂ ਗਲਾਂ ਵਿਚੋਂ ਕੋਈ ਠੋਸ ਅਲਾਮਤ ਲੱਭ ਕੇ ਲਿਖਣ ਦੀ ਉਮੀਦ ਨਾਲ ਲੈਪਟਾਪ ਖੋਲੀ ਬੈਠਾ ਰਿਹਾ ਪਰ ਕੁਝ ਪੱਲੇ ਨਾ ਪਿਆ।ਕਈ ਸਵਾਲ ਵੀ ਪੁੱਛੇ ਪਰ ਪਤੀ ਸਾਹਮਣੇ ਸੰਖੇਪ ਜਿਹੇ ਉੱਤਰ ਦੇ ਕੇ ਉਹ ਫਿਰ ਉਹੀ ਗੱਲਾਂ ਦੁਹਰਾਉਣ ਲਗ ਪੈਂਦੀ।ਕੱੁਲ ਮਿਲਾ ਕੇ ਮੈਨੂੰ ਇੰਨਾ ਹੀ ਸਮਝ ਪਿਆ ਕਿ ਇਸ ਦਾ ਪ੍ਰਸੂਤ ਪੰਜ ਮਹੀਨੇ ਤੋਂ ਅਗੇ ਨਹੀਂ ਟੱਪਦਾ।

        ਮੈਂ ਰੈਪਰਟਰੀ ਫਰੋਲੀ।ਇਸ ਬਿਮਾਰੀ ਦੀ ਦਵਾਈ ਏਪਿਸ ਮੈਲਿਿਫਕਾ ਨਿਕਲੀ।ਪਰ ਮੈਂ ਦਿਤੀ ਨਹੀਂ ਕਿਉਂਕਿ ਇਲਾਜ਼ "ਅਬਾਰਸ਼ਨ" ਦਾ ਨਹੀਂ, ਹਰਦੀਪ ਦਾ ਕਰਨਾ ਸੀ।ਉਸ ਦੇ ਸਾਰੇ ਕੇਸ ਵਿਚੋਂ ਹਾਲੇ ਮੈਂਨੂੰ ਆਰਗੈਨਨ ਦੇ ਆਰਟੀਕਲ 4 ਮੁਤਾਬਿਕ ਇਲਾਜ਼ ਕਰਨ ਯੋਗ ਕੋਈ ਵਿਸ਼ੇਸ਼ ਅਲਾਮਤ ਨਹੀਂ ਸੀ ਮਿਲੀ।ਇਸ ਲਈ ਮੈਂ ਉਸ ਨੂੰ "ਗੱਲ 2 ਤੇ ਰੋਵੇ" ਦੀ ਅਲਾਮਤ ਅਨੁਸਾਰ ਪਲਸਾਟਿੱਲਾ ਹਾਈ ਦੀ ਇਕ ਖ਼ੁਰਾਕ ਦੇ ਕੇ ਮਹੀਨੇ ਬਾਦ ਆਉਣ ਲਈ ਕਿਹਾ।

        ਇਸ ਉਪਰੰਤ ਉਹ 2 ਅਪ੍ਰੈਲ ਨੂੰ ਆਈ।ਇਸ ਵਾਰ ਗੁਰਜੰਟ ਉਸ ਨੂੰ ਲਾਈਨ ਵਿਚ ਬਿਠਾ ਕੇ ਕਿਤੇ ਕੰਮ ਚਲਾ ਗਿਆ।ਵਾਰੀ ਆਉਣ ਤੇ ਮੈਂ ਉਸ ਨੂੰ ਪੁਛਿੱਆ,"ਤੇਰੀ ਬੀਮਾਰੀ ਦੀ ਤੈਨੂੰ ਸਭ ਤੋਂ ਵੱਡੀ ਤਕਲੀਫ਼ ਕੀ ਲਗਦੀ ਹੈ?" ਉਸ ਨੇ ਯਾਦ ਕਰ ਕੇ ਕਿਹਾ,"ਅੰਕਲ ਜੀ, ਇਕ ਤਾਂ ਮੈਨੂੰ ਪਹਿਲੇ ਦਿਨ ਤੋਂ ਹੀ ਉਲਟੀਆਂ ਲਗ ਜਾਂਦੀਆਂ ਹਨ ਜਿਹੜੀਆਂ ਆਖਰ ਤੀਕ ਖਹਿੜਾ ਨਹੀਂ ਛਡਦੀਆਂ।ਦੂਜੇ ਮੈਂ ਹਰ ਵੇਲੇ ਬਹੁਤ ਫ਼ਿਕਰ ਕਰਦੀ ਰਹਿੰਦੀ ਹਾਂ ਕਿ ਮੇਰੇ ਨਾਲ ਇਹ ਕਿਉਂ ਹੁੰਦਾ ਹੈ।" ਉਸਦੀ ਉਲਟੀ ਵਾਲੀ ਗੱਲ ਵਿਚ ਮੈਨੂੰ ਸਫਲਤਾ ਦੀ ਕਿਰਣ ਦਿਖਾਈ ਦਿਤੀ।ਦੂਜੀ ਗੱਲ ਦੀ ਹੋਰ ਜਾਣਕਾਰੀ ਲਈ ਮੈਂ ਪੱੁਛਿਆ,"ਸੰਤਾਨ ਪ੍ਰਾਪਤੀ ਲਈ ਤਾਂ ਸਭ ਅੋਰਤਾਂ ਹੀ ਫ਼ਿਕਰਮੰਦ ਹੁੰਦੀਆਂ ਹਨ, ਫਿਰ ਇਸ ਵਿਚ ਤੇਰੇ ਲਈ ਚਿੰਤਾ ਦੀ ਵੱਖਰੀ ਕੀ ਗੱਲ ਹੈ?"

        ਮੇਰੀ ਗਲ ਸੁਣ ਕੇ ਉਸ ਦੇ ਚਿਹਰੇ ਤੇ ਤਲਖ਼ੀ ਦੀ ਭਾਅ ਫਿਰ ਗਈ। ਉਹ ਥੋੜਾ ਰੁਕ ਕੇ ਬੋਲੀ,"ਜੀ ਮੈਂ ਅੋਲਾਦ ਦਾ ਫਿਕਰ ਨਹੀਂ ਕਰਦੀ।ਹਾਲੇ ਕਿਹੜਾ ਮੇਰੇ ਦਿਨ ਲੰਘ ਗਏ ਨੇ।ਪਰ ਇਸ ਦੀ ਫਿਕਰ ਮੇਰੇ ਸਹੁਰਿਆਂ ਨੂੰ ਬਹੁਤ ਹੈ।ਉਹ ਹਰ ਵੇਲੇ ਮੇਰਾ ਨੱਕ ਵਿਚ ਦਮ ਕਰੀ ਰੱਖਦੇ ਨੇ।ਪਹਿਲੀ ਵਾਰ ਤਾਂ ਕੁੜੀ ਸੀ।ਸੱਸ ਸਹੁਰਾ ਵੀ ਖ਼ੁਸ਼ ਸਨ ਕਿ ਚੰਗਾ ਕੰਨਿਆਂ ਤੋਂ ਖਹਿੜਾ ਛੁਟਿਆ।ਪਰ ਬਾਅਦ ਦੇ ਸਭ ਮੁੰਡੇ ਸਨ।ਇਸ ਲਈ ਹੁਣ ਉਹ ਮੇਰੇ ਮੂੰਹ ਤੇ ਬਿਲਕੁਲ ਪਾਣੀ ਨਹੀਂ ਧਰਦੇ।ਸਾਰਾ ਦੋਸ਼ ਮੈਨੂੰ ਦੇਂਦੇ ਹਨ।ਤਰਾਂ 2 ਦੀਆਂ ਗਲਾਂ ਸੁਣਾ ਕੇ ਮੇਰਾ ਕਲੇਜਾ ਸਾੜਦੇ ਰਹਿੰਦੇ ਹਨ।ਜਦੋਂ ਉਹਨਾਂ ਦੇ ਬੋਲ ਸਹਾਰੇ ਨਹੀਂ ਜਾਂਦੇ ਤਾਂ ਜੀ ਕਰਦਾ ਹੈ ਕਿ ਨਹਿਰ ਵਿਚ ਛਾਲ ਮਾਰ ਕੇ ਮਰ ਜਾਵਾਂ।ਮੇਰਾ ਪਤੀ ਵੀ ਹੁਣ ਉਹਨਾਂ ਨਾਲ ਈ ਲਗ ਗਿਆ ਹੈ।ਸੁਣਾਉਂਦਾ ਰਹਿੰਦਾ ਹੈ ਕਿ ਜੇ ਇਕ ਦੋ ਹੋਏ ਹੰਦੇ ਤਾਂ ਹੁਣ ਤੀਕ ਸਕੂਲ ਜਾਂਦੇ ਹੁੰਦੇ।ਦੋ ਸਾਲ ਪਹਿਲ਼ਾਂ ਉਸ ਦੀ ਮਾਂ ਮੈਨੂੰ ਇਕ ਜੋਤਸ਼ੀ ਕੋਲ ਲੈ ਗਈ।ਉਸ ਨੇ ਦੱਸਿਆ ਕਿ ਮੈਂ ਮੰਗਲੀਕ ਹਾਂ ਪਰ ਮੇਰਾ ਪਤੀ ਨਹੀਂ ਹੈ।ਇਸ ਕਰਕੇ ਸਾਡੀ ਉਲਾਦ ਨਹੀਂ ਬਚਦੀ।ਉਸ ਨੇ ਮੰਤਰ ਦੱਸੇ, ਨਗ੍ਹ ਪਵਾਏ ਤੇ ਦਾਨ ਕਰਵਾਏ ਤਾਂ ਵੀ ਕੋਈ ਬੇਬੀ ਪੂਰ ਨਹੀਂ ਚੜ੍ਹਿਆ।ਹੁਣ ਤਾਂ ਸਭ ਛੱਡਣ ਬਾਰੇ ਸੋਚਦੇ ਹਨ।ਸੱਸ ਕਹਿੰਦੀ ਹੈ ਲਿਖੇ ਲੇਖ ਨਹੀਂ ਮਿਟਦੇ ਹੁੰਦੇ।ਇਸ ਤੋਂ ਬੱਚੇ ਦੀ ਕੋਈ ਆਸ ਨੀਂ, ਮੁੰਡਾ ਦੂਜੀ ਥਾਂ ਵਿਆਹਾਂਗੇ।ਰਿਸ਼ਤੇਦਾਰੀਆਂ ਵਿਚ ਕੁੜੀ ਵੀ ਲੱਭ ਰਹੇ ਹਨ।ਬੱਸ ਇਕ ਅੱਧੀ ਵਾਰ ਹੋਰ ਦੇਖਣਗੇ।" ਗੱਲ ਕਰਦਿਆਂ ਉਸ ਨੂੰ ਅਥਰੂ ਆ ਗਏ ਤੇ ਉਸ ਨੇ ਚੁੰਨੀ ਨਾਲ ਅੱਖਾਂ ਢਕ ਲਈਆਂ।

        ਉਸ ਦੀਆਂ ਗਲਾਂ ਚੋਂ ਮੈਨੂੰ ਦਸ ਗੁਰੂਆਂ ਦੀ ਗਾਹੀ-ਨਿਵਾਜੀ ਧਰਤ ਪੰਜਾਬ ਵਿਚ ਔਰਤ ਦੇ ਘੋਰ ਸੰਤਾਪੀ ਜੀਵਨ ਦੀ ਝਲਕ ਤੋਂ ਬਿਨਾ ਹੋਰ ਕੁਝ ਨਾ ਮਿਿਲਆ।ਪਰ ਉਸ ਦੇ ਸੁਡੌਲ ਸੱੁਨਖੇ ਸ਼ਰੀਰ, ਲਾਲ ਸੂਹੀ ਰੰਗਤ ਤੇ ਬੇਬਾਕ ਜਜ਼ਬਾਤੀ ਗੱਲ ਬਾਤ ਤੋਂ ਉਸ ਦੇ ਮੰਗਲੀਕ ਹੋਣ ਬਾਰੇ ਕੋਈ ਸ਼ੱਕ ਨਾ ਰਿਹਾ।ਭਾਰਤੀ ਜੋਤਿਸ਼ ਅਨੁਸਾਰ ਜਿਸ ਵਿਅਕਤੀ ਦੀ ਕੁੰਡਲੀ ਵਿਚ ਮੰਗਲ ਗ੍ਰਹਿ ਪਹਿਲੇ, ਦੂਜੇ, ਚੌਥੇ, ਸਤਵੇਂ, ਅੱਠਵੇਂ ਜਾਂ ਬਾਹਰਵੇਂ ਘਰ ਵਿਚ ਬਿਰਾਜਮਾਨ ਹੋਵੇ ਉਹ ਮੰਗਲੀਕ ਹੁੰਦਾ ਹੈ।ਉੱਗਰਵਾਦੀ ਤੇ ਪਹਿਲਵਾਦੀ ਸੁਭਾਅ ਦਾ ਹੋਣ ਕਾਰਣ ਉਸ ਦੀ ਗੈਰ-ਮੰਗਲੀਕਾਂ ਨਾਲ ਔਖੀ ਨਿਭਦੀ ਹੈ।ਪਰ ਇਸ ਦਾ ਭਾਵ ਇਹ ਤਾਂ ਨਹੀਂ ਕਿ ਇਕ ਮੰਗਲੀਕ ਤੇ ਗੈਰ ਮੰਗਲੀਕ ਦੰਪਤੀ ਦੇ ਘਰ ਬੱਚਾ ਪੈਦਾ ਨਾ ਹੋ ਸਕੇ।ਫਿਰ ਮੰਗਲ ਗ੍ਰਹਿ ਤਾਂ ਦੂਰ ਸਥਿਤ ਇਕ ਧਰਤੀ ਦਾ ਗੋਲਾ ਹੈ ਉਸ ਤੇ ਮੰਤਰਾਂ, ਹਵਨਾਂ ਤੇ ਰਤਨਾਂ ਦਾ ਕੀ ਅਸਰ? ਅਸਲ ਵਿਚ ਵੈਦਿਕਕਾਲੀਨ ਆਰੀਆ ਹਰ ਸ਼ੈ ਨੂੰ ਸ਼ਕਤੀਸ਼ਾਲੀ ਸਮਝ ਕੇ ਪੂਜਣ ਦੇ ਆਦੀ ਸਨ ਤੇ ਅੰਧਵਿਸ਼ਵਾਸੀ ਹਿੰਦੁਸਤਾਨੀ ਬਿਨਾ ਸੋਚੇ ਸਮਝੇ ਮੱਖੀ ਤੇ ਮੱਖੀ ਮਾਰਨ ਦੇ ਮਾਹਿਰ।ਇਸੇ ਕਾਰਣ ਲਾਲਚੀ ਪਾਂਡੇ ਸਦੀਆਂ ਤੋਂ ਜੋਤਿਸ਼ ਵਿਿਗਆਨ ਨੂੰ ਉਦਰ-ਪੂਰਤੀ ਲਈ ਤੋੜ ਮਰੋੜ ਕੇ ਆਮ ਆਦਮੀ ਨੂੰ ਬੁੱਧੂ ਬਣਾਉਂਦੇ ਰਹੇ।ਜਿਨ੍ਹਾਂ ਗ੍ਰਿਹਾਂ ਨੂੰ ਕੁੰਡਲੀ ਸਿਰਜਣਾ ਵੇਲੇ ਉਹ ਆਕਾਸ਼ ਵਿਚ ਘੁੰਮਦੇ ਧਰਤ-ਪਿੰਡ ਮੰਨਦੇ ਹਨ ਉਹਨਾਂ ਨੂੰ ਹੀ ਫਲਾਦੇਸ਼ ਤੇ "ਕਸ਼ਟ-ਨਿਵਾਰਣ" ਵੇਲੇ ਦੇਵਤੇ ਦੱਸ ਕੇ ਪੂਜਾ ਰਾਹੀਂ ਧਨ ਬਟੋਰਦੇੇ ਹਨ! ਮੈਨੂੰ ਅਫ਼ਸੋਸ ਹੋਇਆ ਕਿ ਕੀ ਹਿੰਦੂ ਕੀ ਸਿੱਖ, ਭਾਰਤ ਵਿਚ ਕਿਸੇ ਦੀ ਵੀ ਜੀਵਨ-ਜਾਚ ਤਰਕ-ਸੰਗਤ ਨਹੀਂ ਹੈ।   

        ਖ਼ੈਰ ਮੁੜ ਮੁੱਦੇ ਤੇ ਆਉਂਦਿਆਂ ਮੈਂ ਹਰਦੀਪ ਨੂੰ ਫਿਰ ਉਸ ਦੀਆਂ ਤਕਲੀਫ਼ਾਂ ਬਾਰੇ ਪੁੱਛਣ ਲਗਾ।ਬੋਲਣ ਲਗਿਆਂ ਜਿਉਂ ਹੀ ਉਸ ਨੇ ਚੂੰਨੀ ਨਾਲ ਆਪਣਾ ਮੂੰਹ ਸਾਫ ਕੀਤਾ, ਉਸ ਦਾ ਹੇਠਲਾ ਬੁਲ੍ਹ ਹੇਠਾਂ ਵਲ ਨੂੰ ਖਿਿਚਆ ਗਿਆ। ਮੈਨੂੰ ਉਸ ਦੇ ਮਸੂੜ੍ਹਿਆਂ ਤੇ ਫੈਲੀ ਕਾਲਖ਼ ਨਜ਼ਰ ਆਈ ਤੇ ਮੈਂ ਉਸ ਨੂੰ ਤ੍ਰਭਕ ਕੇ ਪੁਛਿੱਆ,"ਹਰਦੀਪ, ਤੇਰੇ ਮਸੂੜੇ ਕਾਲੇ ਨੇ?" ਪਹਿਲਾਂ ਤਾਂ ਉਸ ਨੇ ਛੁਪਾਉਣ ਦੀ ਕੋਸ਼ਿਸ ਨਾਲ ਮੂੰਹ ਬੰਦ ਕਰ ਲਿਆ ਫਿਰ ਲੱਜਿਆ ਕੇ ਬੋਲੀ,"ਹਾਂ ਜੀ ਇਹ ਤਾਂ ਪਹਿਲਾਂ ਤੋਂ ਹੀ ਹਨ।" ਮੈਂ ਕਿਹਾ, "ਵਿਖਾ ਜਰਾ।" ਮੇਰੇ ਕਹਿਣ ਤੇ ਉਸ ਨੇ ਮੂੰਹ ਖੋਲ੍ਹਿਆ।ਉਸ ਦੇ ਦੋਵੇ ਮਸੂਹੜਿਆਂ ਤੇ ਦੰਦਾਂ ਦੇ ਨਾਲ ਨਾਲ ਗੂਹੜੀਆਂ ਕਾਲੇ ਨੀਲੇ ਰੰਗ ਦੀਆਂ ਧਾਰੀਆਂ ਪਈਆਂ ਹੋਈਆਂ ਸਨ ਜੋ ਉਂਜ ਬੁਲ੍ਹਾਂ ਨਾਲ ਕੱਜੀਆਂ ਰਹਿੰਦੀਆਂ ਸਨ।ਮੈਂ ਉਸ ਨੂੰ ਪੁਛਿੱਆ,"ਕੀ ਤੈਨੂੰ ਕਦੇ ਪੇਟ ਦਰਦ ਦੀ ਤਕਲੀਫ਼ ਰਹੀ ਹੈ?" ਕਹਿਣ ਲਗੀ,"ਜੀ ਹਾਂ, ਸਹੁਰੇ ਆਉਣ ਤੋਂ ਬਾਦ ਢਿੱਡ ਪੀੜ ਦੇ ਦੌਰੇ ਪੈਣ ਲਗ ਪਏ ਸਨ।ਹੁਣ ਵੀ ਕਦੇ ਕਦੇ ਸੂਲ ਉੱਠ ਖੜਦਾ ਹੈ।" ਮੈਂ ਫਿਰ ਪੁਛਿੱਆ,"ਬੰਦ ਕਿੱਦਾਂ ਹੁੰਦਾ ਹੈ ਦਰਦ?" ਉਸ ਨੇ ਕਿਹਾ,"ਪੇਟ ਨੂੰ ਜੋਰ ਨਾਲ ਮਲਾਉਂਦੀ ਆਂ।ਕਈ ਵਾਰ ਤਾਂ ਮੰਜੇ ਦੇ ਪਾਵੇ ਜਾਂ ਪੇਟੀ ਦੇ ਕੋਨੇ ਨਾਲ ਢਿੱਡ ਦਬਾਉਂਦੀ ਹਾਂ।" ਮੈਂ ਅੱਗੇ ਪੁਛਿੱਆ,"ਵਿਆਹ ਹੋ ਕੇ ਕਿਹੜੇ ਘਰ ਵਿਚ ਆਈ ਸੀ?" "ਜੀ, ਇਸੇ ਵਿਚ।ਕਾਫੀ ਬਣ ਚੁਕਾ ਸੀ ਉਦੋਂ, ਬੱਸ ਰੰਗ ਰੋਗਨ ਹੀ ਰਹਿੰਦੇ ਸਨ....ਪਰ ਕਿਉਂ?" ਉਸ ਨੇ ਰੁਕ ਕੇ ਇੰਜ ਪੁੱਛਿਆ ਜਿਵੇਂ ਭੂਤ ਪ੍ਰੇਤ ਦਾ ਮਸਲਾ ਹੋਵੇ।"ਮੈਂ ਹੱਸ ਕੇ ਕਿਹਾ,"ਕੁਝ ਨਹੀਂ।ਜਾਹ ਸੱਸ ਨੂੰ ਕਹਿ ਪੰਘੂੜੇ ਦੀ ਤਿਆਰੀ ਕਰੇ!"

        ਉਸ ਦੇ ਚਿਹਰੇ ਤੇ ਕਈ ਰੰਗ ਆਏ ਪਰ ਮੈਂ ਪੜ੍ਹਨ ਦੀ ਕੋਸ਼ਿਸ਼ ਨਾ ਕੀਤੀ।ਹੁਣ ਉਸ ਵਿਚ ਪੜ੍ਹਨ ਲਈ ਕੁਝ ਰਹਿ ਹੀ ਨਹੀਂ ਸੀ ਗਿਆ।ਮੈਨੂੰ ਇਸ ਕੇਸ ਦੀ ਚਾਬੀ ਮਿਲ ਗਈ ਸੀ। ਮੈਨੂੰ ਇਕ ਅਜਿਹਾ ਹੀਰਾ ਲੱਭ ਗਿਆ ਸੀ ਜਿਸ ਨੂੰ ਰੈਪਰਟਰੀਆਂ ਵਿਚ ਉਲਝੇ ਬਹੁਤੇ ਜੌਹਰੀ ਕੰਕਰ ਸਮਝ ਕੇ ਸੁਟ ਦੇਂਂਦੇ।ਮੈਂ ਉਸ ਦੇ ਕੇਸ ਦੀ ਆਖਰੀ ਇਕ ਲਾਈਨ ਟਾਈਪ ਕੀਤੀ ਤੇ ਦਵਾਈ ਦੀ ਇਕ ਪੁੜੀ ਉਸ ਦੇ ਮੂੰਹ ਵਿਚ ਝਾੜ ਦਿਤੀ।ਉਸ ਨੇ ਹੋਰ ਦਵਾਈ ਮੰਗੀ ਪਰ ਮੈਂ ਮਹੀਨੇ ਬਾਦ ਆਉਣ ਲਈ ਕਹਿ ਕੇ ਉਸ ਨੂੰ ਤੋਰ ਦਿਤਾ।

        ਹਰਦੀਪ ਫਿਰ 8 ਮਈ ਨੂੰ ਆਈ ਤੇ ਘਬਰਾਹਟ ਨਾਲ ਸ਼ਕਾਇਤ ਕਰਨ ਲਗੀ,"ਤੁਹਾਡੀ ਦਵਾਈ ਨਾਲ ਤਾਂ ਮੇਰੇੇ ਪੀਰੀਅਡ ਹੀ ਬੰਦ ਹੋ ਗਏ।" "ਪ੍ਰੈਗਨੈਂਟ ਤਾਂ ਨਹੀਂ?" ਮੈਂ ਕਿਹਾ।ਉਹ ਬੋਲੀ "ਜੀ ਨਹੀਂ, ਮੈਨੂੰ ਪ੍ਰੈਗਨੈਂਸੀ ਐਨੀ ਸੌਖੀ ਨਹੀਂ ਹੁੰਦੀ।ਪਹਿਲਾਂ ਕਈ ਮਹੀਨੇ ਡਾਕਟਰਾਂ ਦੇ ਗੇੜੇ ਮਾਰਦੀ ਆਂ, ਵਿਟਾਮਿਨ ਖਾਨੀ ਆਂ, ਸੁੱਖਾਂ ਸੁਖਦੀ ਆਂ, ਫਿਰ ਕਿਤੇ ਹੁੰਦੀ ਐ।ਹਰ ਵਾਰ ਸ਼ੁੁਰੂ ਤੋਂ ਹੀ ਬਹੁਤ ਉਲਟੀਆਂ ਲਗਦੀਆਂ ਹਨ, ਪਰ ਇਸ ਵਾਰ ਤਾਂ ਕੁਝ ਵੀ ਨਹੀਂ ਹੌਇਆ।" "ਟੈਸਟ ਕਰਵਾਇਆ?" ਮੈਂ ਪੁਛਿੱਆ। "ਮੈਨੂੰ ਕੁਝ ਲਗਦਾ ਹੀ ਨਹੀਂ ਫਿਰ ਟੈਸਟ ਕਾਹਦਾ?" ਉਸ ਨੇ ਜਵਾਬ ਦਿਤਾ। ਮੈਂ ਉਸ ਨੂੰ ਉਸੇ ਦਵਾਈ ਦੀ ਇਕ ਹੋਰ ਖੁਰਾਕ ਦੇ ਕੇ ਫਿਰ ਮਹੀਨੇ ਬਾਦ ਆਉਣ ਲਈ ਕਿਹਾ।

        ਇਸ ਵਾਰ ਉਹ ਮਹੀਨੇ ਤੋਂ ਹਫਤਾ ਪਹਿਲਾਂ ਹੀ ਆ ਗਈ।ਕਹਿਣ ਲਗੀ ਕਿ ਟੈਸਟ ਕਰਵਾਇਆ ਹੈ ਤੇ ਪ੍ਰੈਗਨੈਂਸੀ ਨਿਕਲੀ ਹੈ।ਉਸ ਦੇ ਚੇਹਰੇ ਤੇ ਵਿਸਮਾਦ ਭਰੀ ਖ਼ੁਸ਼ੀ ਸੀ। ਮੈਂ ਹੱਸ ਕੇ ਕਿਹਾ "ਜਾਹ ਐਸ਼ ਕਰ।ਹੁਣ ਮੁੰਡੇ-ਕੁੜੀ ਦਾ ਟੈਸਟ ਕਰਵਾਉਣ ਨਾ ਚਲੀ ਜਾਂਈਂ!" ਉਹ ਝੇਂਪ ਗਈ। ਪੱੁਛਣ ਲਗੀ,"ਅੰਕਲ ਜੀ, ਕੀ ਹੁਣ ਮੈਂ ਤੁਰੀ ਫਿਰੀ ਜਾਵਾਂ ਜਾਂ ਲੇਟੀ ਰਿਹਾ ਕਰਾਂ?" ਮੈਂ ਕਿਹਾ,"ਤੁਰ ਫਿਰ, ਲੇਟੀ ਕਿਉਂ ਰਹੇਂ?" ਉਸ ਨੇ ਫਿਰ ਪੁੱਛਿਆ,"ਕੋਠੇ ਚੜਨਾ ਤੇ ਬੋਝ-ਭਾਰ ਚੁਕਣਾ ਤਾਂ ਬੰਦ ਕਰ ਦਿਆਂ?" ਮੈਂ ਕਿਹਾ,"ਉਹ ਕਿਉਂ?" "ਡਰਦੀ ਆਂ ਕਿਤੇ ਫੇਰ ਨਾ ਕੁਝ ਹੋ ਜਾਵੇ।" ਉਹ ਸਹਿਮ ਕੇ ਬੋਲੀ। "ਜੋ ਦੂਜੀਆਂ ਗਰਭਵਤੀਆਂ ਕਰਦੀਆਂ ਹਨ, ਤੂੰ ਉਹ ਸਭ ਕੁਝ ਕਰ।ਡਰ ਨਾ।ਤੈਨੂੰ ਕੁਝ ਨਹੀਂ ਹੋਵੇਗਾ।" ਮੈਂ ਉਸ ਨੂੰ "ਫੀਅਰ ਆਫ ਅਬੌਰਸ਼ਨ" ਲਈ ਦਵਾਈ ਦੀ ਇਕ ਖ਼ੁਰਾਕ ਦੇ ਕੇ ਰੁਖ਼ਸਤ ਕਰ ਦਿਤਾ।

        ਹਰਦੀਪ ਥੋੜੇ 2 ਦਿਨਾਂ ਬਾਦ ਆਉਂਦੀ ਰਹੀ ਤੇ ਦਸਦੀ ਰਹੀ ਕਿ ਉਹ ਹਸਪਤਾਲ ਵਿਚ ਲਗਾਤਾਰ ਚੈਕ ਕਰਵਾ ਰਹੀ ਹੈ ਤੇ ਠੀਕ ਠਾਕ ਹੈ। ਮੈਂ ਉਸ ਨੂੰ ਹਰ ਮਹੀਨੇ ਸ਼ੁਰੂ ਵਾਲੀ ਦਵਾਈ ਦੀ ਖ਼ੁਰਾਕ ਦੇਂਦਾ ਰਿਹਾ।ਅਖ਼ੀਰ ਪੰਜਵੇਂ ਮਹੀਨੇ ਦੇ ਸ਼ੁਰੂ ਵਿਚ ਇਕ ਦਿਨ ਉਹ ਭੈ ਭੀਤ ਹੋਈ ਆਈ।ਕਹਿਣ ਲਗੀ ਕਿ ਉਸ ਦੀ ਲੇਡੀੋ ਡਾਕਟਰ ਨੇ ਉਸ ਨੂੰ ਸਲਾਹ ਦਿਤੀ ਹੈ ਕਿ ਉਹ ਬੱਚੇਦਾਨੀ ਦੇ ਮੂੰਹ ਤੇ ਟਾਂਕੇ ਲਵਾ ਲਵੇ ਤਾਂ ਜੋ ਬੱਚਾ ਬਾਹਰ ਨਾ ਨਿਕਲ ਸਕੇ।ਮੈਂ ਉਸ ਨੂੰ ਕਿਹਾ ਕਿ ਇਸ ਦੀ ਲੋੜ ਨਹੀਂ ਕਿਉਂਕਿ ਉਹ ਉਂਜ ਹੀ ਠੀਕ ਰਹੇਗੀ।ਉਸ ਵੇਲੇ ਤਾਂ ਉਹ ਮੇਰੀ ਗੱਲ ਮੰਨ ਕੇ ਚਲੀ ਗਈ ਪਰ ਘਰ ਜਾ ਕੇ ਮਨ ਬਦਲ ਲਿਆ।

        ਇਸ ਤੋਂ ਬਾਦ ਉਸ ਦੇ ਸਾਰੇ ਘਰ ਵਾਲੇ ਟਾਂਕਿਆਂ ਬਾਰੇ ਮੇਰੀ ਰਾਏ ਪੁਛੱਣ ਲਈ ਇਕ 2 ਕਰਕੇ ਗੇੜੇ ਮਾਰਨ ਲੱਗੇ।ਮੈਂ ਉਹਨਾਂ ਨੂੰ ਕਿਹਾ ਕਿ ਜਿਵੇਂ ਇੱਛਾ ਹੈ ਕਰੋ ਪਰ ਇਸ ਦੀ ਲੋੜ ਕੋਈ ਨਹੀਂ।ਉਹ ਘਰ ਜਾ ਕੇ ਹਰਦੀਪ ਨੂੰ ਸਮਝਾਉਂਦੇ ਰਹੇ ਪਰ ਉਹ ਨਾ ਮੰਨੀ।ਲਿਹਾਜ਼ਾ ਇਸ ਮਸਲੇ ਨੂੰ ਲੈ ਕੇ ਇਕ ਦਿਨ ਉਹ ਸਾਰੇ ਮੇਰੇ ਘਰ ਆ ਗਏ।ਉਹਨਾਂ ਲਈ ਇਹ ਅਹਿਮ ਫੈਸਲਾ ਸੀ ਇਸ ਲਈ ਉਹਨਾਂ ਨੇ ਹਰਦੀਪ ਦੇ ਪੇਕੇ ਵੀ ਉਥੇ ਸੱਦ ਲਏ।ਉਹਨਾਂ ਦਾ ਇਕੋ ਨੁਕਤਾ ਸੀ ਕਿ ਜਾਂ ਮੈ ਖੁਸ਼ੀ 2 ਟਾਂਕਿਆਂ ਲਈ ਦੋ-ਟੁਕੀ ਹਾਂ ਕਰ ਦੇਵਾਂ ਜਾਂ ਹਰਦੀਪ ਆਪਣੀ ਜ਼ਿੱਦ ਤੋਂ ਟਲ ਜਾਵੇ ਤੇ ਉਹਨਾਂ ਨੁੰ ਤੰਗ ਨਾ ਕਰੇ।ਮੈਂ ਹਰਦੀਪ ਨਾਲ ਇਕਲਿਆਂ ਬੈਠ ਕੇ ਗੱਲ ਕੀਤੀ। ਉਸ ਨੇ ਦਸਿਆ ਕਿ ਉਹ ਮੇਰੇ ਇਲਾਜ਼ ਨਾਲ ਤਾਂ ਸੰਤੁਸਟ ਸੀ ਪਰ ਸਲਾਹ ਨਾਲ ਨਹੀਂ ਕਿਉਂਕਿ ਇਸ ਵਾਰ ਕੋਈ ਉੱਨੀ ਇੱਕੀ ਗੱਲ ਹੋਣ ਨਾਲ ਉਸ ਦੇ ਵਿਆਹੁਤਾ ਜੀਵਨ ਦਾ ਅੰਤ ਹੋ ਜਾਵੇਗਾ।

        ਮੈਂ ਸੋਚਿਆ ਹੁਣ ਉਹਨਾਂ ਸਭ ਨੂੰ ਅਸਲੀ ਗੱਲ ਦੱਸਣ ਦਾ ਸਮਾਂ ਆ ਚੁੱਕਿਆ ਹੈ ਤਾਂ ਜੋ ਉਹ ਅਪਣੀ ਸੋਚ ਸੁਧਾਰ ਲੈਣ।ਮੈਂ ਦੋਹਾਂ ਪਰਿਵਾਰਾਂ ਨੂੰ ਬਿਠਾ ਕੇ ਸੰਬੋਧਨ ਕੀਤਾ,"ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ।ਹਰੇਕ ਚੀਜ਼ ਦਾ ਕੋਈ ਕਾਰਣ ਹੁੰਦਾ ਹੈ ਤੇ ਕਾਰਣ ਅਨੁਸਾਰ ਹੀ ਉਸ ਦਾ ਇਲਾਜ਼ ਹੁੰਦਾ ਹੈ।ਹਰਦੀਪ ਦੀ ਸਮਸਿੱਆ ਦਾ ਕਾਰਣ ਕਰੋਨਿਕ ਲੈਡ (ਸਿੱਕਾ) ਪੋਆਇਜ਼ਨਿੰਗ ਸੀ ਜਿਹੜੀ ਇਸ ਨੂੰ ਤੁਹਾਡੇ ਨਵੇਂ ਘਰ ਦੇ ਪਾਈਪਿੰਗ, ਡਿਸਟੈਂਪਰ ਤੇ ਰੰਗ ਰੋਗਨ ਤੋਂ ਹੋਈ ਸੀ।ਇਸ ਨਾਲ ਇਸ ਦੇ ਮਸੂੜ੍ਹੇ ਨੀਲੇ ਹੋ ਗਏ ਸਨ ਤੇ ਇਸ ਨੂੰ ਉਦਰ-ਸ਼ੁਲ ਦੇ ਦੌਰੇ ਪੈਣ ਲਗ ਪਏ ਸਨ।ਇਸ ਦੀ ਬੱਚੇਦਾਨੀ ਤੇ ਪੇਟ ਦੀਆਂ ਮਾਸ-ਪੇਸ਼ੀਆਂ ਏਨੀਆਂ ਸਖ਼ਤ ਹੋ ਗਈਆਂ ਸਨ ਕਿ ਇਹਨਾਂ ਦੀ ਕਠੋਰਤਾ ਕਾਰਣ ਬੱਚੇ ਨੂੰ ਵਧਣ ਫੁਲਣ ਦੀ ਥਾਂ ਨਹੀਂ ਸੀ ਮਿਲਦੀ।ਇਸ ਹਾਲਤ ਵਿਚ ਬੱਚਾ ਕੁਝ ਚਿਰ ਤਾਂ ਵਧਦਾ ਰਹਿੰਦਾ ਸੀ ਪਰ ਵੱਡਾ ਹੋਣ ਤੇ ਬਾਹਰ ਨਿਕਲ ਜਾਂਦਾ ਸੀ।ਗਰਭ ਸਹੀ ਨਾ ਹੋਣ ਦੇ ਲੱਛਣ ਉਲਟੀਆਂ ਰਾਹੀਂ ਪਹਿਲੇ ਹੀ ਦਿਨ ਤੋਂ ਹੀ ਸ਼ੁਰੂ ਹੋ ਜਾਂਦੇ ਸਨ।ਅਜਿਹੀ ਹਾਲਤ ਵਿਚ ਕੋਈ ਟਾਂਕਾ ਬੱਚੇ ਨੂੰ ਘੁਟ ਕੇ ਅੰਦਰ ਨਹੀਂ ਰਖ ਸਕਦਾ।ਜੇ ਜੋਰ ਜ਼ਬਰ ਕਰਕੇ ਰਖੇਗਾ ਤਾਂ ਮਾਂ ਤੇ ਬੱਚੇ ਦੋਹਾਂ ਦਾ ਨੁਕਸਾਨ ਕਰੇਗਾ।ਇਸ ਨੂੰ ਹੀ ਤੁਸੀਂ ਮੰਗਲੀਕ ਅਸਰ ਸਮਝਦੇ ਹੋ।

        "ਹੁਣ ਹੋਮਿਓਪੈਥਿਕ ਦਵਾਈ ਨੇ ਲੈੱਡ ਦਾ ਇਹ ਮਾਰੂ ਅਸਰ ਖਤਮ ਕਰ ਦਿਤਾ ਹੈ।ਇਸ ਦੇ ਪੇਟ ਦੇ ਸਭ ਮੱਸਲ ਨਰਮ ਹੋ ਗਏ ਹਨ।ਚਾਰ ਮਹੀਨਿਆਂ ਤੋਂ ਕੋਈ ਪੇਟ ਦਰਦ ਨਹੀਂ ਹੋਇਆ ਹੈ।ਕੁੱਖ ਸਹਿਜੇ ਹੀ ਭਾਰੀ ਹੋ ਗਈ ਹੈ।ਕੋਈ ਉਲਟੀ ਵੀ ਨਹੀਂ ਲਗੀ ਹੈੇ।ਮੈਂ ਰੱਬ ਤਾਂ ਨਹੀਂ ਪਰ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਇਸ ਵਾਰ ਪਹਿਲਾਂ ਵਾਂਗ ਨਹੀਂ ਹੋਵੇਗਾ।ਜੇ ਫਿਰ ਵੀ ਤੁਹਾਡੀ ਤਸਲੀ ਟਾਂਕੇ ਲਵਾ ਕੇ ਇਸ ਨੂੰ ਪੰਜ ਚਾਰ ਮਹੀਨੇ ਹਸਪਤਾਲ ਲਿਟਾਉਣ ਅਤੇ ਵਾਧੂ ਖਰਚਾ ਕਰਨ ਨਾਲ ਹੀ ਹੁੰਦੀ ਹੈ ਤਾਂ ਕਰੋ। ਇਸ ਦਾ ਕੋਈ ਫਾਇਦਾ ਤਾਂ ਨਹੀਂ ਹੋਵੇਗਾ, ਹਾਂ ਅੰਦਰੂਨੀ ਛੇੜਛਾੜ ਨਾਲ ਨੁਕਸਾਨ ਜਰੂਰ ਹੋ ਸਕਦਾ ਹੈ।"

        ਇਹ ਗੱਲ ਸੁਣ ਕੇ ਸਾਰੇ ਕਹਿਣ ਲਗੇ," ਤੁਸੀਂ ਤਾਂ ਜੀ ਸਾਡੇ ਲਈ ਰੱਬ ਤੋਂ ਵੀ ਵੱਧ ਹੋ, ਜਿਵੇਂ ਕਹਿੰਦੇ ਹੋ ਅਸੀਂ ਉਦਾਂ ਹੀ ਕਰਾਂਗੇ।ਸਾਡੀਆਂ ਮੁਰਾਦਾਂ ਘਰ ਬੈਠੇ ਹੀ ਪੂਰੀਆਂ ਹੋ ਜਾਣ, ਸਾਨੂੰ ਹੋਰ ਕੀ ਚਾਹੀਦਾ ਹੈ? ਹਸਪਤਾਲ ਵਾਲਿਆਂ ਨੇ ਅਗੇ ਕਿਹੜਾ ਸਾਡੀਆਂ ਝੋਲੀਆਂ ਭਰ ਦਿਤੀਆਂ।ਕਿੰਨੇ ਸਾਲ ਹੋ ਗਏ ਬਦੀਨੀ ਕਟਦਿਆਂ ਨੂੰ।" ਇਸ ਤੋਂ ਬਾਦ ਸਭ ਆਮ ਸੰਤੁਸ਼ਟੀ ਨਾਲ ਘਰ ਪਰਤ ਗਏ।

        ਦਸ ਕੁ ਦਿਨ ਬਾਦ ਹਰਦੀਪ ਦਾ ਫੋਨ ਆਇਆ।ਕਹਿਣ ਲਗੀ ਉਸ ਨੂੰ ਗੱਲ ਦੀ ਸਮਝ ਪੈ ਗਈ ਹੈ।ਹੁਣ ਉਹ ਟਾਂਕੇ ਤਾਂ ਨਹੀ ਲਵਾਏਗੀ ਪਰ ਬਾਕੀ ਦਾ ਸਮਾਂ ਮੰਜੇ ਤੇ ਲੰਮੀ ਜਰੂਰ ਪਵੇੇਗੀ।ਮੈਂ ਉਸ ਦੇ ਨਿਰਨੇ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਵਿਚੋਂ ਉੱਠ ਕੇ ਥੋੜਾ ਘੁੰਮਣ ਫਿਰਨ ਦੀ ਸਲਾਹ ਦਿਤੀ।ਫਿਰ ਸਮੇਂ 2 ਤੇ ਉਸ ਦੇ ਡਾਕਟਰੀ ਚੈਕ-ਅੱਪ ਰਾਹੀਂ ਠੀਕ ਠਾਕ ਹੋਣ ਬਾਰੇ ਫੋਨ ਆਉਂਦੇ ਰਹੇ ਤੇ ਉਹ ਹਰ ਮਹੀਨੇ ਆਪਣੇ ਪਤੀ ਹੱਥ ਦਵਾਈ ਦੀ ਖ਼ੁਰਾਕ ਮੰਗਵਾਉਂਦੀ ਰਹੀ।ਮਿੱਥੇ ਸਮੇਂ ਤੋਂ ਹਫਤਾ ਪਹਿਲਾਂ ਉਹ ਡਾਕਟਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋ ਗਈ ਤੇ 23 ਦਸੰਬਰ 2008 ਨੂੰ ਸਵੇਰੇ ਨਾਰਮਲ ਡਿਿਲਵਰੀ ਰਾਹੀਂ ਇਕ ਸਿਹਤਮੰਦ ਬੱਚੇ ਦੀ ਮਾਂ ਬਣ ਗਈ।

        ਉਸ ਦਿਨ ਮੈਂ ਉਸ ਨੂੰ ਹਸਪਤਾਲ ਵੇਖਣ ਗਿਆ।ਉਸ ਦੇ ਪੇਕੇ ਤੇ ਸਹੁਰੇ ਦੋਵੇਂ ਪ੍ਰੀਵਾਰ ਆਏ ਹੋਏ ਸਨ।ਉਹਨਾਂ ਦੇ ਚਿਹਰਿਆਂ ਤੇ ਅਨੋਖਾ ਚਾਅ ਤੇ ਖੇੜਾ ਸੀ।ਉਹਨਾਂ ਨੇ ਮੇਰਾ ਯਾਦਗ਼ਾਰੀ ਆਓ-ਭਗਤ ਕੀਤਾ।ਹਰਦੀਪ ਨੇ ਬੈੱਡ ਤੇ ਲੇਟਿਆਂ ਹੀ ਚੁੰਨੀ ਲਾਹ ਕੇ ਮੇਰੇ ਪੈਰਾਂ ਵਲ ਛੁਹਾਈ ਤੇ ਮੇਰਾ ਧੰਨਵਾਦ ਕਰਦੀ ਹੋਈ ਬੋਲੀ,"ਸ਼ੁਕਰੀਆ ਅੰਕਲ ਜੀ।ਇਹ ਤੁਹਾਡਾ ਹੀ ਪ੍ਰਤਾਪ ਹੈ।ਹੁਣ ਤੁਸੀਂ ਹੀ ਇਸ ਦਾ ਨਾਂ ਰਖੋ।" ਮੈਂ ਹੱਸ ਕੇ ਕਿਹਾ, "ਇਹ ਮੰਗਲੀਕ ਮਾਂ ਦਾ ਪੁੱਤਰ ਹੈ, ਯੋਧਾ ਹੈ, "ਯ" ਅੱਖਰ ਤੇ ਨਾਂ ਰੱਖ ਦਿਓ।" ਉਹ ਸ਼ਰਮਾਅ ਕੇ ਮੁਸਕਰਾਈ ਜਿਵੇਂ ਪੁੱਛ ਰਹੀ ਹੋਵੇ,"ਕੀ ਮੈਂ ਹਾਲੇ ਵੀ ਮੰਗਲੀਕ ਹਾਂ?"

        ਬਾਦ ਵਿਚ ਮੈਨੂੰ ਵਿਚ ਪਤਾ ਚਲਿਆ ਕਿ ਉਹਨਾਂ ਨੇ ਬੱਚੇ ਦਾ ਨਾਂ ਉਹਨਾਂ ਦਿਨਾਂ ਵਿਚ ਜ਼ੀ ਟੀਵੀ ਤੇ ਚਲ ਰਹੇ ਇਕ ਸੀਰੀਅਲ ਦੇ ਨੌਜਵਾਨ ਮੁੱਖ-ਪਾਤਰ ਦੇ "ਯ" ਅੱਖਰ ਨਾਲ ਸ਼ੁਰੂ ਹੁੰਦੇ ਨਾਂ ਤੇ ਰਖਿਆ।

        ਮੈਂ 20 ਅਗਸਤ 2008 ਨੂੰ ਅਮਰੀਕਾ ਵਾਪਸ ਆਉਣਾ ਸੀ।ਮੇਰੇ ਆਉਣ ਤੋਂ ਤਿੰਨ ਦਿਨ ਪਹਿਲਾਂ ਹਰਦੀਪ ਅਗਾਹਾਂ ਬਾਰੇ ਦਵਾਈ ਪਤਾ ਕਰਨ ਆਈ।ਮੈਂ ਰਵਾਜਨ ਹੀ ਉਸ ਨੂੰ ਉਸ ਨਾਲ ਘਰ ਵਿਚ ਹੁੰਦੇ ਮੌਜ਼ੂਦਾ ਵਿਵਹਾਰ ਬਾਰੇ ਪੁੱਛ ਲਿਆ।ਹੱਸ ਕੇ ਕਹਿਣ ਲਗੀ,"ਜੀ ਬਿਲਕੁਲ ਬਦਲ ਗਿਆ ਹੈ।ਪਹਿਲਾਂ ਰੋਟੀ ਟੁੱਕ ਮੈਂ ਕਰਦੀ ਸੀ, ਮਾਤਾ ਮੰਜੇ ਤੇ ਬੈਠੀ ਹੁਕਮ ਝਾੜਦੀ ਸੀ।ਹੁਣ ਸਾਰਾ ਕੁਝ ਉਹ ਆਪ ਕਰਦੀ ਐ, ਮੇਰੀ ਡਿਊਟੀ "ਪੋਤਾ" ਸੰਭਾਲਣ ਤੇ ਲਾਈ ਹੋਈ ਐ।ਹੁਣ ਚੰਗਾ

ਮਾੜਾ ਵੀ ਨੀ ਬੋਲਦੀ, ਸਗੋਂ ਇਕ ਪੋਤੀ ਮੰਗਣ ਲਗ ਪਈ ਐ!" ਮੈਂ ਖੁਸ਼ ਹੋਇਆ ਕਿ ਘੱਟੋ ਘੱਟ ਇਕ ਸਿੱਖੀ-ਜਿਊੜੇ ਨੂੰ ਤਾਂ "ਸੋ ਕਿਉ ਮੰਦਾ ਆਖੀਐ" ਤੁਕ ਦੀ ਸਮਝ ਪੈ ਗਈ ਹੈ ਤੇ ਪੰਜਾਬ ਦੀ ਘਟੋ ਘੱੱਟ ਇਕ ਧੀ ਤਾਂ ਹੁਣ ਵਾਰਸ ਸ਼ਾਹ ਨੂੰ ਨਹੀਂ ਪੁਕਾਰੇਗੀ। 

        ਜਦੋਂ ਵੀ ਮੈਂ ਇਸ ਕੇਸ ਨੂੰ ਯਾਦ ਕਰਦਾ ਹਾਂ ਮੈਂਨੂੰ ਡਾ:ਹੈਨੀਮੈਨ ਦੀ ਇਹ ਚਿਤਾਵਨੀ ਚੇਤੇ ਆ ਜਾਂਦੀ ਹੈ, "ਸਿਧਾਂਤਾਂ ਵਿਚ ਨਾ ਉਲਝੋ, ਇਹ ਨਿਕੰਮਿਆਂ ਦਾ ਕੰਮ ਹੈ।ਡਾਕਟਰ ਦਾ ਕੰਮ ਮਰੀਜ਼ ਨੂੰ ਸ਼ੀਘਰ, ਸਹਿਲ ਤੇ ਸਦੀਵੀ ਢੰਗ ਨਾਲ ਸਿਹਤਯਾਬ ਕਰਨਾ ਹੈ।ਮਰਜ਼ ਪਿੱਛੇ ਨਾ ਜਾਓ, ਇਹ ਛਲਾਵਾ ਹੈ।ਮਰੀਜ਼ ਨੂੰ ਦੇਖੋ ਜੋ ਤਕਲੀਫ਼ ਕਾਰਣ ਤੁਹਾਡੇ ਕੋਲ ਚਲ ਕੇ ਆਇਆ ਹੈ।ਕਾਹਲ ਨਾ ਕਰੋ, ਹਰ ਤਰਾਂ ਨਾਲ ਵੇਖੋ, ਵੇਖੋ ਕਿ ਉਸ ਦੀ ਸਮੂਚੀ ਸਿਹਤ ਵਿਚ ਕੀ ਵਿਕਾਰ ਹੈ ਤੇ ਉਸ ਵਿਚ ਕੀ ਦਰੁਸਤ ਕਰਨਯੋਗ ਹੈ।ਜਿੰਨੀ ਕੁਸ਼ਲਤਾ ਨਾਲ ਤੁਸੀਂ ਇਹ ਕਰ ਸਕੋਗੇੇ, ਓਨੇ ਹੀ ਵੱਡੇ ਸਿਹਤਦਾਤਾ ਤੁਸੀਂ ਹੋਵੋਗੇ।"

        ਇਸ ਕਥਨ ਦੀ ਰੋਸ਼ਨੀ ਵਿਚ ਹੀ ਮੈਂ ਉਪ੍ਰੋਕਤ ਕੇਸ ਵਿਚ "ਪ੍ਰੀ-ਮਿਿਚਓਰ ਅਬੋਰਸ਼ਨ" ਦੀ ਬੀਮਾਰੀ ਪਿੱਛੇ ਨਾ ਜਾ ਕੇ ਮਰੀਜ਼ ਦੀ ਸਿਹਤ ਵਿਚ ਪਿਆ "ਦਰੁਸਤ ਕਰਨਯੋਗ" ਵਿਕਾਰ ਲੱਭ ਸਕਿਆ ਸਾਂ ਅਤੇ ਉਸ ਨੂੰ ਬਿਨਾਂ ਛੂਹੇ ਇਕੋ ਦਵਾਈ ਨਾਲ ਹੀ ਉਲਟੀ-ਚੱਕਰਾਂ ਸਮੇਤ ਸਾਰੇ ਗਰਭ-ਰੋਗਾਂ ਤੇ ਘਰੇਲੂ ਕਲੇਸ਼ਾਂ ਤੋਂ ਮੁਕਤ ਕਰ ਸਕਿਆ ਸਾਂ। 


No comments:

Post a Comment