Jey Hau Jana Akhaa Nahi

                                                    ਜੇ ਹਉ ਜਾਣਾ ਆਖਾ ਨਾਹੀ

        ਮਨੁੱਖੀ ਮਨ ਦੀਆਂ ਕਈੇ ਅਚੇਤ ਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਬਾਰੇ ਸਾਡੀ ਜਾਣਕਾਰੀ ਬਹੁਤ ਘੱਟ ਹੈ। ਫ਼ਰਾਇਡ ਤੇ ਜੰਗ ਨੇ ਅਜਿਹੀਆਂ ਅਵਸਥਾਵਾਂ ਬਾਰੇ ਬਹੁਤ ਖ਼ੋਜ ਕੀਤੀ ਹੈ ਪਰ ਉਹਨਾਂ ਦਾ ਵੀ ਇਹਨਾਂ ਸਬੰਧੀ ਅਪਣਾ ਸਿੱਧਾ ਤਜ਼ਰਬਾ ਬਹੁਤ ਘੱਟ ਹੈ।ਮਨੁੱਖੀ ਮਨ ਸਮੂੰਦਰੋਂ ਡੰੂਘਾ ਹੈ ਤੇ ਇਸ ਦੀਆਂ ਅਥਾਹ ਪਰਤਾਂ ਹਨ।ਸੰਸਾਰ ਵਿਚ ਮਨ ਹੀ ਇਕ ਅਜਿਹੀ ਧਾਰਾ ਹੈ ਜੋੋ ਸਮੇਂ ਦੇ ਵਿਪਰੀਤ ਵੀ ਵਹਿ ਸਕਦੀ ਹੈ।ਮਨੁੱਖੀ ਮਨ ਤੇ ਯਾਦ-ਸ਼ਕਤੀ ਆਪਸ ਵਿਚ ਨਹੁੰ ਤੇ ਮਾਸ ਵਾਂਗ ਜੁੜੇ ਹੁੰਦੇ ਹਨ ਤੇ ਇਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ।ਜਿਹਨਾਂ ਵਿਅਕਤੀਆਂ ਦੀ ਯਾਦਦਾਸ਼ਤ ਕੁਝ ਸਮੇਂ ਲਈ ਚਲੀ ਜਾਂਦੀ ਹੈ, ਉਹਨਾਂ ਤੇ ਇਸ ਦੇ ਪਰਤਣ ਉਪ੍ਰੰਤ ਕੀ ਬੀਤਦਾ ਹੈ, ਇਹ ਉਹੀ ਜਾਣ ਸਕਦੇ ਹਨ।
        ਅਸੀਂ ਆਮ ਤੌਰ ਤੇ ਇਹ ਸਮਝਦੇ ਹਾਂ ਕਿ ਯਾਦਦਾਸ਼ਤ ਦਾ ਪਰਤਣਾ ਗੂਹੜੀ ਨੀਂਦ ਤੋਂ ਜਾਗਣ ਵਾਂਗ ਹੀ ਇਕ ਸਾਧਾਰਣ ਤੇ ਪੀੜ-ਰਹਿਤ ਵਾਕਾ ਹੁੰਦਾ ਹੈ।ਪਰ ਅਜਿਹਾ ਨਹੀਂ ਹੈ।ਇਹ ਹਾਲਤ ਧੁਰ ਅੰਦਰੋਂ ਇਕ ਅਸਹਿ ਸਦਮੇ ਦੇ ਕੋਹਣ ਵਰਗੀ ਹੁੰਦੀ ਹੈ ਜਿਸ ਨਾਲ ਮਨ ਗੁਆਚੇ ਪਲਾਂ ਦੀ ਭਾਲ ਵਿਚ ਬਾਰ 2 ਤਰਲੋ-ਮੱਛੀ ਹੁੰਦਾ ਰਹਿੰਦਾ ਹੈ ਅਤੇ ਅੰਦਰ ਹੀ ਅੰਦਰ ਘੁਟਦਾ ਰਹਿੰਦਾ ਹੈ। ਇਸ ਤੱਥ ਨੂੰ ਉਜਾਗਰ ਕਰਨ ਵਾਲੀ ਇਕ ਆਪ ਬੀਤੀ ਸੱਚੀ ਘਟਨਾ ਬਿਆਨ ਕਰ ਰਿਹਾ ਹਾਂ ਜਿਸ ਬਾਰੇ ਮੈਂ ਆਪ ਵੀ ਬਹੁਤਾ ਨਹੀਂ ਜਾਣਦਾ। ਜੇ ਜਾਣਦਾ ਹੁੰਦਾ ਤਾਂ ਇਸ ਬਾਰੇ ਲਿਖਦਾ ਵੀ ਨਾ ਕਿਉਂਕਿ ਫਿਰ ਇਸ ਵਿਚ ਲਿਖਣ ਲਈ ਕੁਝ ਰਿਹਾ ਵੀ ਨਾ ਹੁੰਦਾ।
        ਇਹ ਗੱਲ ਸਤੰਬਰ 1997 ਦੀ ਹੈ।ਉਹਨਾਂ ਦਿਨਾਂ ਵਿਚ ਮੇਰੀ ਪਤਨੀ ਅਮਰੀਕਾ ਵਿਚ ਆਈ ਹੋਈ ਸੀ।ਪ੍ਰੀਵਾਰ ਵਿਚੋਂ ਕੇਵਲ ਮੈਂ ਤੇ ਮੇਰਾ ਛੋਟਾ ਲੜਕਾ ਹੀ ਪਟਿਆਲੇ ਵਿਚ ਰਹਿ ਰਹੇ ਸਾਂ। ਮੇਰਾ ਲੜਕਾ ਮੈਡੀਕਲ ਕਾਲਜ਼ ਵਿਚ ਦਾਖ਼ਲੇ ਲਈ ਪੀ ਐਮ ਟੀ ਦੀ ਤਿਆਰੀ ਕਰ ਰਿਹਾ ਸੀ।ਉਹ ਹਰ ਰੋਜ਼ ਸਵੇਰੇ ਚਾਰ ਵਜੇ ਅਰਬਨ ਅਸਟੇਟ ਤੋਂ ਪਟਿਆਲੇ ਮਹਿੰਦਰਾ ਕਾਲਜ ਦੀ ਪ੍ਰੋਫੈਸਰ ਰਣਜੀਤ ਕੌਰ ਤੁੱਲੀ ਕੋਲ ਟਿਊਸ਼ਨ ਪੜ੍ਹਨ ਜਾਂਦਾ ਹੁੰਦਾ ਸੀ ਤੇ ਉਸ ਤੋਂ ਬਾਦ ਫਿਿਜ਼ਕਸ-ਕੈਮੀਸਟਰੀ ਦੀਆਂ ਟਿਊਸ਼ਨਾਂ ਲਾ ਕੇ ਨੌਂ ਵਜੇ ਘਰ ਮੁੜਦਾ ਸੀ।ਮੈਂ ਉਸ ਨੂੰ ਪੌਣੇ ਚਾਰ ਵਜੇ ਚਾਹ ਪਿਆ ਕੇ ਪੜ੍ਹਨ ਤੋਰ ਦਿੰਦਾ ਸਾਂ ਤੇ ਆਪ ਆਪਣੇ ਜਪੁਜੀ ਸਾਹਿਬ ਦੀ ਵਿਆਖਿਆ ਦੇ ਪ੍ਰਾਜੈਕਟ ਤੇ ਕੰਮ ਕਰਨ ਬੈਠ ਜਾਂਦਾ ਸਾਂ।
        ਰੋਜ਼ ਵਾਂਗ ਘਟਨਾ ਵਾਲੇ ਦਿਨ ਉਸ ਨੂੰ ਭੇਜ ਕੇ ਜਦੋਂ ਆਪਣਾ ਚਾਹ ਦਾ ਪਿਆਲਾ ਲੈ ਕੇ ਮੈਂ ਸਟੱਡੀ ਟੇਬਲ ਤੇ ਗਿਆ ਤਾਂ ਸਾਹਮਣੇ “ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ” ਦੀ ਤੁਕ ਵਿਆਖਿਆ ਦੀ ਉਡੀਕ ਕਰ ਰਹੀ ਸੀ। ਇਸ ਤੁਕ ਬਾਰੇ ਮੈਂ ਪਿਛਲੇ ਇਕ ਦਿਨ ਤੋਂ ਗੰਭੀਰਤਾ ਨਾਲ ਸੋਚ ਰਿਹਾ ਸਾਂ ਪਰ ਇਸ ਦੀ ਅੜਾਉਣੀ ਹੱਲ ਨਹੀਂ ਸੀ ਹੋ ਰਹੀ।ਇਸ ਨੂੰ ਪੜ੍ਹ ਕੇ ਇੰਜ ਲਗਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਕਹਿ ਰਹੇ ਹੋਣ ਕਿ ਜੇ ਮੈਂ ਜਾਣਦਾ ਵੀ ਹੋਵਾਂ ਤਾਂ ਵੀ ਬਿਆਨ ਨਾ ਕਰ ਸਕਾਂ।ਮੈਂ ਇਸ ਤੁਕ ਦਾ ਗੁਰੂ ਸਾਹਿਬ ਦੇ ਲਿਖਣ ਅਨੁਸਾਰ ਇਹ ਸਿੱਧਾ ਸਾਦਾ ਅਰਥ ਕੱਢਦਾ ਸਾਂ ਕਿ ਜੇ ਉਹਨਾਂ ਨੂੰ ਕਰਤਾਰ ਦੀ ਸਿਫਤਿ ਦਾ ਪਤਾ ਵੀ ਹੁੰਦਾ ਤਾਂ ਵੀ ਉਹ ਇਸ ਨੂੰ ਵਰਨਣ ਨਾ ਕਰ ਸਕਦੇ, ਭਾਵ ਉਹਨਾਂ ਨੂੰ ਇਸ ਬਾਰੇ ਕੋਈ ਗਿਆਨ ਹੀ ਨਹੀਂ ਸੀ। ਪਰ ਫਿਰ ਸੋਚਦਾ ਕਿ ਉਹਨਾਂ ਦੇ ਸ਼ਰਧਾਲੂ ਤੇ ਸਭ ਮੌਜ਼ੂਦਾ ਟੀਕਾਕਾਰ ਤਾਂ ਗੁਰੂ ਸਾਹਿਬ ਨੂੰ ਪੂਰੇ ਜਾਣੀ ਜਾਣ ਮੰਨਦੇ ਹਨ।ਜੇ ਇਹ ਸਭ ਵਿਦਵਾਨ ਉਹਨਾਂ ਤੇ ਪੂਰਨ ਵਿਸ਼ਵਾਸ ਕਰਦੇ ਹਨ ਤਾਂ ਫਿਰ ਉਹਨਾਂ ਦੀ ਲਿਖੀ ਗੱਲ ਨੂੰ ਸਹੀ ਕਿਉਂ ਨਹੀਂ ਮੰਨਦੇ?ਇਹ ਸਵਾਲ ਮੇਰੇ ਸਾਹਮਣੇ ਮੁੜ 2 ਖੜਾ ਹੋਈ ਜਾਂਦਾ ਸੀ।ਇਸ ਦਾ ਕਾਰਣ ਤਾਂ ਮੈਂਨੂੰ ਸਪਸ਼ਟ ਸੀ ਪਰ ਫਿਰ ਵੀ ਸੋਚਦਾ ਸਾਂ ਕਿ ਕੀ ਇਸ ਵਿਚ ਕੋਈ ਅਜਿਹਾ ਡੂੰਘਾ ਰੱਹਸ ਤਾਂ ਨਹੀਂ ਛੁਪਿਆ ਜੋ ਮੇਰੀ ਸਮਝ ਵਿਚ ਨਾ ਆਇਆ ਹੋਵੇ ਤੇ ਉਹਨਾਂ ਦੀ ਵਿਚ ਆ ਗਿਆ ਹੋਵੇ? ਇਸ ਦਵੰਧ ਕਾਰਣ ਮੇਰਾ ਕੰਮ ਰੁਕਿਆ ਪਿਆ ਸੀ ਤੇ ਮੈਨੂੰ ਇਸ ਬਾਰੇ ਹੋਰ ਸੋਚਣ ਦੀ ਲੋੜ ਮਹਿਸੂਸ ਹੋ ਰਹੀ ਸੀ।
        ਅਜਿਹੇ ਦਵੰਧਾਂ ਵੇਲੇ ਮੈਂ ਸਾਰਾ ਜਪੁਜੀ ਸਾਹਿਬ ਮੁੱਢ ਤੋਂ ਫਿਰ ਪੜ੍ਹਦਾ ਸੀ ਤੇ ਸਮੂਚੇ ਅਰਥ ਜੋੜਨ ਦੀ ਕੋਸ਼ਿਸ਼ ਕਰਦਾ ਸੀ।ਉਸ ਦਿਨ ਮੇਰੀ ਇੱਛਾ ਹੋਈ ਕਿ ਮੈਂ ਪੜ੍ਹਨ ਦੀ ਥਾਂ ਜਪੁਜੀ ਸਾਹਿਬ ਦੀ ਕੈਸਟ ਸੁਣਾਂ ਤੇ ਨਾਲ 2 ਚਾਹ ਦਾ ਇਕ ਹੋਰ ਪਿਆਲਾ ਬਣਾ ਕੇ ਪੀਵਾਂ।ਲਿਹਾਜ਼ਾ ਮੈਂ ਕੈਸਟ ਚਲਾਉਣ ਲਈ ਡਰਾਈਂਗ ਰੂਮ ਦੇ ਇਕ ਕੋਨੇ ਪਏ ਡੈੱਕ ਕੋਲ ਚਲਾ ਗਿਆ।ਵੇਖਿਆ, ਮੇਜ਼ ਤੇ ਨਵੇਂ ਪੁਰਾਣੇ ਸੌ ਡੇਢ ਸੌ ਕੈਸਟਾਂ ਦਾ ਢੇਰ ਲਗਾ ਪਿਆ ਸੀ ਜਿਹਨਾਂ ਵਿਚੋਂ ਜਪੁਜੀ ਸਾਹਿਬ ਵਾਲਾ ਟੇਪ ਲਭਣਾ ਆਸਾਨ ਕੰਮ ਨਹੀਂ ਸੀ। ਮੇਰਾ ਲੜਕਾ ਗਾਣਿਆਂ ਦਾ ਬੜਾ ਸ਼ੋਕੀਨ ਸੀ।ਉਹ ਨਿੱਤ ਨਵੀਆਂ ਕੈਸਟਾਂ ਖਰੀਦ ਕੇ ਜਾਂ ਰਿਕਾਰਡ ਕਰਵਾ ਕੇ ਲਿਆਈ ਜਾਂਦਾ ਸੀ ਤੇ ਬਿਨਾ ਸਿਰਲੇਖ ਲਿਖੇ ਸੁਣ 2 ਢੇਰ ਲਾਈ ਜਾਂਦਾ ਸੀ।ਜਪੁਜੀ ਸਾਹਿਬ ਤੋਂ ਹਟ ਕੇ ਮੇਰਾ ਧਿਆਨ ਕੈਸਟਾਂ ਦੀ ਛਾਂਟ-ਛੰਟਾਈ ਵਲ ਚਲਾ ਗਿਆ ਤਾਂ ਜੋ ਹਰ ਰੋਜ਼ ਲਭੱਣ ਲਭਾਉਣ ਦਾ ਝੰਜਟ ਖ਼ਤਮ ਹੋ ਸਕੇ।
        ਚਾਹ ਦਾ ਹੱਥਲਾ ਕੱਪ ਇਕ ਪਾਸੇ ਰੱਖ ਕੇ ਮੈਂ ਡੈੱਕ ਕੋਲ ਬੈਠ ਗਿਆ ਤੇ ਇਕ 2 ਕੈਸਟ ਵਜਾ ਕੇ ਉਸ ਦਾ ਵਿਸ਼ਾ-ਵਸਤੂ ਪਰਖਣ ਲਗਿਆ।ਕੈਸਟਾਂ ਤੇ ਟਾਈਟਲ ਲਿਖਣ ਲਈ ਮੈਨੂੰ ਇਕ ਅਜਿਹੇ ਮਾਰਕਰ ਦੀ ਲੋੜ ਪਈ ਜਿਹੜਾ ਪਲਾਸਟਿਕ ਦੇ ਤਲ ਤੇ ਪੱਕੀ ਤਰਾਂ ਉੱਕਰ ਸਕੇ ਤੇ ਜਿਸ ਦੀ ਲਿਖਾਈ ਕਦੇ ਮਿਟੇ ਨਾ। ਉਸੇ ਵੇਲੇ ਮੈਨੂੰ ਇਕ ਸਿਲਵਰ-ਰੰਗਾ ਮਾਰਕਰ ਯਾਦ ਅਇਆ ਜਿਹੜਾ ਚਾਰ ਪੰਜ ਮਹੀਨੇ ਪਹਿਲਾਂ ਮੈਂ ਆਪਣੀ ਲੜਕੀ ਦੀ ਸ਼ਾਦੀ ਦੇ ਕਾਰਡ ਲਿਖਣ ਲਈ ਖਰੀਦਿਆ ਸੀ।ਮੈਂ ਉਸ ਨੂੰ ਕਾਹਲ ਨਾਲ ਲੱਭਿਆ ਤੇ ਟੈਸਟ ਕੀਤਾ ਕਿ ਚਲਦਾ ਵੀ ਹੈ ਕਿ ਨਹੀਂ। ਇਹ ਮਾਰਕਰ ਨਵੇਂ ਵਾਂਗ ਹੀ ਠੀਕ ਪਿਆ ਸੀ ਤੇ ਇਸ ਦੀ ਲਿਖਾਈ ਮਿਟਦੀ ਵੀ ਨਹੀਂ ਸੀ।ਮੈਂ ਇਸ ਨਾਲ ਕੈਸਟਾਂ ਤੇ ਵਿਸ਼ੇ ਅਨੁਸਾਰ ਸਿਰਲੇਖ ਲਿਖਣ ਦਾ ਕੰਮ ਅਰੰਭ ਕਰ ਦਿਤਾ।
        ਪਹਿਲੀ ਕੈਸਟ ਫ਼ਿਲਮ ਅਨਾਰਕਲੀ ਦੇ ਗਾਣਿਆਂ ਦੀ ਸੀ, ਦੂਜੀ ਇਨਕਮ ਟੈਕਸ ਵਿਭਾਗ ਦੇ ਇਕ ਨੌਜਵਾਨ ਕਲਰਕ ਮਹਿੰਦਰ ਕੁਮਾਰ ਦੇ ਵਹਿਮੀ ਕਿਰਦਾਰ ਦੀ ਅਸਲ ਰਿਕਾਰਡਿੰਗ ਸੀ।ਤੀਜੀ ਕੈਸਟ ਵਿਚ ਸਾਲ 1980 ਵਿਚ ਕਾਮਰੇਡ ਸੋਹਨ ਸਿੰਘ ਜੋਸ਼ ਨਾਲ ਦਿੱਲੀ ਵਿਚ ਕੀਤੀ ਤਿੰਨ ਘੰਟੇ ਦੀ ਮੁਲਾਕਾਤ ਅੰਕਿਤ ਸੀ।ਹਰ ਕੈਸਟ ਦਾ ਮਜ਼ਮੂਨ ਜਾਨਣ ਦੇ ਨਾਲ 2 ਮੈਂ ਉਸ ਦੇ ਕੁਝ ਅੰਸ਼ ਸੁਨਣ ਦਾ ਆਨੰਦ ਵੀ ਲੈ ਰਿਹਾ ਸਾਂ ਜਿਸ ਨਾਲ ਹੌਲੀ 2 ਅਤੀਤ ਦੀਆਂ ਗਵਾਚੀਆਂ ਰਸਦਾਰ ਯਾਦਾਂ ਵਿਚ ਉਤਰਦਾ ਜਾ ਰਿਹਾ ਸਾਂ।ਇਸ ਤੋਂ ਅਗਲੀ ਪੂਰੀ ਦੀ ਪੂਰੀ ਕੈਸਟ ਦਲੀਪ ਕੁਮਾਰ ਤੇ ਵਹੀਦਾ ਰਹਿਮਾਨ ਦੀ ਪੁਰਾਣੀ ਫਿਲਮ “ਆਦਮੀ” ਦੇ ਗਾਣੇ “ਆਜ ਪੁਰਾਨੀ ਰਾਹੋਂ ਸੇ ਕੋਈ ਮੁਝੇ ਆਵਾਜ਼ ਨਾ ਦੇ” ਨਾਲ ਭਰੀ ਹੋਈ ਸੀ। ਮੇਰੇ ਲੜਕੇ ਨੇ ਮੇਰੇ ਅਨੁਰੋਧ ਤੇ ਇਸ ਗੀਤ ਨੂੰ ਕਈ ਵਾਰ ਮੁੜ 2 ਰਿਕਾਰਡ ਕਰਵਾਇਆ ਹੋਇਆ ਸੀ ਕਿਉਂਕਿ ਮੈਂ ਇਸ ਨੂੰ ਲਗਾਤਾਰ ਸੁਣੀ ਜਾਣਾ ਪਸੰਦ ਕਰਦਾ ਸਾਂ। ਦਰਅਸਲ ਇਹ ਗੀਤ ਮੈਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਲਗਦਾ ਸੀ ਜੋ ਭੁੱਲੇ-ਭਟਕੇ ਮਨੁੱਖ ਨੂੰ ਸੁਧਾਰਵਾਦੀ ਰਾਹ ਤੇ ਚਲਣ ਦੀ ਚੇਤਨਾ ਤੇ ਸਾਹਸ ਪ੍ਰਦਾਨ ਕਰਦਾ ਸੀ।ਇਸ ਨੂੰ ਮੈਂ ਹਮੇਸ਼ਾ ਉਹਨਾਂ ਸਭ ਭਾਈ ਭੈਣਾਂ ਨੂੰ ਹਰ ਰੋਜ਼ ਸੁਨਣ ਲਈ ਹਦਾਇਤ ਕਰਦਾ ਸਾਂ ਜੋ ਮੇਰੇ ਕੋਲ ਸ਼ਰਾਬ ਆਦਿ ਨਸ਼ੇ ਤੇ ਹੋਰ ਬੁਰੀਆਂ ਆਦਤਾਂ ਛੱਡਣ ਲਈ ਇਲਾਜ਼ ਕਰਵਾਉਣ ਆਉਂਦੇ ਸਨ।ਇਸ ਕੈਸਟ ਨੂੰ ਸੁਣਦੇ ਹੀ ਮੇਰੇ ਮਨ ਵਿਚ ਇਸ ਗੀਤ ਦੀਆਂ ਦਿਲਕਸ਼ ਧੁਨੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਤੇ ਦਲੀਪ ਕੁਮਾਰ ਦਾ ਵਿਜਈ ਤੇ ਆਸ਼ਾਵਾਦੀ ਚਿਹਰਾ ਸਾਹਮਣੇ ਫਿਰਨ ਲਗਾ।ਮੈਂ ਇਸ ਦੀਆਂ ਸੁਰ-ਲਹਿਰਾਂ ਤੇ ਸਵਾਰ ਹੋ ਅੰਤਰੀਵ ਨੂੰ ਲੁਭਾਉਂਦੇ ਕਿਸੇ ਰੰਗੀਨ ਦਿਸਹੱਦੇ ਵਲ ਨਿਕਲ ਗਿਆ ਜਿਸ ਦੀਆਂ ਦੁਰਾਡੀਆਂ ਵਾਟਾਂ ਤੋਂ ਆਸਾਨੀ ਨਾਲ ਪਰਤ ਆਉਣਾ ਸੰਭਵ ਨਹੀਂ ਸੀ।
        ਜਦੋਂ ਵਾਪਸ ਪਰਤਿਆ ਤਾਂ ਮੈਨੂੰ ਪਹੁ ਫੁੱਟਣ ਵਾਂਗ ਵਾਂਗ ਅਚਾਨਕ ਸੋਝੀ ਆਉਣ ਦਾ ਅਹਿਸਾਸ ਹੋਇਆ।ਮੈਂ ਘਰ ਵਿਚ ਇਕ ਬੈਡਰੂਮ ਤੋਂ ਦੂਜੇ ਵਲ ਚੱਕਰ ਲਾ ਰਿਹਾ ਸਾਂ ਤੇ ਭਰੇ ਗਲੇ ਨਾਲ ਆਪਣੇ ਲੜਕੇ ਨੂੰ ਉਚੀ 2 ਅਵਾਜਾਂ ਮਾਰ ਰਿਹਾ ਸਾਂ। ਮੈਨੂੰ ਇੰਜ ਲਗ ਰਿਹਾ ਸੀ ਜਿਵੇਂ ਮੇਰਾ ਲੜਕਾ ਹੁਣੇ 2 ਮੇਰੇ ਨਾਲ ਗੱਲਾਂ ਕਰ ਰਿਹਾ ਸੀ ਪਰ ਹੁਣ ਇਕ ਦਮ ਅਲੋਪ ਹੋ ਗਿਆ ਹੈ।ਮੈਂ ਅਜਿਹੇ ਭੈ ਨਾਲ ਕੰਬ ਰਿਹਾ ਸਾਂ ਜਿਵੇਂ ਉਸ ਨਾਲ ਕੋਈ ਦੁਰਘਟਨਾ ਵਾਪਰ ਗਈ ਹੋਵੇ।ਦੁਰਘਟਨਾ ਦੀ ਥਾਂ ਤੇ ਸਮੇਂ ਬਾਰੇ ਵਿਚਾਰ ਵੀ ਮੇਰੇ ਦਿਮਾਗ ਵਿਚ ਘਰ ਕੀਤੀ ਬੈਠੇ ਸਨ।ਮੈਨੂੰ ਅਚੰਭਾ ਹੋ ਰਿਹਾ ਸੀ ਕਿ ਘਰ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਸਵੇਰੇ ਪੰਜ ਵਜੇ ਦੀ ਹੋਈ ਦੁਰਘਟਨਾ ਦੀ ਖ਼ਬਰ ਮੈਨੂੰ ਹੁਣ ਤੀਕਰ ਕਿਉਂ ਨਹੀ ਮਿਲੀ। ਬਿਨਾ ਰੁਕੇ ਮੈਂ ਉਸ ਨੂੰ ਆਵਾਜ਼ਾਂ ਮਾਰ ਰਿਹਾ ਸਾਂ ਤੇ ਉਸ ਦੀ ਹੈਲਮਟ ਦੀ ਭਾਲ ਕਰ ਰਿਹਾ ਸਾਂ ਤਾਂ ਜੋ ਦਿਲ ਨੂੰ ਕੁਝ ਢਾਰਸ ਮਿਲੇ।ਹੈਲਮਟ ਕਿਧਰੇ ਨਾ ਦਿਖਣ ਤੇੇ ਮੇਰੀਆਂ ਭੁੱਬਾਂ ਨਿਕਲ ਗਈਆਂ।ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੁਣੇ ਆ ਕੇ ਕੋਈ ਮੈਨੂੰ ਉਸ ਨਾਲ ਹੋਈ ਅਨਹੋਣੀ ਦੀ ਮਨਹੂਸ ਖ਼ਬਰ ਸੁਣਾਵੇਗਾ।ਡਰ ਤੇ ਕਮਜ਼ੋਰੀ ਨਾਲ ਮੇਰੀਆਂ ਲੱਤਾਂ ਕੰਬ ਰਹੀਆਂ ਸਨ।ਅਨਢਾਲ ਹੋ ਕੇ ਮੈਂ ਕੁਰਸੀ ਤੇ ਬੈਠ ਗਿਆ ਤੇ ਭਰੇ ਮਨ ਨਾਲ ਦੁਖੀ ਸੁਨੇਹਾ ਲਿਆਉਣ ਵਾਲੇ ਦੀ ਉਡੀਕ ਕਰਨ ਲਗ ਪਿਆ।
        ਘੜੀ ਤੇ ਨਜ਼ਰ ਮਾਰੀ ਤਾਂ ਸਵੇਰ ਦੇ ਸਾਢੇ ਦਸ ਵਜ ਰਹੇ ਸਨ।ਮੈਨੂੰ ਸਮਝ ਨਾ ਪਈ ਕਿ ਮੈਂ ਡਿਪਾਰਟਮੈਂਟ ਜਾਣ ਦੀ ਬਜਾਏ ਬਿਨਾ ਤਿਆਰ ਹੋਏ ਹੀ ਘਰੇ ਕਿਉਂ ਬੈਠਾ ਸਾਂ।ਇਹ ਸੋਚ ਕੇ ਕਿ ਮੇਰੀ ਤਾਂ ਸਾਢੇ ਨੌਂ ਵਜੇ ਕਲਾਸ ਸੀ, ਮੇਰੇ ਪੈਰੋਂ ਜ਼ਮੀਨ ਨਿਕਲ ਗਈ।ਮੈਨੂੰ ਪਤਾ ਨਹੀਂ ਸੀ ਲਗ ਰਿਹਾ ਕਿ ਮੇਰੇ ਨਾਲ ਕੀ ਹੋਇਆ ਹੈ ਅਤੇ ਅੱਗੋਂ ਮੈਨੂੰ ਕੀ ਕਰਨਾ ਚਾਹੀਦਾ ਹੈ।ਯਾਦਦਾਸ਼ਤ ਦੀਆਂ ਨਿਸ਼ਾਨ-ਦੇਹੀਆਂ ਗਵਾਚਨ ਨਾਲ ਮਨ ਸਮੂੰਦਰ ਵਿਚ ਦਿਸ਼ਾ-ਵਿਹੀਨ ਕਿਸ਼ਤੀ ਵਾਂਗ ਹੋਇਆ ਪਿਆ ਸੀ।ਇਸ ਅਕਿਹ ਸਦਮੇ ਕਾਰਣ ਤੌਰ ਭੌਰ ਹੋਇਆ ਮੈਂ ਫਿਰ ਉਦਾਸੀ ਦੇ ਵਹਿਣ ਵਿਚ ਵਹਿ ਪਿਆ ਤੇ ਆਪਣੇ ਲੜਕੇ ਬਾਰੇ ਸੋਚ ਕੇ ਹਟਕੋਰੇ ਲੈਣ ਲਗਿਆ।
        ਇੰਨੇ ਨੂੰ ਬਾਹਰੋਂ ਗੇਟ ਖੜਕਣ ਦੀ ਆਵਾਜ਼ ਆਈ।ਆਪ ਮੁਹਾਰੇ ਮੇਰਾ ਰੋਣਾ ਫਿਰ ਫੁੱਟ ਆਇਆ।ਹਿਰਦਾ ਕਠੋਰ ਕਰ ਕੇ ਕੰਬਦੇ ਹੱਥਾਂ ਨਾਲ ਬੂਹਾ ਖੋ੍ਹਲਿਆ ਤਾਂ ਵੇਖਿਆ ਕਿ ਅੇਡਵੋਕੇਟ ਸਰਬਜੀਤ ਸਿੰਘ ਵਿਰਕ ਅੰਦਰ ਵਲ ਚਲੇ ਆ ਰਹੇ ਸਨ।ਵਿਰਕ ਸਾਹਿਬ ਯੁਨੀਵਰਸਿਟੀ ਵਿਚ ਮੇਰੇ ਵਿਿਦਆਰਥੀ ਰਹੇ ਸਨ ਤੇ ਹੁਣ ਪਟਿਆਲੇ ਵਕਾਲਤ ਕਰਦੇ ਸਨ। ਅਰਬਨ ਅਸਟੇਟ ਨਿਵਾਸੀ ਹੋਣ ਕਰ ਕੇ ਉਹ ਮੇਰੇ ਗਵਾਂਢੀ ਵੀ ਸਨ ਤੇ ਪਰਿਵਾਰਕ ਸਾਂਝ ਵਾਲੇ ਮਿੱਤਰ ਵੀ।ਉਹਨਾਂ ਨੂੰ ਉਸ ਵੇਲੇ ਆਪਣੇ ਬੂਹੇ ਤੇ ਵੇਖ ਕੇ ਮੇਰਾ ਕਲੇਜਾ ਬੈਠ ਗਿਆ।ਮੈਨੂੰ ਆਪਣੀ ਕਾਲੀ ਸੋਚ ਦੇ ਸੱਚ ਹੋਣ ਬਾਰੇ ਕੋਈ ਸ਼ੱਕ ਨਾ ਰਿਹਾ।ਉਹਨਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੈਂ ਉਹਨਾਂ ਤੋਂ ਜੋਰ ਨਾਲ ਡੁਸਕ ਕੇ ਪੁਛਿੱਆ,”ਵਿਰਕ ਸਾਹਿਬ ਕਾਕਾ ਕਿੱਥੇ ਐ?” ”ਕਾਕਾ ਇੱਥੇ ਈ ਹੋਣਾ ਐ ਪ੍ਰੋਫੈਸਰ ਸਾਹਿਬ, ਆਓ ਬੈਠੀਏ।“ਉਹ ਆਸਾਧਾਰਨ ਹਲੀਮੀ ਨਾਲ ਬੋਲੇ ਜਿਵੇਂ ਕੋਈ ਮਨਹੂਸ ਖ਼ਬਰ ਦੇਣ ਤੋਂ ਪਹਿਲਾਂ ਦਿਲਸਾ ਦੇ ਰਹੇ ਹੋਣ।ਉਹਨਾ ਨੇ ਮੇਰੀ ਗਲੇਡੂਆਂ ਭਰੀ ਆਵਾਜ਼ ਨੂੰ ਵੀ ਨਾ ਗੌਲਿਆ।ਇਸ ਨਾਲ ਮੈਨੂੰ ਇੰਜ ਲਗਿਆ ਜਿਵੇਂ ਉਹ ਸੋਚ ਰਹੇ ਹੋਣ ਕਿ ਇਹ ਤਾਂ ਉਸ ਖ਼ਬਰ ਸਾਹਮਣੇ ਕੁਝ ਵੀ ਨਹੀਂ ਜੋ ਉਹ ਹੁਣੇ ਸੁਨਾਉਣਗੇ।ਉਹਨਾਂ ਦੇ ਇਸ ਛੁਪਾਉਣ ਵਾਲੇ ਵਤੀਰੇ ਕਾਰਣ ਮੇਰਾ ਤੌਖ਼ਲਾ ਹੋਰ ਵੀ ਵਧ ਗਿਆ।“ਵਿਰਕ ਸਾਹਿਬ, ਮੈਨੂੰ ਸਹੀ 2 ਦਸੋ ਉਸ ਨੂੰ ਕੀ ਹੋਇਆ ਹੈ?” ਮੈਂ ਉਹਨਾਂ ਤੋਂ ਸੱਚ ਉਗਲਾਉਣ ਦੀ ਕਾਹਲ ਨਾਲ ਵਿਲਕਵੀਂ ਅਰਜੋਈ ਕੀਤੀ।“ਕਾਕਾ ਇਥੇ ਬਾਹਰ ਹੀ ਹੈ, ਮੇਰੇ ਨਾਲ ਹੀ ਆਇਆ ਹੈ।” ਉਹਨਾਂ ਮੈਨੂੰ ਰਸਮੀ ਜਿਹੀ ਤਸਲੀ ਦਿਤੀ।“ਝੂਠ ਹੈ। ਜੇ ਨਾਲ ਆਇਆ ਹੈ ਤਾਂ ਉਸ ਨੂੰ ਅੰਦਰ ਕਿਉਂ ਨਹੀਂ ਲਿਆਏ?”ਮੇਰੇ ਗੁਸੀਲੇ ਤਕਾਜ਼ਿਆਂ ਦੀ ਤਾਬ ਨਾ ਝਲਦੇ ਹੋਏ ਉਹ ਬੂਹਾ ਖੋਲ ਕੇ ਬਾਹਰ ਨਿਕਲੇ ਤੇ ਆਵਾਜ਼ ਮਾਰ ਕੇ ਕਾਕੇ ਨੂੰ ਅੰਦਰ ਸੱਦ ਲਿਆਏ।
        ਕਾਕਾ ਮੇਰੀ ਕਾਲੀ ਸੋਚ ਤੋਂ ਉਲਟ ਬਿਲਕੁਲ ਠੀਕ ਠਾਕ ਸੀ।ਮੈਂ ਉਸ ਨੂੰ ਘੁੱਟ ਕੇ ਗਲ ਨਾਲ ਲਾਇਆ ਤੇ ਪੁੱਛਿਆ,”ਬੇਟੇ ਤੁੰ ਕਿੱਥੇ ਚਲਾ ਗਿਆ ਸੀ, ਮੈਂ ਤੈਨੂੰ ਕਦੋਂ ਦਾ ਲੱਭ ਰਿਹਾ ਹਾਂ?” “ਤੁਸੀਂ ਸਵੇਰ ਦੇ ਕੀ ਕਰੀ ਜਾਨੇੇ ਓਂ, ਪਾਪਾ? ਆਪੇ ਤਾਂ ਤੁਸੀਂ ਮੈਨੂੰ ਵਿਰਕ ਅੰਕਲ ਕੋਲ ਭੇਜਿਆ ਸੀ।“ਉਸ ਨੇ ਪ੍ਰੇਸ਼ਾਨੀ ਜਿਹੀ ਨਾਲ ਉੱਤਰ ਦਿਤਾ।“ਮੈਂ ਭੇਜਿਆਂ ਹੰੁਦਾ ਤਾਂ ਮੈਂ ਇਥੇ ਬੈਠਾ ਤੇਰੀ ਉਡੀਕ ਵਿਚ ਰੋਂਦਾ ਕਿਉਂ ਫਿਰਦਾ?”ਮੈਂ ਆਪਣਾ ਸੱਚ ਦ੍ਰੜਾਇਆ।“ਤੁਹਾਨੂੰ ਪਤਾ ਕੀ ਲਗਣਾ ਸੀ, ਵਾਰ 2 ਤਾਂ ਉਹੀ ਗੱਲਾਂ ਪੱੁਛੀ ਜਾਂਦੇ ਸੀ। ਯਾਦ ਤਾਂ ਤੁਹਾਨੂੰ ਕੁਝ ਰਹਿੰਦਾ ਨਹੀਂ ਸੀ।“ਉਸ ਨੇ ਛਿੱਥਾ ਪੈ ਕੇ ਕਿਹਾ। ਇਹ ਸੁਣ ਕੇ ਵਿਰਕ ਸਾਹਿਬ ਨੇ ਉਂਗਲ ਦੀ ਸੈਨਤ ਨਾਲ ਉਸ ਨੂੰ ਅੱਗੇ ਹੋਰ ਕੁਝ ਕਹਿਣ ਤੋਂ ਵਰਜ ਦਿਤਾ ਤੇ ਚਾਹ ਬਨਾਉਣ ਲਈ ਰਸੋਈ ਵਿਚ ਭੇਜ ਦਿਤਾ।
        ਮੈਨੂੰ ਲਗਿਆ ਕਿ ਮੇਰੀ ਯਾਦਦਾਸ਼ਤ ਤਾਂ ਠੀਕ ਹੈ ਪਰ ਫਿਰ ਵੀ ਕੋਈ ਭਾਣਾ ਜਰੂਰ ਵਰਤਿਆ ਹੈ।ਮੈਂ ਠੱਗਿਆ 2 ਜਿਹਾ ਮਹਿਸੂਸ ਕਰ ਰਿਹਾ ਸਾਂ ਜਿਵੇਂ ਮੇਰੇ ਨਾਲ ਕੋਝੀ ਚਾਲ ਖੇਡ ਕੇ ਕੋਈ ਅਲੋਪ ਹੋ ਗਿਆ ਹੋਵੇ।ਮੈਂ ਦਿਮਾਗ਼ ਤੇ ਬੋਝ ਪਾ ਕੇ ਘਟਨਾਵਾਂ ਦੀਆਂ ਟੁੱਟੀਆਂ ਕੜੀਆਂ ਲੱਭਣ ਦੀ ਕੋਸ਼ਿਸ਼ ਕਰਨ ਲਗਾ।ਜਿਉਂ ਹੀ ਕੁਝ ਸੋਚਣ ਦਾ ਯਤਨ ਕਰਦਾ ਸਿਰ ਵਿਚ ਡੂੰਘੀਆਂ ਚੀਸਾਂ ਪੈਂਦੀਆਂ ਤੇ ਕਲੇਜਾ ਫਟਣ ਲਗਦਾ।ਵਿਰਕ ਸਾਹਿਬ ਮੈਨੂੰ ਟਿਕਟਿਕੀ ਲਗਾ ਕੇ ਵੇਖ ਰਹੇ ਸਨ ਜਿਵੇਂ ਮੇਰੇ ਵਿਵਹਾਰ ਨੂੰ ਤਾੜਦੇ ਹੋਣ।ਅੱਜ ਮੈਨੂੰ ਉਹ ਕੁਝ ਓਪਰੇ 2 ਲਗ ਰਹੇ ਸਨ।ਮੈਨੂੰ ਸੱਖਣਾ ਜਿਹਾ ਬੈਠਾ ਦੇਖ ਕੇ ਬੋਲੇ,”ਪ੍ਰੋਫੈਸਰ ਸਾਹਿਬ, ਕੀ ਟਾਈਮ ਹੋਇਆ ਹੈ?” “ਪੌਣੇ ਗਿਆਰਾਂ।“ ਮੈਂ ਕਿਹਾ।“ਉਹ, ਮੈਂ ਤਾਂ ਕਚਿਿਹਰੀ ਜਾਣਾ ਐ! ਤੁਸੀਂ ਵੀ ਯੁਨੀਵਰਸਿਟੀ ਨੀ ਗਏ ਅੱਜ?” ਉਹਨਾਂ ਨੇ ਮੈਨੂੰ ਖ਼ੁਫੀਆ ਅੰਦਾਜ਼ ਨਾਲ ਪੱੁਛਿਆ।“ਐਵੇਂ ਈ।” ਮੈਨੂੰ ਕੋਈ ਠੋਸ ਜਵਾਬ ਨਾ ਸੁਝਿਆ।ਵਿਰਕ ਸਾਹਿਬ ਇਕ ਤੋਂ ਬਾਦ ਦੂਜਾ ਸਵਾਲ ਪੁੱਛਦੇ ਗਏ ਤੇ ਮੈਂ ਆਪਣੀ ਸਮਝ ਮੁਤਾਬਿਕ ਜਵਾਬ ਦਿੰਦਾ ਗਿਆ।
        ਇੰਨੇ ਨੂੰ ਕਾਕਾ ਚਾਹ ਬਣਾ ਕੇ ਲੈ ਆਇਆ।ਚਾਹ ਪੀਂਦੇ 2 ਮੇਜ਼ ਤੇ ਪਈ ਇਕ ਹੋਮਿਓਪੈਥਿਕ ਦਵਾਈ ਦੀ ਸ਼ੀਸ਼ੀ ਵਲ ਵੇਖ ਕੇ ਵਿਰਕ ਸਾਹਿਬ ਬੋਲੇ,”ਪ੍ਰੋਫੈਸਰ ਸਾਹਿਬ, ਆਹ ਮੇਜ਼ ਤੇ ਦਵਾਈ ਕਿਹੀ ਪਈ ਐ?” ਮੈਂ ਦਵਾਈ ਦੀ ਸ਼ੀਸ਼ੀ ਵਲ ਤਕਿਆ ਹੀ ਸੀ ਕਿ ਉਹਨਾਂ ਫਿਰ ਪੁਛਿੱਆ, “ਤੁਸੀਂ ਆਪ ਲੈਣ ਲਈ ਰੱਖੀ ਐ?” ਮੈਂ ਨਾਂਹ ਵਿਚ ਸਿਰ ਹਿਲਾਇਆ।“ਪਰ ਇਹ ਦਵਾਈ ਹੈ ਕਿਹੜੀ?”ਉਹਨਾਂ ਘੋਖ ਕੇ ਪੁੱਛਿਆ। ਮੈਂ ਦਵਾਈ ਦਾ ਲੇਬਲ ਪੜ੍ਹ ਕੇ ਨਾਂ ਦੱਸ ਦਿਤਾ।“ ਇਹ ਦਵਾਈ ਕਾਹਦੀ ਐ ਜੀ, ਮੇਰਾ ਭਾਵ ਕਾਹਦੇ ਲਈ ਦਈਦੀ ਐ?” ਉਹਨਾਂ ਸ਼ੀਸ਼ੀ ਹੱਥ ਵਿਚ ਚੁੱਕ ਕੇ ਰਵਾਜਨੀ ਲਹਿਜੇ ਵਿਚ ਪ੍ਰਸ਼ਨ ਕੀਤਾ।“ਜਿਹਦੀ ਯਾਦਦਾਸ਼ਤ ਖੋ ਜਾਵੇੇ, ਉਸ ਨੂੰ ਦਈਦੀ ਐ।“ ਮੈਂ ਦਸਿਆ।ਮੇਰਾ ਉੱਤਰ ਸੁਣਨ ਸਾਰ ਵਿਰਕ ਸਾਹਿਬ ਉੱਠ ਖੜੇ ਹੋਏੇ ਤੇ “ਸੰਝ ਨੂੰ ਫਿਰ ਗੇੜਾ ਮਾਰਨ” ਦਾ ਆਸ਼ਵਾਸ਼ਨ ਦੇ ਕੇ ਬਾਹਰ ਨਿਕਲ ਗਏ।ਜਾਂਦੇ 2 ਉਹ ਕਾਕੇ ਨੂੰ ਬਾਹਰ ਬੁਲਾ ਕੇ ਕੋਈ ਓਹਲੇ ਦੀ ਗੱਲ ਕਰ ਗਏ ਤੇ “ਪਾਪਾ ਲਈ ਨਾਸ਼ਤੇ ਦਾ ਪ੍ਰਬੰਧ” ਕਰਨ ਲਈ ਉੱਚੀ ਜਿਹੀ ਹਦਾਇਤ ਕਰ ਗਏ।
        ਵਿਰਕ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਆਪਣੇ ਲੜਕੇ ਨੂੰ ਕੋਲ ਬੁਲਾ ਕੇ ਪੁਛਿੱਆ,”ਤੰੂ ਮੁੱਢ ਤੋਂ ਦੱਸ ਬੇਟੇ ਮੈਂਨੂੰ ਕੀ ਹੋਇਆ ਸੀ? ਇਹ ਮਸਲਾ ਕੀ ਹੈ?“ ਉਹ ਕਹਿਣ ਲਗਾ,”ਮੈਂ ਘੜੀ 2 ਕੀ ਦੱਸੀ ਜਾਵਾਂ ਜੀ? ਜਦੋਂ ਮੈਂ ਨੌਂ ਵਜੇ ਆਇਆ, ਤੁਸੀਂ ਬਾਰ 2 ਇਕੋ ਗੱਲ ਪੁੱਛੀ ਜਾਂਦੇ ਸੀ ਕਿ ਮੈਂ ਕਿੱਥੇ ਗਿਆ ਸੀ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਾ ਹੋਵੇ।ਜੋ ਮੈਂ ਦੱਸਦਾ ਤੁਸੀਂ ਨਾਲ ਦੀ ਨਾਲ ਭੁੱਲੀ ਜਾਂਦੇ ਸੀ।ਫਿਰ ਮੈਂ ਮੰਮਾ ਤੇ ਭਰਾ ਨੂੰ ਕਾਲ ਕਰ ਕੇ ਤੁਹਾਡੀ ਹਾਲਤ ਬਾਰੇ ਦਸਿੱਆ।ਉਹਨਾਂ ਨੇ ਦਸ ਵਾਰ ਕਾਲਾਂ ਕਰ ਕੇ ਤੁਹਾਡੇ ਨਾਲ ਗੱਲ ਕਰਨ ਦੀ ਕੋਸਿਸ਼ ਕੀਤੀ।ਤੁਸੀਂ ਉਹਨਾਂ ਨਾਲ ਗੱਲ ਸ਼ੁਰੂ ਤਾਂ ਕਰ ਲੈਂਦੇ ਪਰ ਥੋੜੀ ਦੇਰ ਬਾਦ ਭੁੱਲ ਜਾਂਦੇ ਤੇ ਫਿਰ ਪੁੱਛਣ ਲਗ ਜਾਂਦੇ ਕਿ ਕੌਣ ਬੋਲ ਰਿਹਾ ਹੈ? ਕੀ ਹਾਲ ਹੈ? ਅਖੀਰ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਨੂੰ ਕੁਝ ਯਾਦ ਨਹੀਂ ਰਹਿੰਦਾ। ਇਹਨਾਂ ਦੀ ਮੈਮਰੀ ਫੇਲ ਹੋ ਗਈ ਹੈ, ਕਿਸੇ ਨੂੰ ਸੱਦ ਕੇ ਤੁਰੰਤ ਹਸਪਤਾਲ ਲੈ ਜਾ।“
        “ਫਿਰ?” ਮੈਂ ਉਤਸੁਕਤਾ ਨਾਲ ਪੁਛਿੱਆ।
        “ਫਿਰ ਮੈਂ ਸੋਚਿਆ ਵਿਰਕ ਅੰਕਲ ਨੂੰ ਨਾਲ ਲੈਕੇ ਤੁਹਾਨੂੰ ਹਸਪਤਾਲ ਲੈ ਜਾਵਾਂ।ਪਰ ੳੇੁਹ ਕਚਿਿਹਰੀਆਂ ਚਲੇ ਗਏ ਸਨ ਤੇ ਮੈਨੂੰ ਉਹਨਾਂ ਦਾ ਉਥੋਂ ਦਾ ਪਤਾ ਮਾਲੂਮ ਨਹੀਂ ਸੀ।ਮੈਂ ਤੁਹਾਨੂੰ ਪਤਾ ਪੁਛੱਣ ਆਇਆ।ਤੁਸੀਂ ਪਤਾ ਤਾਂ ਠੀਕ ਦੱਸ ਦਿਤਾ ਪਰ  ਨਾਲ ਦੀ ਨਾਲ ਹੀ ਭੁੱਲ ਗਏ ਤੇ ਪੁੱਛਣ ਲਗੇ ਕਿੱਥੇ ਚੱਲਿਆਂ ਹੈਂ।ਮੈਂ ਤੁਹਾਨੂੰ ਦਸਿਆ ਕਿ ਤੁਹਾਡੀ ਮੈਮਰੀ ਫੇਲ ਹੋ ਗਈ ਹੈ। ਤੁਹਾਨੂੰ ਹੁਣੇ ਤਾਂ ਦਸਿਆ ਹੈ ਕਿ ਵਿਰਕ ਅੰਕਲ ਨਾਲ ਤੁਹਾਨੂੰ ਹਸਪਤਾਲ ਲੈ ਕੇ ਜਾਣਾ ਹੈ।ਤੁਸੀਂ ਕਿਹਾ ਜੇ ਮੈਮਰੀ ਫੇਲ ਹੋ ਗਈ ਹੈ ਤਾਂ ਮੈਨੂੰ “ਕੈ...ਇੰ...” ਦੇ ਦੇ।ਮੈਂ ਤੁਹਾਨੂੰ ਕੈ...ਇੰ... ਦੀ ਇਕ ਖ਼ੁਰਾਕ ਦੇ ਕੇ ਅਂੰਕਲ ਨੂੰ ਸੱਦਣ ਕਚਿਿਹਰੀਆਂ ਚਲਾ ਗਿਆ।ਜੇ ਨਹੀਂ ਯਕੀਨ ਆਉਂਦਾ ਔਹ ਵੇਖ ਲੋ ਸ਼ੀਸ਼ੀ ਹਾਲੇ ਮੇਜ਼ ਤੇ ਹੀ ਪਈ ਹੈ।ਅਸੀਂ ਆਏ ਤਾਂ ਤੁਸੀ ਠੀਕ ਗੱਲ ਕਰ ਰਹੇੇ ਸੀ।“
        “ਪਰ ਵਿਰਕ ਸਾਹਿਬ ਆਉਣ ਲੱਗੇ ਤੈਨੂੰ ਬਾਹਰ ਕਿਉਂ ਛੱਡ ਆਏ ਸਨ ਤੇ ਜਾਂਦੇ ਹੋਏ ਤੇਰੇ ਨਾਲ ਬਾਹਰ ਕੀ ਘੁਸਰ ਮੁਸਰ ਕਰ ਰਹੇ ਸਨ?” ਮੈਂ ਸਮਝ ਦੀ ਕੜੀ ਜੋੜਨ ਲਈ ਪੁੱਛਿਆ।“ਜਦੋਂ ਮੈਂ ਉਹਨਾਂ ਨੂੰ ਤੁਹਾਡੀ ਹਾਲਤ ਬਾਰੇ ਦਸਿੱਆ ਤਾਂ ਉਹਨਾਂ ਸਲਾਹ ਦਿਤੀ ਕਿ ਤੂੰ ਬਾਹਰ ਖੜੀਂ, ਪਹਿਲਾਂ ਮੈਂ ਆਪਣੇ ਤੌਰ ਤੇ ਅੰਦਰ ਜਾ ਕੇ ਪਤਾ ਲਗਾਵਾਂਗਾ ਕਿ ਕਿਤੇ ਕੋਈ ਡਰਾਮਾ ਤਾਂ ਨਹੀਂ ਕਰ ਰਹੇ।ਹੁਣ ਜਾਂਦੇ ਹੋਏ ਕਹਿ ਗਏ ਹਨ ਕਿ ਹਾਲ ਦੀ ਘੜੀ ਤਾਂ ਉਹਨਾਂ ਨੂੰ ਸਭ ਕੁਝ ਠੀਕ ਲੱਗਿਆ ਐ ਪਰ ਜੇ ਕੋਈ ਗੱਲ ਹੋਈ ਤਾਂ ਫਿਰ ਸੱਦ ਲਈਂ।“ ਕਾਕੇ ਨੇ ਸਪਸ਼ਟ ਕੀਤਾ।
        ਉਸ ਦੀ ਗੱਲ ਸੁਣ ਕੇ ਮੈਂ ਸੋਫੇ ਤੇ ਪਿੱਠ ਲਾ ਕੇ ਬੈਠ ਗਿਆ। ਦਿਮਾਗ਼ ਤੇ ਬੋਝ ਪਾ ਕੇ ਸੋਚਣ ਲਗਾ ਕਿ ਕੀ ਜੋ ਇਹ ਕਹਿ ਰਿਹਾ ਹੈ ਉਹ ਸੱਚ ਹੈ? ਸਰਬਜੀਤ ਦੇ ਆਉਣ ਅਤੇ ਮੇਜ਼ ਤੇ ਪਈ ਸ਼ੀਸ਼ੀ ਬਾਰੇ ਸੋਚ ਕੇ ਮੈਨੂੰ ਉਸ ਦੀ ਗੱਲ ਤੇ ਵਿਸ਼ਵਾਸ ਕਰਨਾ ਪਿਆ ਪ੍ਰੰਤੂ ਅਜਿਹਾ ਕੁਝ ਵੀ ਯਾਦ ਨਾ ਆਉਣ ਕਰ ਕੇ ਮੇਰਾ ਮਨ ਕਾਹਲਾ ਪੈਣ ਲਗ ਪਿਆ। ਮੈਂ ਬਾਰ 2 ਯਾਦ ਕਰਨ ਦੀ ਕੋਸ਼ਿਸ਼ ਕਰਦਾ ਪਰ ਮੇਰੇ ਖਿਆਲਾਂ ਦੀ ਪੈੜ ਮੇਰੇ ਹੋਸ਼ ਪਰਤਣ ਤੇ ਕਾਕੇ ਦੀ ਹੈਲਮਟ ਲਭੱਣ ਤੇ ਜਾ ਕੇ ਮੁੱਕ ਜਾਂਦੀ।ਸੋਚਣ ਨਾਲ ਮੇਰਾ ਸਿਰ ਫਟਣ ਲਗਿਆ। ਮੈਂ ਕਾਕੇ ਨੂੰ ਆਖ ਕੇ ਚਾਹ ਦਾ ਇਕ ਕੱਪ ਲਿਆ।ਮਗਰੋਂ ਖਾਣਾ ਖਾ ਕੇ ਮੈਂ ਸੌਂ ਗਿਆ।
        ਦੁਪਹਿਰ ਬਾਦ ਉਠਿਆ ਤਾਂ ਸਿਰ ਪੀੜ ਥੋੜੀ ਘੱਟ ਸੀ ਤੇ ਖਿਆਲ ਵੀ ਬਦਲੇ ਹੋਏ ਸਨ।ਹੁਣ ਮੈਂ ਘਟਨਾਵਾਂ ਦੀ ਲੜੀ ਬਾਰੇ ਨਾ ਸੋਚ ਕੇ ਇਹ ਜਾਨਣ ਦੀ ਕੋਸਿਸ਼ ਕਰਨ ਲਗਿਆ ਕਿ ਮੈਨੂੰ ਇਹ ਹੋਇਆ ਕੀ ਸੀ। ਮੇਰਾ ਧਿਆਨ ਸਵੇਰ ਦੀ ਚਾਹ ਤੇ ਗਿਆ ਜਿਸ ਨੂੰ ਪੀਦੇ 2 ਮੈਂ ਚਿੱਤ ਹੋਇਆ ਸੀ। ਮੈਂ ਸੋਚਿਆ ਕਿ ਹੋ ਸਕਦਾ ਹੈ ਚਾਹ ਵਿਚ ਕੋਈ ਜਹਿਰੀਲੀ ਚੀਜ਼ ਪੈ ਗਈ ਹੋਵੇ ਜਿਸ ਨਾਲ ਮੇਰੇ ਹੋਸ਼ੋ-ਹਵਾਸ਼ ਗ਼ੁਮ ਹੋ ਗਏ ਹੋਣ।ਇਹ ਸੋਚ ਕੇ ਮੇਰਾ ਸਭ ਤੋਂ ਪਹਿਲਾ ਸ਼ੱਕ ਉਸ ਡੇਅਰੀ ਵਾਲੇ ਤੇ ਗਿਆ ਜਿਥੋਂ ਮੈਂ ਦੱੁਧ ਲਿਆਉਂਦਾ ਸਾਂ।ਮੈਂ ਉਸ ਨੂੰ ਕਈ ਵਾਰ ਟੋਕਿਆ ਸੀ ਕਿ ਉਹ ਆਪਣਾ ਦੁੱਧ ਦਾ ਢੋਲ ਬਿਜਲੀ ਦੇ ਲਾਟੂ ਹੇਠ ਨਾ ਰਖਿਆ ਕਰੇ ਕਿਉਂਕਿ ਇਸ ਦੁਆਲੇ ਛਿਪਕਲੀਆਂ ਮੰਡਰਾਉਂਦੀਆਂ ਰਹਿੰਦੀਆਂ ਸਨ।ਪਰ ਉਸ ਨੇ ਮੇਰੀ ਇਕ ਨਹੀਂ ਸੀ ਸੁਣੀ।ਮੈਂ ਕਾਕੇ ਨੂੰ ਕਿਹਾ ਕਿ ਉਹ ਫਟਾ-ਫੱਟ ਮੈਨੂੰ ਡੇਅਰੀ ਵਾਲੇ ਬੁੱਢੇ ਕੋਲ ਲੈ ਚਲੇ।ਲੋਹਾ ਲਾਖਾ ਹੋ ਕੇ ਮੈਂ ਉਸ ਨੂੰ ਉਸ ਦੀ ਕੁਤਾਹੀ ਬਾਰੇ ਫਿਟਲਾਣਤੀ ਪਾਈ ਤੇ ਆਪਣੀ ਵਿਿਥਆ ਸੁਣਾਈ।ਉਸ ਨੇ ਘਬਰਾਏ ਹੋਏ ਨੇ ਹਲੀਮੀ ਨਾਲ ਕਿਹਾ,”ਮੇਰੇ ਦੋ ਸੌ ਗਾਹਕਾਂ ਵਿਚੋਂ ਹੋਰ ਕਿਸੇ ਦੀ ਤਾਂ ਜੀ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ।ਤੇ ਕਾਕਾ ਜੀ ਨੇ ਵੀ ਤਾਂ ਉਸੇ ਦੁੱਧ ਦੀ ਚਾਹ ਪੀਤੀ ਹੋਣੀ ਐ? ਇਹ ਤਾਂ ਠੀਕ ਠਾਕ ਹਨ।ਫਿਰ ਵੀ ਮੈ ਤੁਹਾਡੀ ਗੱਲ ਮੰਨ ਕੇ ਢੋਲ ਹੁਣੇ ਦੂਜੇ ਪਾਸੇ ਰੱਖ ਦਿੰਦਾ ਹਾਂ।”ਮੈਨੂੰ ਉਸ ਦੀ ਗੱਲ ਵਿਚ ਥੋੜਾ ਤਰਕ ਲਗਿਆ ਤੇ ਮੈਂ ਗੁੱਸਾ ਪੀ ਕੇ ਘਰ ਮੁੜ ਆਇਆ।
        ਸ਼ਾਮ ਹੋਣ ਨਾਲ ਮੇਰਾ ਸਿਰ-ਦਰਦ ਪਰਤ ਆਇਆ ਤੇ ਮੈਂ ਉਸੇ ਦਵਾਈ ਦੀ ਇਕ ਹੋਰ ਖ਼ੁਰਾਕ ਲੈ ਕੇ ਲੇਟ ਗਿਆ।ਰਾਤ ਨੂੰ ਸਰਬਜੀਤ ਵਿਰਕ ਹਾਲ ਪੁੱਛਣ ਆਇਆ ਤੇ ਸਵੇਰੇ ਹਸਪਤਾਲ ਦਿਖਾਉਣ ਦੀ ਸਲਾਹ ਦੇ ਕੇ ਚਲਾ ਗਿਆ।ਅਮਰੀਕਾ ਤੋਂ ਫਿਰ ਬਚਿੱਆਂ ਦੇ ਫੋਨ ਆਏ, ਉਹਨਾਂ ਨੇ ਵੀ ਇਸੇ ਗੱਲ ਤੇ ਜੋਰ ਦਿਤਾ।ਸਵੇਰੇ ਮੈਂ ਉਂਜ ਠੀਕ ਸਾਂ ਪਰ ਸਭ ਦੀ ਰਾਏ ਦਾ ਸਨਮਾਨ ਕਰਨ ਲਈ ਕਾਕੇ ਨਾਲ ਹਸਪਤਾਲ ਚਲਾ ਗਿਆ।ਉਥੇ ਡਾਕਟਰਾਂ ਨੇ ਮੈਨੂੰ ਕਈ ਵਿਭਾਗਾਂ ਵਿਚ ਘੁਮਾ ਕੇ ਸਾਇਕੈਟਰੀ ਵਿਭਾਗ ਵਿਚ ਭੇਜ ਦਿਤਾ।ਸਾਇਕੈਟਰੀ ਵਾਲਿਆਂ ਨੇ ਇਸ ਨੂੰ ਬੇਹੋਸ਼ੀ ਦਾ ਦੌਰਾ ਦੱਸ ਕੇ ਸੀ ਟੀ ਸਕੈਨ ਕਰਾਉਣ ਲਈ ਕਿਹਾ ਤੇ ਚਿੰਤਾ-ਮੁਕਤ ਰਹਿਣ ਦੀ ਸਲਾਹ ਦਿਤੀ। ਉਹਨਾਂ ਤੋਂ ਮੈਨੂੰ ਇਹੀ ਉਮੀਦ ਸੀ।
        ਦਰਅਸਲ ਮਨੁੱਖੀ ਮਨ ਦੀਆਂ ਸੂਖ਼ਮ ਪੇਚਗੀਆਂ ਉਹਨਾਂ ਦੀ ਪਹੁੰਚ ਤੋਂ ਬਾਹਰ ਸਨ।ਮੇਰਾ ਕੋਈ ਸਾਧਾਰਣ ਬੇਹੋਸ਼ੀ ਦਾ ਦੌਰਾ ਨਹੀਂ ਸੀ।ਇਸ ਵਿਚ ਮੈਂ ਤੁਰ ਫਿਰ ਰਿਹਾ ਸਾਂ, ਗੱਲਾਂ ਬਾਤਾਂ ਕਰ ਰਿਹਾ ਸਾਂ, ਠੀਕ ਐਡਰੈਸ ਦੱਸ ਰਿਹਾ ਸਾਂ ਤੇ ਆਪਣੀ ਸੱਹੀ ਦਵਾਈ ਆਪ ਦੱਸ ਰਿਹਾ ਸਾਂ। ਪਰ ਹਰ ਗੱਲ ਨਾਲ ਦੀ ਨਾਲ ਭੁੱਲ ਜਾਂਦਾ ਸਾਂ।ਇਸ ਬੇਹੋਸ਼ੀ ਵਿਚ ਮੈਂ ਕੋਈ ਫ਼ੈਸਲਾ ਲੈ ਕੇ ਅਮਲ ਨਹੀਂ ਸੀ ਕਰ ਸਕਦਾ ਕਿਉਂਕਿ ਯਾਦਦਾਸ਼ਤ ਦੀ ਲਕੀਰ ਨਾਲ ਦੀ ਨਾਲ ਮਿਟ ਜਾਂਦੀ ਸੀ।ਇਸ ਦਾ ਸਭ ਰੰਗ ਢੰਗ ਤਾਂ ਅੱਜ ਕੱਲ ਦੇ ਐਲਜ਼ਾਈਮਰ ਰੋਗ ਵਰਗਾ ਸੀ ਜਿਸ ਨੂੰ ਕੋਈ ਵੀ ਡਾਕਟਰ ਜਾਂ ਮਨੋ-ਵਿਿਗਆਨਕ ਠੀਕ ਨਹੀ ਕਰ ਸਕਿਆ।ਪਰ ਮੈਂ ਤਾਂ ਠੀਕ ਹੋ ਚੁੱਕਾ ਸਾਂ।ਇਸ ਲਈ ਮੈਂ ਡਾਕਟਰੀ ਸਲਾਹ ਅਨਸੁਣੀ ਕਰ ਕੇ ਇਸ ਦੇ ਅਸਲੀ ਕਾਰਣ ਦੀ ਖੋਜ਼ ਜਾਰੀ ਰਖੀ।
        ਦੋ ਤਿੰਨ ਦਿਨ ਦੀ ਭਾਲ ਮਗਰੋਂ ਵੀ ਜਦੋਂ ਮੇਰੇ ਹੱਥ ਪੱਲੇ ਕੁਝ ਨਾ ਪਿਆ ਤਾਂ ਮੈਂ ਸਾਈਮੂਲੇਸ਼ਨ ਖੋਜ਼ ਵਿਧੀ ਦਾ ਸਹਾਰਾ ਲਿਆ।ਇਸ ਵਿਧੀ ਦਾ ਮੇਰਾ ਗਿਆਨ 1973 ਵੇਲੇ ਦਾ ਸੀ ਜਦੋਂ ਮੈਂ ਸਰ ਆਰਥਰ ਕਾਨੰਨ ਡਾਇਲ ਦੇ ਲਿਖੇ ਸਭ ਨਾਵਲ ਤੇ ਕਹਾਣੀਆਂ ਉਪਰੋਥਲੀ ਕਈ ਵਾਰ ਪੜੇ੍ਹ ਸਨ।ਇਹਨਾਂ ਵਿਚ ਉਸ ਦੇ ਵਿਸ਼ਵ-ਪ੍ਰਸਿੱਧ ਨਾਇਕ ਸ਼ਰਲਕ ਹੋਮਜ਼ ਨੇ ਇਸ ਵਿਧੀ ਰਾਹੀਂ ਕਈ ਕੇਸ ਸੁਲਝਾਏ ਸਨ ਜਿਹਨਾਂ ਵਿਚੋਂ “ਸਕੈਂਡਲ ਇਨ ਬੋਹੇਮੀਆ” ਨਾਮਕ ਕਹਾਣੀ ਵਿਚ ਉਸ ਨੇ ਇਸ ਦੀ ਬੇਮਿਸਾਲ ਵਰਤੋਂ ਕੀਤੀ ਸੀ।ਉਦੋਂ ਤੋਂ ਮੈਂ ਵੀ ਇਸ ਤੇ ਅਮਲ ਕਰਦਾ ਆ ਰਿਹਾ ਸਾਂ ਤੇ ਕਈ ਉਲਝੀਆਂ ਗੁੱਥੀਆਂ ਸੁਲਝਾ ਚੁੱਕਾ ਸਾਂ।ਅਸਲ ਵਿਚ ਇਹ ਅਤਿ ਆਸਾਨ ਤੇ ਕੁਦਰਤੀ ਵਿਧੀ ਹੈ ਜਿਸ ਦਾ ਨਿੱਕ-ਮੰਤਰ ਹੈ “ਅੱਖਾਂ ਖੋਹਲੋ, ਫਿਰ ਕਰੋ”। ਸ਼ਰਲਕ ਹੋਮਜ਼ ਦਾ ਮੰਨਣਾ ਸੀ ਕਿ ਅਸੀਂ ਆਮ ਹਾਲਤਾਂ ਵਿਚ ਵੇਖਦੇ ਤਾਂ ਹਾਂ ਪਰ ਗਹੁ ਨਾਲ ਨਹੀਂ।ਇਸ ਕਰ ਕੇ ਅਸਲ ਸਚਾਈ ਸਾਡੇ ਹੱਥੋਂ ਨਿਕਲ ਜਾਂਦੀ ਹੈ।ਜੇ ਅਸੀਂ ਪੂਰੇ ਧਿਆਨ ਨਾਲ ਵੇਖਦੇ ਹੋਏ ਕਿਸੇ ਉਲਝੀ ਘਟਨਾ ਨੂੰ ਮੁੱਢ ਤੋਂ ਫਿਰ ਦੁਹਰਾਈਏ ਤਾਂ ਇਸ ਦੇ ਕਈ ਛੁਪੇ ਰਾਜ਼ ੳੱੁਘੜ ਕੇ ਸਾਹਮਣੇ ਆ ਜਾਂਦੇ ਹਨ।
        ਇਸ ਸੂਤਰ ਤੇ ਅਮਲ ਕਰਨ ਲਈ ਮੈਂ ਐਤਵਾਰ ਦਾ ਦਿਨ ਚੁਣਿਆਂ ਤਾਂ ਜੋ ਮੇਰਾ ਲੜਕਾ ਘਰ ਹੋਵੇ ਤੇ ਮੇਰੇ ਨਾਲ ਰਹੇ।ਮੈ ਉਸ ਨੂੰ ਤਾਕੀਦ ਕੀਤੀ ਕਿ ਮੇਰੇ ਤੇ ਦੂਰ ਤੋਂ ਨਜ਼ਰ ਰਖੇੇ ਪਰ ਕੁਝ ਗਲਤ ਹੋਣ ਦੀ ਹਾਲਤ ਵਿਚ ਮੈਨੂੰ ਸੰਭਾਲ ਲਵੇ।ਮੈਂ ਕੈਂ...ਇੰ... ਦਵਾਈ ਦੀ ਸ਼ੀਸ਼ੀ ਵੀ ਉਸ ਨੂੰ ਫੜਾ ਦਿਤੀ ਤਾਂ ਕਿ ਲੋੜ ਪੈਣ ਤੇ ਇਸ ਦੀ ਖ਼ੁਰਾਕ ਮੇਰੇ ਮੂੰਹ ਵਿਚ ਪਾ ਸਕੇ।ਉਸ ਨੂੰ ਸਭ ਸਮਝਾ ਕੇੇ ਮੈਂ ਇੰਨ ਬਿੰਨ ਉਵੇਂ ਕਰਨ ਲਗਾ ਜਿਵੇ ਘਟਨਾ ਵਾਲੀ ਸਵੇਰ ਹੋਇਆ ਸੀ।ਮਿੱਥੇ ਪ੍ਰੋਗਰਾਮ ਅਨੁਸਾਰ ਪਹਿਲਾਂ ਉੱਠ ਕੇ ਮੈਂ ਉਸ ਨੂੰ ਚਾਹ ਦਿਤੀ ਫਿਰ ਆਪਣਾ ਕੱਪ ਲੈਕੇ ਲਿਖਣ ਮੇਜ਼ ਤੇ ਪੁੱਜਾ ਜਿਥੇ “ਜੇ ਹਉ ਜਾਣਾ ਆਖਾ ਨਾਹੀ” ਵਾਲਾ ਵਰਕਾ ਹਾਲੇ ਵੀ ਖੁਲਿਆ ਪਿਆ ਸੀ।ਇਸ ਤੁਕ ਬਾਰੇ ਵਿਚਾਰ ਕਰਦਾ ਹੋਇਆ ਮੈਂ ਡੈੱਕ ਵਲ ਵਧਿਆ।ਮੈਨੂੰ ਕੁਝ ਵੀ ਆਸਾਧਾਰਣ ਵਿਖਾਈ ਨਾ ਦਿਤਾ।
        ਉੱਥੇ ਉਵੇਂ ਬੈਠ ਕੇ ਮੈਂ ਜਪੁਜੀ ਸਾਹਿਬ ਦੀ ਕੈਸਟ ਲੱਭਣ ਦੀ ਪ੍ਰੀਕ੍ਰਿਆ ਦੁਹਰਾਈ ਤੇ ਉਹ ਸਭ ਟੇਪ ਮੁੜ ਵਜਾ ਕੇ ਵੇਖੇ ਜਿਹੜੇ ਘਟਨਾ ਵਾਲੇ ਦਿਨ ਵਜਾਏ ਸਨ।“ਆਜ ਪੁਰਾਣੀ ਰਾਹੋਂ ਸੇ ਕੋਈ ਮੁਝੇ ਆਵਾਜ਼ ਨਾ ਦੇ” ਵਾਲਾ ਗਾਣਾ ਵੀ ਕਈ ਵਾਰ ਸੁਣਿਆਂ।ਹਰ ਕੈਸਟ ਘੁਮਾ ਫਿਰਾ ਕੇ ਚਾਰੇ ਪਾਸਿਓਂ ਘੋਖੀ ਤੇ ਸੁੰਘੀ, ਪਰ ਬੇਹੋਸ਼ੀ ਵਾਲੀ ਕੋਈ ਚੀਜ਼ ਨਾ ਲਭੀ।ਅਖੀਰ ਨੂੰ ਮੈਂ ਰਹਿੰਦੇ ਟੇਪਾਂ ਨੁੰ ਵਜਾਉਣ ਦੀ ਸੋਚੀ ਤੇ ਉਹਨਾਂ ਤੇ ਸਿਰਲੇਖ ਲਿਖਣ ਲਈ ਚਾਂਦੀ ਰੰਗਾ ਮਾਰਕਰ ਉਠਾਇਆ।ਖੋਹਲਣ ਤੋਂ ਪਹਿਲਾਂ ਮਾਰਕਰ ਦਾ ਵੀ ਪੂਰਾ ਮੁਅਇਨਾ ਕੀਤਾ।ਇਸ ਦੇ ਚਾਰੇ ਪਾਸੇ ਸੁਨਹਿਰੀ ਡੱਬੀਆਂ ਵਿਚ ਵੱਖ 2 ਰੰਗਾਂ ਨਾਲ ਅੰਗਰੇਜ਼ੀ ਵਿਚ ਇਸ ਦੀਆਂ ਖ਼ੂਬੀਆਂ ਦਾ ਵਰਨਣ ਕੀਤਾ ਹੋਇਆ ਸੀ।ਮੈਂ ਸਰਵੇਖਣ ਦੇ ਨਿਯਮ ਮੁਤਾਬਿਕ ਸਭ ਡੱਬੀਆਂ ਪੜ੍ਹੀਆਂ ਪਰ ਕੁਝ ਪੱਲੇ ਨਾ ਪਿਆ।ਅੰਤ ਲੰਬਾਈ ਵਾਲੇ ਰੁਖ ਇਕ ਅਤਿ-ਮਹੀਨ ਲਾਈਨ ਲਿਖੀ ਮਿਲੀ ਜਿਹੜੀ ਮੇਰੇ ਕੋਲੋਂ ਪੜ੍ਹੀ ਨਾ ਗਈ।ਮੈਂ ਕਾਕੇ ਨੂੰ ਵਡਦਰਸ਼ੀ ਸ਼ੀਸ਼ਾ ਫੜਾਉਣ ਲਈ ਕਿਹਾ।
        ਇਹ ਮਹੀਨ ਲਾਈਨ ਪੜ੍ਹ ਕੇ ਮੈਂ ਦੰਗ ਰਹਿ ਗਿਆ।ਲਿਿਖਆ ਸੀ,”ਖ਼ਬਰਦਾਰ: ਇਸ ਦੇੇ ਵਾਸ਼ਪ ਬੇਹੋਸ਼ ਕਰ ਦੇਂਦੇ ਹਨ।” ਮੇਰੀ ਬੇਹੋਸ਼ੀ ਦਾ ਰਾਜ਼ ਖੁਲ੍ਹ ਚੁੱਕਾ ਸੀ।ਮੈਂ ਬੰਦ ਕਮਰੇ ਦੇ ਇਕ ਕੋਨੇ ਵਿਚ ਪਏ ਮੇਜ਼ ਤੇ ਬਾਰ 2 ਝੁਕ ਕੇ ਕੈਸਟਾਂ ਦੇ ਨਾਮ ਲਿਖਦਾ ਰਿਹਾ ਸਾਂ ਤੇ ਖੁੱਲਾ ਪੈਨ ਅੱਗੇ ਰੱਖਿਆਂ ਹੀ ਬਹੁਤ ਦੇਰ ਟੇਪਾਂ ਚਲਾਉਂਦਾ ਰਿਹਾ ਸਾਂ।ਇਸ ਨਾਲ ਬਹੁਤ ਸਾਰੇ ਜ਼ਹਿਰੀਲੇ ਵਾਸ਼ਪ ਮੇਰੇ ਅੰਦਰ ਚਲੇ ਗਏ ਸਨ।ਕਿੰਨੀ ਦੇਰ ਮੈਂ ਮਨ ਵਿਚ ਹੋਮਿਓਪੈਥੀ ਦਾ ਧੰਨਵਾਦ ਕਰਦਾ ਰਿਹਾ ਜਿਸ ਨੇ ਮੈਨੂੰ ਮੇਰੀ ਯਾਦ-ਦਾਸ਼ਤ ਬਖ਼ਸ਼ ਕੇ ਬੜੀ ਕਸੂਤੀ ਸਥਿੱਤੀ ਵਿਚੋਂ ਕੱਢਿਆ ਸੀ ਤੇ ਆਪਣੇ ਜਪੁਜੀ ਟੀਕੇ ਦਾ ਪ੍ਰਾਜੈਕਟ “ਜੇ ਹਉ ਜਾਣਾ ਆਖਾ ਨਾਹੀ” ਤੋਂ ਅੱਗੇ ਤੋਰਨ ਦਾ ਬਲ ਬਖ਼ਸ਼ਿਆ ਸੀ।
        ਮੇਰੀ ਖ਼ੋਜ਼ ਮੁਕੰਮਲ ਹੋ ਚੁਕੀ ਸੀ।ਮੈਂ ਮਾਰਕਰ ਨੂੰ ਬਿਨਾ ਖੋਹਲੇ ਉੱਥੇ ਹੀ ਰੱਖ ਦਿਤਾ।ਸ਼ਾਮ ਨੂੰ ਵਿਰਕ ਸਾਹਿਬ ਆਏ।ਮੈਂ ਉਹਨਾਂ ਨੂੰ ਸਾਰੀ ਵਿਿਥਆ ਸੁਣਾਈ ਤੇ ਖ਼ੁਦ ਪੜ੍ਹਨ ਲਈ ਮਾਰਕਰ ਉਹਨਾਂ ਅੱਗੇ ਕੀਤਾ।ਉਹ ਇਕ ਦਮ ਤ੍ਰਭਕ ਕੇ ਪਿੱਛੇ ਹਟ ਗਏ ਜਿਵੇਂ ਇਹ ਮਾਰਕਰ ਨਾ ਹੋ ਕੇ ਕੋਈ ਸੱਪ ਹੋਵੇ।ਇਹੀ ਹਾਲ ਉਹਨਾਂ ਸਭਨਾਂ ਦਾ ਹੋਇਆ ਜਿਹਨਾਂ ਨੂੰ ਮੈਂ ਇਹ ਮਾਰਕਰ ਬਾਦ ਵਿਚ ਦਿਖਾਇਆ।ਇਹ ਮਾਰਕਰ ਹਾਲੇ ਵੀ ਸਾਡੇ ਡਰਾਇੰਗ ਰੂਮ ਦੀ ਨਿੱਚ ਵਿਚ ਰੱਖਿਆ ਪਿਆ ਹੈ। ਭਾਵੇ ਕਿ ਦਹਾਕਿਆਂ ਦੀ ਗਰਮੀ ਕਾਰਨ ਹੁਣ ਇਸ ਦੇ ਸਭ ਵਾਸ਼ਪ ਸੱੁਕ ਗਏ ਹੋਣਗੇ ਪਰ ਜਦੋਂ ਵੀ ਮੈਂ ਸਾਲ ਬਾਦ ਪਟਿਆਲੇ ਜਾ ਕੇ ਬੰਦ ਬੂਹਾ ਖੋਹਲਦਾ ਹਾਂ, ਤਾਂ ਘਰ ਵਿਚ ਛਿਪੇ ਸੱਪ, ਬਿੱਛੂਆਂ ਆਦਿ ਦੇ ਨਾਲ 2 ਇਸ ਦਾ ਲਗਿਆ ਕੈਪ ਵੀ ਜਰੂਰ ਚੈੱਕ ਕਰਦਾ ਹਾਂ।

No comments:

Post a Comment