Homeopathy Astrology and Science (Punjabi)

 

ਜੋਤਿਸ਼ ਹੋਮਿਓਪੈਥੀ ਤੇ ਵਿਗਿਆਨ

    ਤਰਕਸ਼ੀਲ ਫਿਰਕੇ ਦੋ ਲੋਕ ਸਾਰੇ ਦੇ ਸਾਰੇ ਜੋਤਿਸ਼ ਵਿਗਿਆਨ ਦੀ ਬਹੁਤ ਵਿਰੋਧਤਾ ਕਰਦੇ ਹਨ। ਲਗਦਾ ਹੈ ਉਨ੍ਹਾਂ ਨੂੰ ਆਪਣੇ ਤਰਕਾਂ ਦਾ ਸਿੱਕਾ ਮਨਾਉਣ ਲਈ ਇਸ ਤੋਂ ਨੇੜੇ ਦਾ ਹੋਰ ਕੋਈ ਵਿਸ਼ਾ ਮਿਲਿਆ ਹੀ ਨਹੀਂ। ਉਹ ਇਸ ਦੇ ਨਿਅਮਾਂ ਨੂੰ ਬਾਹਰੀ ਭਾਵ ਸਤਹੀ ਸਮਝ ਕੇ ਸਮੀਖਿਆ ਕਰਦੇ ਹਨ। ਪਰ ਇਸ ਦਾ ਬਾਹਰਲਾ ਨਿਯਮ ਤਾਂ ਕੋਈ ਹੈ ਹੀ ਨਹੀਂ। ਇਸ ਦੇ ਨਿਯਮ ਤਾਂ ਤਜ਼ਰਬੇ ਵਿਚੋਂ ਦੇਖ ਪਰਖ ਕੇ ਹੀ ਘੜੇ ਗਏ ਹਨ। ਉਦਾਹਰਣ ਦੇ ਤੌਰ ਤੇ ਜੇ ਕੋਈ ਕਹੇ ਕਿ ਜੋਤਿਸ਼ੀ ਭਵਿੱਖ ਦੀ ਗੱਲ ਦੱਸ ਦਿੰਦੇ ਹਨ। ਇਸ ਤੋਂ ਲੋਕ ਸਮਝਦੇ ਹਨ ਕਿ ਉਨ੍ਹਾਂ ਕੋਲ ਭਵਿੱਖ ਵਿਚ ਝਾਕਣ ਵਾਲਾ ਕੋਈ ਖਾਸ ਇਲਮ ਹੋਵੇਗਾ ਜੋ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਤੋਂ ਕੇਵਲ ਉਨਾਂ ਕੋਲ ਆਈ ਹੈ। ਤਰਕਸ਼ੀਲ ਇਸ ਵਿਚਾਰ ਦੀ ਵਿਰੋਧਤਾ ਕਰਦੇ ਹਨ। ਉਹ ਇਹ ਵੀ ਸਮਝਦੇ ਹਨ ਕਿ ਭੱਵਿਖ ਦੀ ਕੋਈ ਜਾਣਕਾਰੀ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦੀ ਭਾਵ ਟੁੱਟੀ ਫੁੱਟੀ ਵੀ ਸੰਭਵ ਨਹੀਂ ਹੋ ਸਕਦੀ ਜਿਵੇਂ ਮੌਸਮ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ।

    ਇਸ ਬਾਰੇ ਤਰਕਸ਼ੀਲਾਂ ਦਾ ਇਕ ਖਾਸ ਢੰਗ ਤਰੀਕਾ ਹੈ। ਉਹ ਜੋਤਸ਼ੀ ਕੋ ਜਾ ਕੇ ਉਸ ਨੂੰ ਕੋਈ ਵਿਸ਼ਾ ਦੇ ਕੇ ਭਵਿਸ਼ਵਾਣੀ ਕਰਨ ਨੂੰ ਕਹਿੰਦੇ ਹਨ। ਆਮ ਤੌਰ ਤੇ ਕਿਸੇ ਦੀ ਮੱਝ ਨੂੰ ਦੂਜੇ ਦੇ ਘਰ ਬੰਨ ਕੇ ਕਹਿਣਗੇ ਕਿ ਦੱਸ ਕਿਥੇ ਹੈ। ਜਿਨ੍ਹਾਂ ਨੇ ਜੋਤਿਸ਼ ਬਾਰੇ ਕੁਝ ਜਾਣਿਆ ਹੈ ਉਹ ਸਮਝਦੇ ਹਨ ਕਿ ਇਹ ਜੋਤਸ਼ ਦਾ ਵਿਸ਼ਾ ਹੈ ਹੀ ਨਹੀਂ। ਪਰ ਉਹ ਫਿਰ ਵੀ ਇੱਦਾਂ ਕਰਦੇ ਹਨ। ਜੋਤਿਸ਼ੀ ਦਾ ਉੱਤਰ ਸਹੀ ਨਾ ਨਿਕਲਣ ਤੇ ਉਹ ਆਪਣੇ ਅਣਜਾਣ ਪੁਣੇ ਵਿਚ ਨੂੰ ਝੂਠਾ ਤੇ ਫਰੇਬੀ ਕਹਿ ਕੇ ਨਿੰਦਦੇ ਹਨ। ਇਸੇ ਗੱਲ ਨੂੰ ਹੋਰ ਲਮਕਾ ਕੇ ਉਹ ਇਹ ਵੀ ਕਹਿੰਦੇ ਹਨ ਕਿ ਉਹ ਆਪਣੇ ਝੂਠ ਰਾਹੀਂ ਲੋਕਾਂ ਨੂੰ ਲੁਟਦੇ ਹਨ ਤੇ ਉਹਨਾਂ ਨੂੰ ਆਪਣਾ ਪੇਸ਼ਾ ਛੱਡਣ ਲਈ ਕਹਿੰਦੇ ਹਨ।। ਮੰਨਿਆ ਬਹੁਤ ਸਾਰੇ ਜੋਤਿਸ਼ੀ ਦੇ ਵਪਾਰੀ ਇੱਦਾਂ ਕਰਦੇ ਹਨ। ਪਰ ਉਹਨਾਂ ਕਾਰਣ ਜੋਤਸ਼ ਗਲਤ ਤਾਂ ਨਹੀਂ ਹੋ ਸਕਦੀ। ਕਈ ਹੋਮਿਓਪੈਥਿਕ ਡਾਕਟਰ ਨੀਮ ਹਕੀਮੀ ਦਾ ਧੰਦਾ ਕਰਦੇ ਹੋਣਗੇ ਤੇ ਕਈ ਸੁਘੜ ਜਾਣਕਾਰਾਂ ਤੋਂ ਵੀ ਕਈ ਮਰੀਜ਼ ਠੀਕ ਨਾ ਹੁੰਦੇ ਹੋਣਗੇ, ਪਰ ਉਹਨਾਂ ਕਾਰਣ ਹੋਮਿਓਪੈਥੀ ਸਿਧਾਂਤਕ ਤੌਰ ਤੇ ਗਲਤ ਤਾਂ ਨਹੀਂ ਹੋ ਸਕਦੀ। ਰੂਸ ਵਿਚ ਸੱਤਰ ਸਾਲ ਚਲ ਕੇ ਸੋਵੀਅਤ ਪਰੀਖਣ ਫੇਲ ਹੋ ਗਿਆ ਇਸ ਦਾ ਭਾਵ ਇਹ ਤਾਂ ਨਹੀਂ ਕਿ ਮਾਰਕਸਵਾਦ ਗਲਤ ਹੈ।

    ਕੋਈ ਤਰਕਸ਼ੀਲ ਕਿਸੇ ਇਕ ਹਫਤੇ ਦੀ ਗਰਭਵਤੀ ਔਰਤ ਨੂੰ ਦਿਖਾ ਕੇ ਜੋਤਸ਼ੀ ਤੋਂ ਕਦੇ ਨਹੀਂ ਪੁੱਛਦਾ ਕਿ ਦੱਸ ਬਈ ਇਸ ਨੂੰ ਬਾਲ ਦਾ ਕਿੰਨੇ ਸਮੇਂ ਬਾਦ ਜਨਮੇਂਗਾ ਕਿਉਂਕਿ ਉਹ ਸਮਝਦੇ ਹਨ ਕਿ ਇਹ ਜੋਤਿਸ਼ ਦਾ ਸਵਾਲ ਨਹੀਂ ਹੈ। ਇਸ ਦਾ ਤਾਂ ਉਹਨਾਂ ਨੂੰ ਉੱਦਾਂ ਈ ਪਤਾ ਹੈ। ਪਰ ਜੋ ਵਿਗਿਆਨਕ ਨਿਯਮ ਗਰਭਵਤੀ ਔਰਤ ਦੇ ਸਬੰਧ ਵਿਚ ਵਰਤੇ ਜਾਂਦੇ ਹਨ ਉਹੀ ਜੋਤਿਸ਼ ਵਿਚ ਵਰਤੇ ਜਾਂਦੇ ਹਨ। ਦੋਵੇਂ ਪਰਕਾਰ ਦੇ ਖੇਤਰਾਂ ਵਿਚ ਨਿਯਮ ਅਸਲੀ ਕੇਸਾਂ ਨੂੰ ਘੋਖ ਵਰਤ ਕੇ ਬਣਾਏ ਜਾਂਦੇ ਹਨ। ਪਰ ਇਹ ਨਵੀਨ ਵਿਦਵਾਨ ਤਰਕਸ਼ੀਲ ਇੰਨਾ ਜਾਣਦੇ ਹੀ ਨਹੀਂ ਹਨ। ਅੱਛਾ ਮੰਨ ਲਵੋ ਕਿ ਜੇ ਉਹ ਉਸੇ ਔਰਤ ਦੇ ਸਵਾਲ ਨੂੰ ਜੋਤਿਸ਼ ਦਾ ਕੇਸ ਮੰਨ ਕੇ ਪੁੱਛ ਲੈਣ ਕਿ ਜੋਤਿਸ਼ੀ ਜੀ ਆਪਣਾ ਇਲਮ ਵਰਤ ਕੇ ਦਸੋ ਇਸ ਨੂੰ ਬਾਲ ਕਦੋਂ ਪੈਦਾ ਹੋਵੇਗਾ ਤੇ ਜੋਤਿਸ਼ੀ ਦਸ ਵੀ ਦੇਵੇ ਕਿ 9 ਮਹੀਨਿਆਂ ਬਾਦ ਹੋਵੇਗਾ। ਤਾਂ ਹੁਣ ਜੇ ਬਾਲ ਹਫਤਾ ਦੋ ਹਫਤੇ ਅੱਗੇ ਪਿਛੇ ਹੋ ਜਾਵੇ ਤਾਂ ਵੀ ਉਹਨਾਂ ਨੇ ਯਕੀਨ ਕਰ ਲੈਣਾ ਹੈ ਕਿ ਉਸ ਦੀ ਭਵਿਸ਼ਵਾਣੀ ਠੀਕ ਹੀ ਹੈ ਕਿਉਂਕਿ 9 ਮਹੀਨਿਆਂ ਦੇ ਸਾਹਮਣੇ ਇਕ ਦੋ ਹਫਤੇ ਦੀ ਕੀ ਮਜ਼ਾਲ ਹੈ ਕਿ ਭਵਿਖਵਾਣੀ ਨੂੰ ਝੂਠਲਾ ਦੇਵੇ। ਪਰ ਉਹ ਅਜਿਹਾ ਕਰਦੇ ਨਹੀਂ। ਉਹ ਜੋਤਿਸ਼ੀ ਨੂੰ ਝੂਠਾ ਤੇ ਫਰੇਬੀ ਸਾਬਤ ਕਰਨ ਦਾ ਹਰ ਯਤਨ ਕਰਦੇ ਹਨ। ਉਹ ਜੋਤਿਸ਼ ਦਾ ਸਹੀ ਮੁਲਾਂਕਣ ਨਹੀਂ ਕਰ ਸਕਦੇ ਕਿਉਂਕਿ ਇਹ ਉਹਨਾਂ ਦੀ ਸਮਝ ਤੋਂ ਬਾਹਰ ਹੈ।

    ਕਈ ਤਰਕਸ਼ੀਲ ਜੋਤਿਸ਼ ਨੂੰ ਪੜ੍ਹ ਕੇ ਤੇ ਸਿੱਖ ਕੇ ਇਸ ਨੂੰ ਸਮਝਣ ਦਾ ਯਤਨ ਵੀ ਕਰਦੇ ਹਨ ਪਰ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ। ਕਿਉਂਕਿ ਉਹ ਅਜਿਹਾ ਇਸ ਨੂੰ ਲਤਾੜਣ ਦੀ ਮਨਸ਼ਾ ਨਾਲ ਕਰਦੇ ਹਨ ਇਸ ਲਈ ਹਰ ਵੇਲੇ ਨੁਕਸਾਂ ਦੀ ਜਾਂ ਬਹਾਨਿਆਂ ਦੀ ਭਾਲ ਵਿਚ ਹੀ ਰਹਿੰਦੇ ਹਨ। ਨੁਕਸ ਕੱਢਣ ਲਈ ਜਾਂ ਅੰਦਰ ਦੀ ਹੋੜ੍ਹ ਪੁਗਾਉਣ ਲਈ ਗਿਆਨ ਦੀ ਲੋੜ ਨਹੀਂ ਬਹਾਨੇ ਦੀ ਲੋੜ ਹੈ ਇਸ ਲਈ ਉਹ ਹਰ ਵਾਰ ਕੋਈ ਅਜਿਹਾ ਵੱਲ ਢੂੰਡਦੇ ਹਨ ਕਿ ਜੋਤਿਸ਼ ਨੂੰ ਬੇਕਾਰ ਦਸ ਸਕਣ। ਉਹ ਇਸ ਦੇ ਸਿੱਟਿਆਂ ਵਿਚੋਂ ਮਨੁੱਖਤਾ ਦਾ ਲਾਭ ਪਰਖਦੇ ਹਨ ਵਿਗਿਆਨ ਨਹੀਂ ਪਰਖਦੇ। ਸੰਜੀਦਾ ਹੋ ਕੇ ਦੇਖਣ ਤੋਂ ਪਤਾ ਚਲਦਾ ਹੈ ਕਿ ਜੋਤਸ਼ ਵਿਚ ਨਿਯਮ ਤੇ ਸਿੱਟੇ ਉਵੇਂ ਹੀ ਘੜੇ ਜਾਂਦੇ ਹਨ ਜਿਵੇਂ ਦੂਜੇ ਵਿਗਿਆਨਾਂ ਵਿਚ। ਇਹ ਢੰਗ ਕੀ ਹੈ?

    ਇਸ ਦੀ ਇਕ ਉਦਾਹਰਨ ਲੈਂਦੇ ਹਾਂ। ਮੰਨ ਲਵੋ ਤੁਹਾਡੇ ਕਮਰੇ ਦੀ ਇਕ ਖਿੜਕੀ ਇਕ ਚਲਦੀ ਗਲੀ ਵਲ ਖੁਲਦੀ ਹੈ। ਇਹ ਵੀ ਮੰਨ ਲਵੋ ਕਿ ਤੁਸੀਂ ਦਸ ਦਿਨ ਹਰ ਰੋਜ ਸਵੇਰੇ ਛੇ ਵਜੇ ਤੋਂ ਦਸ ਵਜੇ ਤੀਕਰ ਖਿੜਕੀ ਵਿਚ ਖੜੇ ਹੋ ਕੇ ਦੇਖਦੇ ਹੋ ਕਿ ਕੌਣ ਆ ਜਾ ਰਹੇ ਹਨ। ਤੁਸੀ ਹਰ ਘੰਟੇ ਰਜਿਸਟਰ ਵਿਚ ਲਿਖ ਕੇ ਹਿਸਾਬ ਰੱਖਦੇ ਹੋ ਕਿ ਤੁਸੀਂ ਕੀ ਦੇਖਿਆ ਹੈ। ਦਸ ਦਿਨਾਂ ਬਾਦ ਜਦੋਂ ਤੁਸੀਂ ਅੰਕੜੇ ਮੇਲਦੇ ਹੋ, ਚਾਰਟ ਬਣਾਉਂਦੇ ਹੋ, ਡੇਟਾ ਨੂੰ ਟੇਬਲਾਂ ਵਿਚ ਭਰਦੇ ਹੋ, ਤਾਂ ਨਾਪ ਤੋਲ ਤੋਂ ਬਾਦ ਤੁਹਾਨੂੰ ਇਹ ਸਿੱਟੇ ਪ੍ਰਾਪਤ ਹੁੰਦੇ ਹਨ। 6 ਵਜੇ ਤੋਂ ਸਤ ਵਜੇ ਤੀਰ 70% ਗੁਰਦੁਆਰੇ ਜਾਂ ਮੰਦਰ ਜਾਣ ਵਾਲੇ ਰੱਬ ਰੱਬ ਕਰਦੇ ਬਜ਼ੁਰਗ ਲੰਘਦੇ ਹਨ। 7 ਵਜੇ ਤੋਂ ਅੱਠ ਵਜੇ ਤੀਕਰ 70% ਸਕੂਲ ਜਾਣ ਵਾਲੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ ਪਿਤਾ। 8 ਤੋਂ 9 ਵਜੇ ਤੀਕਰ 70% ਦਿਹਾੜੀ ਤੇ ਕੰਮ ਕਰਨ ਵਾਲੇ ਮਜ਼ਦੂਰ ਮਿਸਤਰੀ ਅਤੇ 9 ਤੋਂ ਦਸ ਵਜੇ ਤੀਕਰ 70 % ਸਬਜ਼ੀ ਰੇਹੜੀ ਤੇ ਦੁੱਧ ਦੇ ਸਾਈਕਲਾਂ ਵਾਲੇ ਛੋਟੇ ਕਾਰੋਬਾਰੀ ਚੱਕਰ ਕਟਦੇ ਹਨ। ਹੁਣ ਤੁਹਾਡੇ ਕੋਲ ਪਰਖਿਆ ਹੋਇਆ ਬਿਉਰਾ ਤਿਆਰ ਹੈ ਤੇ ਤੁਸੀ ਇਕ ਜੋਤਿਸ਼ੀ ਜਿਹੇ ਗਿਆਨੀ ਬਣ ਗਏ ਹੋ। ਹੁਣ ਤੁਸੀਂ ਬਾਰੀ ਬੰਦ ਕਰ ਕੇ ਬੈਠ ਜਾਓ ਕਿਉਂਕਿ ਤੁਸੀਂ ਬਾਰੀ ਬੰਦ ਹੋਣ ਤੇ ਵੀ ਗਲੀ ਵਿਚੋਂ ਲੰਘਣ ਵਾਲਿਆਂ ਬਾਰੇ ਪੇਸ਼ੀਨਗੋਈ ਕਰ ਸਕਦੇ ਹੋ। ਜੇ ਕੋਈ ਪੁੱਛੇ ਕਿ ਦਸੋ ਗਲੀ ਚੋਂ ਕੌਣ ਲੰਘ ਰਿਹਾ ਹੈ ਤਾਂ ਤੁਸੀ ਸਮਾਂ ਦੇਖੋ ਤੇ ਰਜਿਸਟਰ ਖੋਲ੍ਹੋ। 6 ਤੋਂ 7 ਦਾ ਸਮਾਂ ਹੋਵੇ ਕਹਿ ਦਿਓ ਗੁਰਦੁਆਰੇ ਮੰਦਰ ਜਾਣ ਵਾਲਾ ਪੂਜਾ ਪਾਠੀ ਹੋ ਸਕਦਾ ਹੈ। 7 ਤੋਂ 8 ਦਾ ਸਮਾਂ ਹੋਵੇ ਵਿਦਿਆਰਥੀ ਹੋ ਸਕਣ ਦਾ ਦਾਹਵਾ ਕਰ ਦਿਓ, 7-8 ਵਜੇ ਦਾ ਹੋਵੇ ਮਜ਼ਦੂਰ ਮਿਸਤਰੀ ਹੋਣ ਦੀ ਆਸ ਜਤਾਓ ਤੇ ਉਸ ਤੋਂ ਬਾਦ ਦੁੱਧ ਵਾਲਾ ਜਾਂ ਰੇਹੜੀ ਵਾਲਾ ਹੋ ਸਕਣ ਦੀ ਸੰਭਾਵਨਾ ਦੱਸੋ। ਸੰਭਾਵਨਾ ਦਾ ਸ਼ਬਦ ਜੋਤਿਸ਼ੀ ਤੇ ਵਿਗਿਆਨ ਦੋਹਾਂ ਵਿਚ ਇਸ ਲਈ ਵਰਤਿਆ ਜਾਂਦਾ ਹੈ ਕਿ ਪਰਖ ਵੇਲੇ ਉਨ੍ਹਾਂ ਕੋਲ ਸਿੱਟੇ ਹੀ 100 ਪ੍ਰਤੀਸ਼ਤ ਤੋਂ ਘੱਟ ਆਏ ਸਨ। ਇਸ ਲਈ ਤੁਸੀਂ 70% ਪਰਖ ਨਾਲ 70 ਪ੍ਰਤੀਸ਼ਤ ਭਵਿਖਬਾਣੀ ਠੀਕ ਹੋਣ ਦੀ ਹੀ ਗਰੰਟੀ ਦੇ ਸਕਦੇ ਹੋ 100 ਦੀ ਨਹੀਂ। ਜੇ ਪਰਖਣ ਵੇਲੇ 100% ਲੋਕ ਉਸ ਕਿਸਮ ਦੇ ਹੁੰਦੇ ਤਾਂ ਤੁਸੀਂ ਭਰੋਸੇ ਨਾਲ ਪੱਕੀ ਗੱਲ ਕਹਿ ਸਕਦੇ ਸੀ। ਜਿੰਨੀ ਪ੍ਰਤੀਸ਼ਤ ਤੁਸੀ ਪਰਖ ਰਾਹੀਂ ਪਾਈ ਸੀ ਉਨੇ ਹੀ ਪ੍ਰਤੀਸ਼ਤ ਤੁਸੀਂ ਸਹੀ ਪੇਸ਼ੀਨਗੋਈ ਕਰ ਸਕਦੇ ਹੋ। ਜੋਤਿਸ਼ ਕਿਸੇ ਗੱਲ ਨੂੰ ਸੌ ਫੀ ਸਦੀ ਠੀਕ ਹੋਣ ਦੀ ਗਰੰਟੀ ਨਹੀਂ ਭਰਦਾ; ਕੇਵਾਲ ਸੰਭਾਨਵਾ ਰੂਪ ਵਿਚ ਹੀ ਆਪਣਾ ਫਲ ਦਸਦਾ ਹੈ। ਸੋ ਇਸ ਉਦਾਹਰਣ ਵਿਚ ਤੁਸੀਂ ਵੀ ਬਹੁਤ ਹੱਦ ਤੀਕਰ ਸਹੀ ਉੱਤਰ ਦੇਣ ਵਿਚ ਕਾਮਯਾਬ ਹੋ ਸਕਦੇ ਹੋ। ਇਸ ਨੂੰ ਇਮਪੀਰੀਕਲ ਮੈਥਡ (Empirical Method) ਕਹਿੰਦੇ ਹਨ। ਤਰਕ ਵਿਗਿਆਨ ਦਾ ਪਿਤਾਮਾ ਅਰਸਤੂ ਇਸ ਨੂੰ ਇੰਡਕਟਿਵ ਮੈਥਡ (Inductive Method) ਕਹਿੰਦਾ ਹੈ ਤੇ ਕਿਸੇ ਘੜੇ ਘੜਾਏ ਝੂਠੇ ਸੱਚੇ ਨਿਯਮ ਨੂੰ ਬਿਨਾਂ ਪਰਖੇ ਸਭ ਚੀਜ਼ਾਂ ਤੇ ਲਾਗੂ ਕਰਨ ਨੂੰ ਉਸ ਨੇ ਡਿਡਕਟਿਵ ਮੈਥਡ (Deductive Method) ਕਿਹਾ ਹੈ। ਇਹ ਤਰਕਸ਼ੀਲ ਬਹੁਤਾ ਕਰ ਕੇ ਖਾਸ ਤੌਰ ਤੇ ਜੋਤਿਸ਼ ਦੇ ਮਾਮਲੇ ਵਿਚ ਡਿਡਕਟਿਵ ਮੈਥਡ ਹੀ ਵਰਤਦੇ ਹਨ।

    ਉਪਰੋਕਤ ਉਦਾਹਰਨ ਵਿਚ ਕਿਉਂਕਿ ਤੁਸੀਂ ਕਿਸੇ ਰੱਬ ਨੂੰ ਜਾਂ ਧਾਰਮਿਕ ਪੁਸਤਕ ਨੂੰ ਪੁੱਛ ਕੇ ਉੱਤਰ ਨਹੀਂ ਦਿਤੇ ਸਗੋਂ ਆਪ ਪੂਰਵ ਪਰਖੇ ਅੰਕੜਿਆਂ ਅਨੁਸਾਰ ਉੱਤਰ ਦਿਤੇ ਹਨ ਇਸ ਲਈ ਤੁਸੀਂ ਵਿਗਿਆਨ ਅਨੁਸਾਰ ਚਲੇ ਹੋ। ਇਹ ਵਿਗਿਆਨ ਹੈ ਜੋ ਹਰ ਥਾਂ ਲਾਗੂ ਹੁੰਦਾ ਹੈ। ਉਹ ਦਵਾ ਦੀ ਗੋਲੀ ਜੋ ਤਰਕਸ਼ੀਲ ਸਵੇਰੇ ਸਵੇਰੇ ਬੱਲਡ ਪ੍ਰੈਸ਼ਰ ਕੰਟਰੋਲ ਲਈ ਖਾ ਕੇ ਆਉਦਾ ਹੈ ਇਸੇ ਤਰ੍ਹਾਂ ਪਹਿਲਾਂ ਬਹੁਤ ਸਾਰੇ ਵਿਅਕਤੀਆਂ ਤੇ ਅਜਮਾਈ ਹੁੰਦੀ ਹੈ। ਅਜਮਾਇਸ਼ ਨਾਲ ਹੀ ਪਤਾ ਲਗਦਾ ਹੈ ਕਿ ਕਿਹੜੀ ਦਵਾ ਕਿਸ ਕੰਮ ਆਉਂਦੀ ਹੈ। ਇਸ ਤਰਾਂ ਕੱਢੇ ਸਿਟਿਆਂ ਦੇ ਆਧਾਰ ਤੇ ਹੀ ਇਹ ਦਵਾਵਾਂ ਉਸ ਪ੍ਰਕਾਰ ਦੇ ਮਰੀਜ਼ਾਂ ਨੂੰ ਅੱਗੇ ਦਿੱਤੀਆਂ ਜਾਂਦੀਆਂ ਹਨ। ਹੋਮਿਓਪੈਥੀ ਵਿਚ ਇਸ ਮੈਥਡ ਦੀ ਖਾਸ ਵਰਤੋਂ ਹੁੰਦੀ ਹੈ। ਜੇ ਕਿਸੇ ਨੂੰ ਇਸ ਦਾ ਸਬੂਤ ਦੇਖਣ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਦਸ ਜਿਲਦਾਂ ਵਾਲਾ ਡਾਕਟਰ ਹੈਰਿੰਗ ਦਾ ਮੈਟੀਰੀਆ ਮੈਡਿਕਾ ਪੜ ਕੇ ਦੇਖ ਲਵੇ ਜਿਥੇ ਹਰ ਦਵਾ ਦੀ ਵਿਸਤਾਰ ਪੂਰਵਕ ਪਰੂਵਿੰਗ ਦਿੱਤੀ ਹੋਈ ਹੈ ਤੇ ਨਾਲ ਜਿਨਾਂ ਲੋਕਾਂ ਤੇ ਪਰੂਵਿੰਗ ਹੋਈ ਸੀ ਉਨਾਂ ਦੇ ਨਾਮ ਵੀ ਦਿੱਤੇ ਹੋਏ ਹਨ।

    ਮੈਂ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦਾ ਪਰ ਇੰਨਾ ਜਾਣਦਾ ਹਾਂ ਕਿ ਮੱਨੁਖ ਨੂੰ ਹਰ ਗੱਲ ਵਿਚ ਤਰਕ ਵਿਵੇਕ ਤੇ ਵਿਗਿਆਨ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਉਸ ਨੂੰ ਪੜਾਈ ਪੱਖੋਂ ਵੀ ਗਿਆਨਵਾਨ ਹੋਣਾ ਚਾਹੀਦਾ ਹੈ ਤਾਂ ਜੋ ਸਮਝ ਸਕੇ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲਾਂ ਸਭ ਨੂੰ ਵਿਗਿਆਨ ਦੀ ਪ੍ਰੀਭਾਸ਼ਾ ਨੂੰ ਨੇੜਿਓਂ ਸਮਝਣਾ ਚਾਹੀਦਾ ਹੈ।

Read in English

No comments:

Post a Comment