Hath di Safai


                            ਹੱਥ ਦੀ ਸਫਾਈ

    ਸਾਨੂੰ ਸਭ ਨੂੰ ਜਾਦੂ ਦੇ ਖੇਡ ਬਹੁਤ ਅੱਛੇ ਲਗਦੇ ਹਨ ਕਿਉਂਕਿ ਉਹਨਾਂ ਵਿਚ ਹੱਥ ਦੀ ਸਫਾਈ ਰਾਹੀਂ ਅਸੀਂ ਅਸੰਭਵ ਨੂੰ ਸੰਭਵ ਹੁੰਦਾ ਵੇਖੇਦੇ ਹਾਂ। ਪਰ ਸਾਡੀ ਅਸਲ ਜਿੰਦਗੀ ਵਿਚ ਸੈਂਕੜੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਅਸੰਭਵ ਨੂੰ ਸੰਭਵ ਕਰਨ ਦੇ ਮਾਮਲੇ ਵਿਚ ਘੱਟ ਜਾਦੂਮਈ ਨਹੀਂ ਹੁੰਦੀਆਂ। ਫ਼ਰਕ ਇਹ ਹੈ ਕਿ ਕਈ ਵਾਰੀ ਇਹਨਾਂ ਹੋਣੀਆਂ ਦੀ ਕਰਾਮਾਤ ਅਨੁਭਵ ਕਰਨ ਲਈ ਸਾਨੂੰ ਇਹਨਾਂ ਨੂੰ ਅਤੀਤ ਦੇ ਲੰਮੇ ਪਰਿਪੇਖ ਵਿਚ ਵੇਖਣਾ ਪੈਂਂਦਾ ਹੈ। ਇਸ ਕਥਨ ਦੀ ਪੁਸ਼ਟੀ ਲਈ ਅਜਿਹੀ ਹੀ ਇਕ  ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਜੋ ਬਿਲਕੁਲ ਸੱਚੀ ਹੈ ਅਤੇ ਜਿਸ ਦੇ ਪਾਤਰ ਅਜੇ ਵੀ ਮੌਜੂਦ ਹਨ।

        ਹੋਇਆ ਇਦਾਂ ਕਿ ਜੂਨ 1994 ਵਿਚ ਪੰਜਾਬੀ ਯੁਨੀਵਰਸਿਟੀ ਤੋਂ ਐਲ ਟੀ ਸੀ ਲੈ ਕੇ ਮੈਂ ਪਰਵਾਰ ਸਮੇਤ ਦੱਖਣੀ ਭਾਰਤ ਦੀ ਸੈਰ ਤੇ ਗਿਆ। ਸਾਡੇ ਕੋਲ ਘੁੰਮਣ ਫਿਰਨ ਦਾ ਤਿੰਨ ਹਫ਼ਤੇ ਦਾ ਸਮਾਂ ਸੀ ਜਿਸ ਵਿਚੋਂ ਵਾਪਸੀ ਤੇ ਤਕਰੀਬਨ ਇਕ ਹਫ਼ਤਾ ਅਸੀਂ ਕਰਨਾਟਕ ਵਿਚ ਗ਼ੁਲਬਰਗੇ ਰੁਕਣਾ ਸੀ। ਗ਼ੁਲਬਰਗੇ ਮੇਰੀ ਲੜਕੀ ਪੜ੍ਹਦੀ ਸੀ ਜਿਸ ਨੂੰ ਗਰਮੀਆਂ ਦੀਆਂ ਛੁੱਟੀਆਂ ਲਈ ਨਾਲ ਲੈ ਕੇ ਅਸੀਂ ਪਟਿਆਲੇ ਮੁੜਨਾ ਸੀ।

        ਗ਼ੁਲਬਰਗੇ ਪਹੁੰਚ ਕੇੇ ਅਸੀਂ ਵਿਚੋਂ ਦੋ ਦਿਨ ਹੈਦਰਾਬਾਦ ਵੇਖਣ ਚਲੇ ਗਏ। ਇਸ ਸ਼ਹਿਰ ਵਿਚ ਕਈ ਦੇਖਣਯੋਗ ਥਾਵਾਂ ਹਨ ਤੇ ਇਹ ਸੱੁਚੇ ਮੋਤੀਆਂ (ਪਰਲਜ਼) ਦੇ ਗਹਿਿਣਆਂ ਦੀ ਵਿਸ਼ਵ ਪ੍ਰਸਿੱਧ ਮੰਡੀ ਹੈ। ਜਦੋਂ ਮੈਂ ਪਹਿਲਾਂ 1983 ਵਿਚ ਓਸਮਾਨੀਆ ਯੁਨੀਵਰਸਿਟੀ ਵਿਚ ਇਕ ਸੈਮੀਨਾਰ ਤੇ ਗਿਆ ਸੀ ਤਾਂ ਮੇਰੀ ਪਤਨੀ ਨੇ ਉਥੋਂ ਇਕ ਪਰਲ-ਸੈਟ ਲੈਣ ਦਾ ਮਨ ਬਣਾਇਆ ਸੀ ਪਰ ਕਈ ਰੁਝੇਵਿਆਂ ਕਾਰਣ ਓਦੋਂ ਉਸ ਦੀ ਇਹ ਮਨਸ਼ਾ ਪੂਰੀ ਨਹੀਂ ਸੀ ਹੋ ਹੋਈ। ਇਸ ਲਈ ਇਸ ਵਾਰ ੳੇੁਥੇ ਪਹੁੰਚਦਿਆਂ ਹੀ ਉਸ ਨੇ ਸਭ ਤੋਂ ਪਹਿਲਾਂ ਚਾਰ ਮੀਨਾਰ ਦੁਆਲੇ ਫੈਲੀ ਮੋਤੀ ਮਾਰਕਿਟ ਵਿਚ ਜਾਣ ਦਾ ਪ੍ਰੋਗਰਾਮ ਬਣਾਇਆ।

        ਪਰਲ ਬਾਜ਼ਾਰ ਪਹੁੰਚ ਕੇ ਅਸੀਂੇ ਵੱਖ ਵੱਖ ਦੁਕਾਨਾਂ ਵਿਚ ਮੋਤੀਆਂ ਜੜੇ ਗਲ ਦੇ ਸੈੱਟ ਵੇਖਣੇ ਸ਼ੁਰੂ ਕਰ ਦਿਤੇ। ਇਕ ਤੋਂ ਇਕ ਸਜ਼ੀ ਦੁਕਾਨ ਤੇ ਵਧੀਆਂ ਤੋਂ ਵਧੀਆ ਜ਼ੇਵਰਾਤ ਦੀ ਭਰਮਾਰ ਵਿਚੋਂ ਇਕ ਸੈੱਟ ਪਸੰਦ ਕਰਨਾ ਬਹੁਤ ਔਖਾ ਸੀ। ਅਖ਼ੀਰ ਨੂੰ ਥੱਕ ਹਾਰ ਕੇ ਕਈ ਘੰਟੇ ਮਗਰੋਂ ਮੇਰੀ ਪਤਨੀ ਨੇ ਇਕ ਦੁਕਾਨ ਵਿਚੋਂ ਇਕ ਸੈੱਟ ਪਸੰਦ ਕਰ ਲਿਆ। ਇਸ ਉੱਤੇ 3700 ਰੁਪਏ ਕੀਮਤ ਲਿਖੀ ਵੇਖ ਕੇ ਮੈਨੂੰ ਕਹਿਣ ਲਗੀ, "ਪਸੰਦ ਤਾਂ ਹੈ ਪਰ ਮਹਿੰਗਾ ਹੈ। ਚਲੋ ਇਕ ਦੋ ਥਾਂ ਹੋਰ ਵੇਖ ਲਈਏ।" ਮੈਂ ਕਿਹਾ, "ਜੇ ਪਸੰਦ ਹੈ ਤਾਂ ਲ਼ੈ ਲ਼ੈ। ਇਸੇ ਦਾ ਰੇਟ ਘੱਟ ਕਰਵਾ ਦਿੰਦਾ ਹਾਂ।" ਕਹਿਣ ਲਗੀ, "ਦੇਖ ਲਓ ਜੇ ਤਿੰਨ ਕੁ ਹਜਾਰ ਦਾ ਦਿੰਦਾ ਹੈ ਤਾਂ ਠੀਕ ਹੈ।" ਹੋਰ ਗੱਲ ਵਿਚ ਹੋਵੇ ਨਾ ਹੋਵੇ, ਰੇਟ ਘੱਟ ਕਰਵਾਉਣ ਦੇ ਮਾਮਲੇ ਵਿਚ ਉਸ ਨੂੰ ਮੇਰੇ ਤੇ ਪੂਰਾ ਭਰੋਸਾ ਸੀ। ਇਸ ਕਲਾ ਵਿਚ ਸਭ ਵਾਕਫਕਾਰ ਮੇਰਾ ਸਿੱਕਾ ਮੰਨਦੇ ਸਨ ਤੇ ਕਈ ਤਾਂ ਸਸਤੀ ਸ਼ਾਪਿੰਗ ਲਈ ਮੈਨੂੰ ਉਚੇਚਾ ਨਾਲ ਲੈ ਕੇ ਜਾਂਦੇ ਸਨ।

        ਮੈਂ ਸੇਲਜ਼ਮੈਨ ਨੂੰ ਕਈ ਤਰਾਂ ਦੀਆਂ ਦਲੀਲਾਂ ਦੇ ਕੇ ਉਸ ਤੋਂ 500 ਰੁਪਏ ਘਟਵਾ ਲਏ। ਜਦੋੰ ਉਸ ਨੇ ਹੋਰ ਹੇਠਾਂ ਆਉਣ ਤੋਂ ਹੱਥ ਖੜੇ ਕਰ ਦਿਤੇ ਤਾਂ ਮੈਂ ਕਿਹਾ ਕਿ ਸੈੱਟ ਸੇਠ ਕੋਲ ਭੇਜੇ, ਮੈ ਅੱਗੇ ਗੱਲ ਉਸੇ ਨਾਲ ਕਰਾਂਗਾ। ਉਸ ਨੇ ਸੈੱਟ ਸੇਠ ਕੋਲ ਭੇਜ ਦਿਤਾ। ਕੁਝ ਦੂਰੀ ਤੇ ਬੈਠਾ ਸੇਠ ਸਭ ਸੁਣ ਰਿਹਾ ਸੀ ਪਰ ਕਹਿ ਕੁਝ ਨਹੀਂ ਸੀ ਰਿਹਾ। ਉਸ ਨੂੰ ਢਿੱਲਾ ਕਰਨ ਲਈ ਮੈਂ ਬੋਲਣ ਦੀ ਥਾਂ ਇਸ਼ਾਰਿਆਂ ਰਾਹੀਂ ਗੱਲ ਕਰਨ ਦਾ ਪੈਂਤੜਾ ਚਲਾਇਆ। ਮੈਂ ਉਸ ਨੂੰ ਹੱਥ ਨਾਲ ਸਮਝਾ ਕੇ ਕਿਹਾ ਕਿ ਰੇਟ ਠੀਕ ਕਰੇ। ਉਸ ਨੇ ਅਨਭੋਲ ਜਿਹਾ ਹੋ ਕੇ ਸੇਲਜ਼ਮੈਨ ਵਲ ਇੰਜ ਉਂਗਲਾਂ ਘੁਮਾਈਆਂ ਜਿਵੇਂ ਪੁੱਛ ਰਿਹਾ ਹੋਵੇ, "ਤੂੰ ਕਿੰਨੇ ਕਹੇ ਨੇ ਬਈ?" ਉਸ ਨੇ ਉੱਤਰ ਦਿਤਾ,"3200 ਕਹਿ ਦੀਏ।" ਸੇਠ ਨੇ ਉੱਤਰ ਸੁਣ ਕੇ ਖੱਬੇ ਸੱਜੇ ਜਿਹੇ ਸਿਰ ਮਾਰਿਆ ਜਿਵੇਂ ਕਹਿ ਰਿਹਾ ਹੋਵੇ ਕਿ ਸੇਲਜ਼ਮੈਨ ਨੇ ਬਿਲਕੁਲ ਸਹੀ ਰੇਟ ਲਾਇਆ ਹੈ। ਗੱਲ ਨਾ ਬਣਦੀ ਦੇਖ ਮੈਂ ਲਿਖਤੀ ਰਸਤਾ ਅਪਣਾਇਆ। ਉਸ ਕੋਲ ਪਏ ਇਕ ਪੈਡ ਉੱਤੇ ਮੈਂ 2500 ਲਿਖ ਕੇ ਇਸ ਨੂੰ ਇੰਜ ਉਸ ਦੇ ਸਾਹਮਣੇ ਰੱਖਿਆ ਜਿਵੇਂ ਕਹਿ ਰਿਹਾ ਹੋਵਾਂ, "ਹੁਣ ਸੁੱਟ ਪੱਤਾ।" ਉਸ ਨੇ ਆਪਣੀ ਸੇਠਪੁਣੇ ਦੀ ਤਾਕਤ ਦਾ ਇਜ਼ਹਾਰ ਕਰਦਿਆਂ ਪੈਡ ਚੁਕਿਆ ਤੇ 3100 ਲਿਖ ਦਿਤੇ। ਮੈਂ ਘੁਰੀ ਜਿਹੀ ਵੱਟ ਕੇਂ ਉਸ ਦੀ ਤਾਕਤ ਦਾ ਤ੍ਰਿਸਕਾਰ ਕੀਤਾ ਤੇ 2525 ਲਿਖ ਕੇ ਪੈਡ ਉਸ ਵਲ ਧੱਕ ਦਿਤਾ।ਸਭ ਸੇਲਜ਼ਮੈਨ ਖੜੇ ਸਾਡੀ ਚੁਪੋ-ਗੁਪਤੀ ਦੀ ਖੇਡ ਦਾ ਤਮਾਸ਼ਾ ਵੇਖ ਰਹੇ ਸਨ।

        ਸੇਠ ਨੇ ਅਪਣੀ ਸ਼ਕਤੀ ਦੀ ਲਾਜ ਰੱਖਣ ਲਈ ਸ਼ਰਮੋ-ਸ਼ਰਮੀ 3000 ਲਿਿਖਆ ਤੇ ਪੈਡ ਇਸ ਤਰਾਂ ਸਿਰ ਹਿਲਾ ਕੇ ਮੇਰੇ ਹਵਾਲੇ ਕਰ ਦਿਤਾ ਜਿਵੇਂ ਕਹਿ ਰਿਹਾ ਹੋਵੇ, "ਇਹ ਫ਼ਾਈਨਲ ਹੈ, ਹੁਣ ਅੱਗੇ ਗੁੰਜਾਇਸ਼ ਨਹੀਂ।" ਪਰ ਮੈਂ ਕਿੱਥੇ ਹਟਣ ਵਾਲਾ ਸਾਂ, ਮੈਨੂੰ ਉਸ ਦੇ ਤਿਲਾਂ ਵਿਚ ਹਾਲੇ ਹੋਰ ਤੇਲ ਨਜ਼ਰ ਆ ਰਿਹਾ ਸੀ। ਬਾਕਸਿੰਗ ਦੇ ਰੈਫ਼ਰੀ ਵਾਂਗੂੰ ਮੈਂ ਉਸ ਨੂੰ ਵਾਰ 2 ਉਠਾ ਕੇ ਖੜਾ ਕਰਦਾ ਗਿਅ ਤੇ ਉਸ ਨੇ ਪੈੱਨ ਚੁਕਣ ਤੋਂ ਨਾਂਹ ਕਰ ਦਿਤੀ। ਲਿਖਤੀ ਸੰਵਾਦ ਛੱਡ ਮੈਂ ਹੁਣ ਗੱਲਬਾਤ ਤੇ ਉੱਤਰ ਆਇਆ। ਮੈਂ ਉਸ ਨੂੰ ਝੰਜੋੜਦੇ ਹੋਏ ਕਿਹਾ,"ਬੋਲ ਯਾਰ, ਕੁਛ ਤੋ ਬੋਲ।"

        ਮੇਰੇ ਇੰਨਾ ਕਹਿਣ ਤੇ ਸਭ ਮੁਲਾਜ਼ਮ ਇਕੋ ਸੁਰ ਵਿਚ ਬੋਲ ਉੱਠੇ, "ਯੇ ਬੋਲ ਨਹੀਂ ਸਕਤੇ ਹੈਂ ਜੀ। ਇਨ ਕੀ ਆਵਾਜ਼ ਚਲੀ ਗਈ ਹੈ।" ਮੈਂ ਇਹ ਸੁਣ ਕੇ ਘਬਰਾ ਗਿਆ ਕਿ ਕਿਤੇ ਮੇਰੇ ਰਗੜਿਆਂ ਨਾਲ ਹੀ ਤਾਂ ਨਹੀਂ ਚਲੀ ਗਈ। ਹੁਣ ਸੈੱਟ ਨਾਲੋਂ ਮੈਨੂੰਂ ਸੇਠ ਦਾ ਵਧੇਰੇ ਫ਼ਿਕਰ ਹੋ ਗਿਆ। ਮੈਂ ਹੈਰਾਨੀ ਨਾਲ ਪੁਛਿੱਆ, "ਵੋਹ ਕੈਸੇ?"

        "ਨੀਂਦ ਮੇਂ ਚਲੀ ਗਈ। ਦੋ ਸਾਲ ਪਹਿਲੇ ਰਾਤ ਕੋ ਸੋਏ ਥੇ, ਸੁਬ੍ਹਾ ਉਠੇ ਬੋਲੇ ਹੀ ਨਹੀਂ।" ਉਹਨਾਂ ਕਿਹਾ। ਮੇਰੇ ਪੁੱਛਣ ਤੇ ਉਹਨਾਂ ਦਸਿੱਆ ਕਿ ਬਹੁਤ ਇਲਾਜ਼ ਕਰਵਾਏ ਪਰ ਕੋਈ ਫਰਕ ਨਹੀਂ ਪਿਆ। ਇਹ ਸੁਣ ਕੇ ਮੇਰੀ ਜਾਨ ਵਿਚ ਜਾਨ ਤਾਂ ਆਈ ਪਰ ਮੈਨੂੰ ਸੇਠ ਦੀ ਹਾਲਤ ਪ੍ਰਤੀ ਦੁੱਖ ਹੋਣ ਲੱਗਾ।

        ਮੈਂ ਸੇਠ ਵਲ ਗਹੁ ਨਾਲ ਦੇਖਿਆ ਤੇ ਕਾਫੀ ਸਮਾਂ ਉਸ ਨੂੰ ਉਸ ਦੀ ਬੀਮਾਰੀ ਬਾਰੇ ਸਵਾਲ ਪੁੱਛੇ। ਉਸ ਨੇ ਲਿਖ ਕੇ ਸਭ ਸਵਾਲਾਂ ਦੇ ਜਵਾਬ ਦਿਤੇ। ਸੇਠ ਤੇ ਉਸ ਦੇ ਸਾਥੀ ਹੈਰਾਨ ਸਨ ਕਿ ਸਰਦਾਰ ਹੁਣ ਸੈੱਟ ਲੈਣ ਦੀ ਗੱਲ ਨਹੀਂ ਕਰ ਰਿਹਾ, ਕਿਤੇ ਭਕਾਈ ਕਰਵਾ ਕੇ ਸੌਦਾ ਟਾਲ ਤਾਂ ਨਹੀਂ ਰਿਹਾ। ਉੱਧਰ ਮੇਰੀ ਪਤਨੀ ਦੇ ਮੂੰਹ ਤੇ ਵੀ ਮੈਨੂੰ ਫਿਕਰ ਜਿਹਾ ਉਭਰਿਆ ਨਜਰ ਆਇਆ ਕਿ ਕਿਤੇ ਗੱਲਾਂ 2 ਵਿਚ ਇਹ ਭਾਈ 2700 ਦੇ ਰੇਟ ਤੋਂ ਮੱੁਕਰ ਤਾਂ ਨਹੀੰ ਜਾਊੇ। ਇਸ ਲਈ ਸਭ ਤੋਂ ਪਹਿਲਾਂ ਮੈਂ ਪੇਮੈਂਟ ਕਰ ਕੇ ਸੈੱਟ ਅਪਣੀ ਪਤਨੀ ਨੂੰ ਸੰਭਾ ਦਿਤਾ।

        ਇਸ ਪਾਸਿਓਂ ਵਿਹਲਾ ਹੋਣ ਉਪਰੰਤ ਮੈਂ ਫਿਰ ਸੇਠ ਵਲ ਪਰਤਿਆ ਤੇ ਉਸ ਦੇ ਦੁੱਖ ਨੂੰ ਵਿਚਾਰਿਆ। ਮੈਂ ਹੋਮਿਓਪੈਥੀ ਦਾ ਵਾਹਵਾ ਅਧਿਐਨ ਕੀਤਾ ਹੋਇਆ ਸੀ ਤੇ ਤਜਰਬਾ ਵੀ ਕਾਫੀ ਹਾਸਲ ਕਰ ਰਖਿਆ ਸੀ। ਲੰਮੇ ਸਮੇਂ ਤੋਂ ਪੰਜਾਬ ਗੌਰਮਿੰਟ ਦੁਆਰਾ ਰਜਿਸਟਰਡ ਸਾਂ ਤੇ ਪੜ੍ਹਾਉਣ ਦੇ ਕਾਰਜ ਦੇ ਨਾਲ 2 ਪਿਛਲੇ ਪੱਚੀ ਸਾਲਾਂ ਤੋਂ ਹੋਮਿਓਪੈਥੀ ਦੀ ਧਰਮ-ਅਰਥ ਪ੍ਰੈਕਟਿਸ ਕਰਦਾ ਆ ਰਿਹਾ ਸਾਂ। ਕਈ ਧੁਰੰਦਰ ਹੋਮਿਓਪੈਥਾਂ ਤੋਂ ਮਂੈ ਇਹ ਇਲਮ ਸਿੱਖਿਆ ਹੋਇਆ ਸੀ ਤੇ ਕਈਆਂ ਨੂੰ ਸਿਖਾ ਕੇ ਧੁਰੰਦਰ ਬਣਾਇਆ ਸੀ। ਅਪਣੀ ਸਾਧਨਾ ਸਦਕਾ ਮੈਨੂੰ ਪਤਾ ਸੀ ਕਿ ਹੋਮਿਓਪੈਥੀ ਅਗੇ ਪੁਰਾਣੇ ਤੋਂ ਪੁਰਾਣਾ ਤੇ ਗੁੱਝੇ ਤੋਂ ਗੁੱਝਾ ਰੋਗ਼ ਵੀ ਸਿਰਦਰਦ ਤੋਂ ਵੱਧ ਹੈਸੀਅਤ ਨਹੀਂ ਰਖਦਾ। ਮੈਨੂੰ ਆਪਣੀ ਕਲਾ ਤੇ ਪੂਰਾ ਮਾਣ ਸੀ ਤੇ ਮੈਂ ਇਸ ਦੀ ਨਿਧੜਕ ਵਰਤੋਂ ਕਰਦਾ ਸਾਂ। ਸਭ ਅਲਾਮਤਾਂ ਦਾ ਜਾਇਜਾ ਲਾ ਕੇ ਮੈਂ ਸੇਠ ਨੂੰ ਪੱੁਛਿਆ, "ਕੀ ਤੂੰ ਚਾਹੁੰਦਾ ਹੈਂ ਤੇਰੀ ਆਵਾਜ਼ ਵਾਪਸ ਆ ਜਾਵੇ?" ਉਸ ਨੇ ਹੈਰਾਨੀ ਭਰੀ ਖੁਸ਼ੀ ਨਾਲ ਅੱਖਾਂ ਟੱਡੀਆਂ ਤੇ ਦੋਵੇਂ ਹੱਥ ਜੋੜ ਕੇ ਮੱਥੇ ਨਾਲ ਲਾਏ। ਮੈਂ ਅਪਣੇ ਸਫ਼ਰੀ ਡੱਬੇ ਵਿਚੋਂ ਦਵਾਈ ਦੀ ਇਕ ਖ਼ੁਰਾਕ ਕੱਢ ਕੇ ਉਸ ਦੇ ਮੂੰਹ ਵਿਚ ਝਾੜੀ ਤੇ ਕਿਹਾ, "ਫ਼ਿਕਰ ਨਾ ਕਰ ਇਹ ਤੇਰਾ ਕਲਿਆਣ ਕਰੇਗੀ। ਮਾੜਾ ਮੋਟਾ ਬੁਖ਼ਾਰ ਚੜ੍ਹੇ ਤਾਂ ਕੋਈ ਦਵਾਈ ਨਾ ਲਈਂ। ਇਸ ਤੇ ਭਰੋਸਾ ਰਖੀਂ ਤੇ ਚੰਗੀ ਘੜੀ ਦੀ ਉਡੀਕ ਕਰੀਂ।" ਇੰਨੀ ਤਾਕੀਦ ਕਰ ਕੇ ਅਸੀਂ ਉਥੋਂ ਚਲ ਪਏ।

        ਪਰਲ-ਸੈੱਟ ਦੀ ਖੁਸ਼ੀ ਵਿਚ ਕੁਝ ਦਿਨ ਤਾਂ ਮੇਰੀ ਪਤਨੀ ਬਹੁਤ ਪ੍ਰਸੰਨ ਰਹੀ ਪਰ ਪਟਿਆਲੇ ਪਹੁੰਚ ਕੇ ਉਸ ਨੂੰ ਇਸ ਦੇ ਝੁਮਕੇ ਅਖੱਰਨ ਲੱੱੱੱੱੱੱੱਗੇ। ਉਸ ਨੇ ਇਹਨਾਂ ਨੂੰ ਬਦਲਾ ਕੇ ਲਿਆਉਣ ਦੀ ਜ਼ਿੱਦ ਫੜ ਲਈ। ਮੈਂ ਬਥੇਰਾ ਸਮਝਾਇਆ ਕਿ ਹੁਣ ਮੁੜ ਕੇ ਇੰਨੀ ਦੂਰ ਜਾਣਾ ਅਸੰਭਵ ਹੈੇ, ਜੋ ਆ ਗਏ ਉਨ੍ਹਾਂ ਨੂੰ ਹੀ ਪਹਿਨੇ। ਪਰ ਉਹ ਨਾ ਮੰਨੀ। ਜਦੋਂ ਵੀ ਮੈਂ ਗ਼ੁਲਬਰਗੇ ਲੜਕੀ ਕੋਲ ਜਾਇਆ ਕਰਾਂ ਉਹ ਝੁਮਕੇ ਮੇਰੇ ਬੈਗ ਵਿਚ ਪਾ ਦਿਆ ਕਰੇ। ਮੈਂ ਉਸ ਦਾ ਮਾਲ ਲਿਆ ਕੇ ਉਵੇਂ ਉਸ ਦੇ ਹਵਾਲੇ ਕਰ ਦਿਆ ਕਰਾਂ।ਇਕ ਵਾਰ ਉਸ ਨੇ ਉਚੇਚਾ ਮੈਨੂੰ ਹੈਦਰਾਬਾਦ ਰਾਹੀਂ ਗ਼ੁਲਬਰਗੇ ਭੇਜਿਆ ਪਰ ਉਥੇ ਸੋਮਵਾਰ ਦੀ ਛੁੱਟੀ ਹੋਣ ਕਰਕੇ ਉਸ ਦਾ ਕੰਮ ਨਾ ਹੋ ਸਕਿਆ। ਇਥੋਂ ਤਕ ਕਿ ਜੁਲਾਈ 1997 ਵਿਚ ਜਦੋਂ ਮੈਂ ਕੋਟਮ (ਕੇਰਲ) ਵਿਚ ਪੁਲੀਟੀਕਲ ਸਾਇੰਸ ਦੀ ਸਰਬ-ਭਾਰਤੀ ਕਾਨਫ਼ਰੰਸ ਤੇ ਗਿਆ ਤਾਂ ਵੀ ਉਸ ਨੇ ਝੁਮਕੇ ਮੇਰੇ ਨਾਲ ਚਮੇੜ ਦਿਤੇ। ਇਸ ਵਾਰ ਮੈਂ ਹੜ੍ਹਾਂ ਵਿਚ ਘਿਰ ਜਾਣ ਕਾਰਨ ਉਸ ਦੀ ਇੱਛਾ ਪੂਰੀ ਨਾ ਕਰ ਸਕਿਆ।

        ਅਖ਼ੀਰ ਜੂਨ 1998 ਵਿਚ ਜਦੋਂ ਅਸੀਂ ਆਪਣੇ ਲੜਕੇ ਦੇ ਮੈਡੀਕਲ ਦਾਖਲੇ ਦੇ ਟੈਸਟ ਲਈ ਬੰਗਲੌਰ ਗਏ ਤਾਂ ਵੀ ਉਸ ਨੇ ਝੁਮਕੇ ਨਾਲ ਚੁੱਕ ਲਏ। ਇਸ ਵਾਰ ਉਪਰ ਵਾਲੇ ਨੇ ਉਸਦੀ ਸੁਣ ਲਈ। ਟੈਸਟ ਲਈ ਆਏ ਇਕ ਲੱਖ ਤੋਂ ਵਧ ਉਮੀਦਵਾਰਾਂ ਦੀ ਭੀੜ ਕਾਰਨ ਸਾਨੂੰ ਬੰਗਲੌਰ ਤੋਂ ਦਿੱਲੀ ਜਾਣ ਲਈ ਕਿਸੇ ਗੱਡੀ ਦੀ ਰਿਜ਼ਰਵੇਸ਼ਨ ਨਾ ਮਿਲੀ। ਵੀ ਆਈ ਪੀ ਕੋਟੇ ਲਈ ਕੀਤੀਆਂ ਸਿਫ਼ਾਰਸ਼ਾਂ ਵੀ ਕਾਰਆਮਦ ਨਾ ਹੋਈਆਂ। ਫਸੇ ਹੋਇਆਂ ਨੇ ਅਸੀਂ ਹੈਦਰਾਬਾਦ ਤੋ ਦਿੱਲੀ ਦੀ ਬੁਕਿੰਗ ਕਰਵਾ ਲਈ ਤੇ ਬੰਗਲੌਰ ਤੋਂ ਬਾਰਾਂ ਘੰਟੇ ਦਾ ਸਫ਼ਰ ਬੱਸ ਰਾਹੀਂ ਤਹਿ ਕਰ ਕੇ ਅਗਲੀ ਸ਼ਾਮ ਹੈਦਰਾਬਾਦ ਪਹੁੰਚ ਗਏ।

        ਸਵੇਰ ਹੁੰਦਿਆਂ ਹੀ ਮੇਰੀ ਪਤਨੀ ਚਾਰ ਮੀਨਾਰ ਲਈ ਤਿਆਰ ਹੋ ਗਈ। ਉੱਥੇ ਪਹੁੰਚ ਕੇ ਅਸੀਂ ਸੇਠ ਦੀ ਦੁਕਾਨ ਲਭਣ ਲਗੇ ਪਰ ਕਾਫ਼ੀ ਅਰਸਾ ਬੀਤ ਜਾਣ ਕਾਰਨ ਭੁੱਲ ਗਏ ਸਾਂ ਕਿ ਉਹ ਕਿਸ ਪਾਸੇ ਹੈ। ਇਸ ਲਈ ਸਭ ਤੋਂ ਪਹਿਲਾਂ ਉਸ ਰੈਸਟੋਰੈਂਟ ਦੀ ਭਾਲ ਕੀਤੀ ਜਿਥੋਂ ਬਰਿਆਨੀ ਖਾ ਕੇ ਸਾਹਮਣੀ ਗਲੀ ਵਿਚ ਵੜੇ ਸਾਂ। ਮੁੱਖ ਗਲੀ ਲੱਭ ਕੇ ਅਸੀਂ ਅੰਦਰ ਗਏ ਤੇ ਅੰਦਾਜ਼ੇ ਨਾਲ ਮਕੜੀ ਦੇ ਜਾਲ ਵਾਂਗੂੰ ਫੈਲੀਆਂ ਪਰਲ ਬਾਜ਼ਾਰ ਦੀਆਂ ਭੀੜੀਆਂ ਬੀਹੀਆਂ ਦੀ ਛਾਣਬੀਣ ਕਰਦੇ ਰਹੇ। ਪਰ ਦੋ ਘੰਟੇ ਬੀਤ ਜਾਣ ਬਾਦ ਵੀ ਸਾਡੇ ਕੁਝ ਪੱਲੇ ਨਾ ਪਿਆ।ਅਸੀਂ ਕਾਫੀ ਦੂਰ ਜਾ 2 ਕੇ ਮੁੜ ਆਉਂਦੇ ਤੇ ਫਿਰ ਪਹਿਲਾਂ ਵਾਲੀ ਥਾਂ ਤੋਂ ਲਭਣਾ ਸ਼ੁਰੂ ਕਰ ਦੇਂਦੇ। ਚਾਰ ਮੀਨਾਰ ਦੀਆਂ ਚਾਰੇ ਸੜਕਾਂ ਇਕੋ ਤਰਾਂ ਦੀਆਂ ਹੋਣ ਕਰਕੇ ਸਾਨੂੰ ਇਹ ਵੀ ਪੱਕਾ ਨਹੀਂ ਸੀ ਕਿ ਅਸੀਂ ਠੀਕ ਪਾਸੇ ਹੀ ਲੱਭ ਰਹੇ ਸਾਂ। ਮੇਰੀ ਪਤਨੀ ਚਿੰਤਾ ਨਾਲ ਬੇਹਾਲ ਹੋ ਰਹੀ ਸੀ।

        ਟਾਈਮ ਖਰਾਬ ਹੁੰਦਾ ਦੇਖ ਅਸੀਂ ਦੂਜੇ ਜਿਊਲਰਾਂ ਤੋਂ ਪੁੱਛਣਾ ਸ਼ੁਰੂ ਕਰ ਦਿਤਾ ਕਿ ਉਸ ਸੇਠ ਦੀ ਦੁਕਾਨ ਕਿੱਥੇ ਹੈ ਜੋ ਬੋਲ ਨਹੀਂ ਸਕਦਾ। ਪਰ ਕਿਸੇ ਨੇ ਸਾਡੇ ਪੱਲੇ ਕੁਝ ਨਾ ਪਾਇਆ। ਬੇਉਮੀਦੇ ਹੋ ਕੇ ਅਸੀਂ ਮੁੜਨ ਹੀ ਲਗੇ ਸਾਂ ਕਿ ਇਕ ਜਿਊਲਰ ਆਪਣੀ ਦੁਕਾਨ ਚੋਂ ਬਾਹਰ ਨਿਕਲਦਾ ਦਿਿਸਆ। ਅਸੀਂ ਉਸ ਨੂੰ ਰੋਕ ਕੇ ਆਪਣਾ ਸਵਾਲ ਦੁਹਰਾਇਆ। ਉਸ ਨੇ ਥੋੜਾ ਰੁਕ ਕੇ ਕਿਹਾ,"ਇਧਰ ਕੋਈ ਨਹੀਂ ਹੈ।" ਮੈਂ ਤਿੜਕ ਕੇ ਕਿਹਾ, "ਯਾਰ ਪਾਂਚ ਚਾਰ ਸਾਲ ਪਹਿਲੇ ਤੋ ਵੋ ਇਧਰ ਹੀ ਥਾ, ਉਸ ਸੇ ਜਿਊਲਰੀ ਲੇ ਕੇ ਗਏ ਥੇ ਹਮਂ। ਤਬ ਵੋ ਬੋਲਤਾ ਨਹੀਂ ਥਾ।" ਉਹ ਪੈਂਦੀ ਸੱਟੇ ਬੋਲਿਆ "ਯੂੰ ਬੋਲੋ ਨਾ। ਅਬ ਬੋਲਤਾ ਹੈ ਵੋ। ਯਹਾਂ ਸੇ ਛੇ ਸਾਤ ਦੁਕਾਨੇਂ ਆਗੇ ਹੈ ਇਸੀ ਹਾਥ।" ਉਸ ਦੇ ਦਸਣ ਨਾਲ ਸਾਨੂੰ ਪਿਛਲਾ ਨਕਸ਼ਾ ਯਾਦ ਆ ਗਿਆ ਤੇ ਅਸੀਂ ਅਗੇ ਵਧ ਕੇ ਉਸ ਦੀ ਦੁਕਾਨ ਪਛਾਣ ਲਈ।      

        ਮੱਥੇ ਤੇ ਤਿਲਕ ਲਾਈ ਬੈਠਾ ਸੇਠ ਗਾਹਕ ਭੁਗਤਾ ਰਿਹਾ ਸੀ। ਸਾਹਮਣੇ ਪੱਗੜਧਾਰੀ ਖੜਾ ਦੇਖ ਪਹਿਲਾਂ ਚੌਂਕਿਆ ਫਿਰ ਚਿਲਾਇਆ, "ਅਰੇ ਆਪ!" ਅਗੇ ਵਧ ਕੇ ਉਹ ਮੇਰੇ ਪੈਰਾਂ ਨੂੰ ਪੈ ਗਿਆ। ਮੈਂ ਉਸ ਨੂੰ ਥਾਪੜਾ ਦਿਤਾ ਤੇ ਪੁਛਿੱਆ,"ਬੋਲਨੇ ਲਗੇ ਹੋ? ਪਹਿਚਾਨਾ ਮੁਝੇ?" ਸੇਠ ਕਾਲੀਆਂ ਮੁੱਛਾਂ ਹੇਠੋਂ ਅਹਿਸਾਨਮੰਦੀ ਨਾਲ ਮੁਸਕੁਰਾਇਆ ਤੇ ਬੋਲਿਆ "ਆਪ ਕੋ ਕੈਸੇ ਭੁੂਲ ਸਕਤਾ ਹੂੰ ਜੀ। ਆਪ ਤੋ ਮੇਰੇ ਲੀਏ ਸਾਈਂ ਬਾਬਾ ਹੈਂ।" ਉਸ ਦੇ ਮੁਲਾਜ਼ਮ, ਜੋ ਖੜੇ ਹੋ ਕੇ ਸਾਡਾ ਐਹਤਰਾਮ ਕਰ ਰਹੇ ਸਨ, ਬੋਲੇ," ਬਹੁਤ ਯਾਦ ਕਰਤੇ ਹੈਂ ਯੇ ਆਪ ਕੋ।" ਉਹਨਾਂ ਦਸਿਆ ਕਿ ਦਵਾਈ ਲੈਣ ਤੋਂ ਤਿੰਨ ਦਿਨ ਬਾਦ ਉਸ ਨੂੰ ਬੁਖ਼ਾਰ ਚੜ੍ਹਿਆ ਸੀ। ਇਕ ਦਿਨ ਛੁੱਟੀ ਵੀ ਕੀਤੀ। ਅਗਲੇ ਦਿਨ ਜਦੋਂ ਸੌਂ ਕੇ ਸਵੇਰੇ ਉਠਿਆ ਤਾਂ ਬੋਲਣ ਲਗ ਗਿਆ ਸੀ। ਸਭ ਨੇ ਇੱਕਠਿਆਂ ਕਿਹਾ,"ਆਵਾਜ਼ ਜੈਸੇ ਨੀਂਦ ਮੇ ਗਈ ਥੀ, ਵੈਸੇ ਹੀ ਨੀਂਦ ਮੇਂ ਵਾਪਸ ਆ ਗਈ।"

        ਖੁਸ਼ੀ ਸਾਂਝੀ ਕਰਨ ਤੋਂ ਬਾਦ ਮੈਂ ਝੁਮਕੇ ਬਦਲਣ ਦੀ ਗੱਲ ਕੀਤੀ। ਸੇਠ ਨੇ ਆਪ ਖੁਸ਼ੀ 2 ਅਗੇ ਹੋ ਕੇ ਝੁਮਕਿਆਂ ਦਾ ਇਕ ਵੱਡਾ ਡੱਬਾ ਸਾਡੇ ਅੱਗੇ ਰਖ ਦਿਤਾ। ਮੇਰੀ ਪਤਨੀ ਨੂੰ ਤਾਂ ਇੰਜ ਲਗਿਆ ਜਿਵੇਂ ਉਸ ਦੀ ਖੋਈ ਹੋਈ ਕਾਇਨਾਤ ਮਿਲ ਗਈ ਹੋਵੇ।ਫਰੋਲਾ-ਫਰੋਲੀ ਉਪਰੰਤ ਜਦੋਂ ਉਹ ਇਕ ਜੋੜਾ ਪਸੰਦ ਕਰ ਕੇ ਪਹਿਲਾਂ ਜੋੜਾ ਸੇਠ ਨੂੰ ਮੋੜਨ ਲਗੀ ਤਾਂ ਉਹ ਅਗੋਂ ਬੋਲਿਆ,"ਇਸੇ ਭੀ ਪਾਸ ਰਖੋ, ਜੋੇ ਅੋਰ ਪਸੰਦ ਹੈਂ ਵੋ ਭੀ ਉਠਾ ਲੋ।" ਮੇਰੀ ਪਤਨੀ ਦਾ ਜੀਅ ਕੀਤਾ ਕਿ ਦੋ ਚਾਰ ਹੋਰ ਚੁੱਕ ਲਵੇ ਪਰ ਉਸ ਨੇ ਇਕ ਲੈ ਕੇ ਹੀ ਬੱਸ ਕਰ ਦਿਤੀ। ਮੇਰੇ ਜੋਰ ਲਾਉਣ ਤੇ ਵੀ ਸੇਠ ਨੇ ਨਵੇਂ ਝੁਮਕਿਆਂ ਦਾ ਕੋਈ ਪੈਸਾ ਨਾ ਲਿਆ। ਬਸ ਇਹੀ ਕਹਿੰਦਾ ਰਿਹਾ ਕਿ ਉਹ ਕਿਸੇ ਤਰਾਂ ਵੀ ਮੇਰੇ ਉਪਕਾਰ ਦਾ ਬਦਲਾ ਨਹੀਂ ਚੁਕਾ ਸਕਦਾ। ਮੈਂ ਮਨ ਵਿਚ ਕਿਹਾ ਕਿ ਮੇਰਾ ਤਾਂ ਚੁਕਾਇਆ ਗਿਆ ਪਰ ਡਾ: ਹੈਨੀਮੈਨ ਦੇ ਪਰਉਪਕਾਰ ਦਾ ਅਹਿਸਾਨ ਕਿਵੇਂ ਚੁਕਾਵੇਗਾ ਜਿਸ ਦੀ ਕਰਨੀ ਸਦਕਾ ਸੰਸਾਰ ਨੂੰ ਹੋਮਿਓਪੈਥੀ ਦਾ ਉਪਹਾਰ ਮਿਿਲਆ! ਉਹ ਮੈਨੂੰ ਕਈ ਹੋਰ ਮਰੀਜ਼ ਦੇਖਣ ਦੀ ਬੇਨਤੀ ਕਰਦਾ ਰਿਹਾ ਪਰ ਮੈ "ਫਿਰ ਗੇੜਾ ਮਾਰਾਂਗਾ" ਦਾ ਪੰਜਾਬੀ ਵਾਅਦਾ ਕਰ ਕੇ ਚਲਿਆ ਅਇਆ।

        ਦਸਣਾ ਨਾ ਭੁਲ ਜਾਵਾਂ, ਹੁਣ ਮੇਰੀ ਪਤਨੀ ਕੋਲ ਹੈਦਰਾਬਾਦੀ ਮੋਤੀ-ਸੈੱਟ ਨਾਲ ਝੁਮਕਿਆਂ ਦੇ ਦੋ ਜੋੜੇ ਹਨ। ਦੋਹਾਂ ਨੂੰ ਬਦਲ ਕੇ ਪਹਿਨਦੀ ਹੈ। ਕੌਈ ਪੱੁਛੇ ਤਾਂ ਸ਼ਰਾਰਤੀ ਅੰਦਾਜ਼ ਨਾਲ ਕਹਿੰਦੀ ਹੈ,"ਸਾਡੇ ਸਾਈਂ ਬਾਬਾ ਦਾ ਕਮਾਲ ਹੈ!" ਜੇ ਕੋਈ ਬਹੁਤਾ ਖਹਿੜੇ ਪਵੇ ਤਾਂ ਚਸ਼ਮਦੀਦ ਗਵਾਹ ਹੋਣ ਦੇ ਨਾਤੇ ਮੇਰੀ “ਹੱਥ ਦੀ ਸਫਾਈ” ਦੀ ਘਟਨਾ ਦੇ ਪੂਰੇ ਵਰਨਣ ਨਾਲ ਜਾਦੂਮਈ ਰੰਗ ਬੰਨ ਦਿੰਦੀ ਹੈ।

No comments:

Post a Comment