Sain Hath deh Bachain

ਸਾਈਂ ਹੱਥ ਦੇਹ ਬਚਾਈਂ
ਡਾ: ਗੋਬਿੰਦਰ ਸਿੰਘ ਸਮਰਾਓ
408-991-4249

ਅੱਜ ਚਾਰੇ ਪਾਸੇ ਮਾਰ ਕਾਟ ਦਾ ਜ਼ਮਾਨਾ ਹੈ। ਹਰ ਪਾਸੇ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਕਿਸੇ ਬਹਾਨੇ ਮਾਰਨ ਦਾ ਕੰਮ ਕਰ ਰਿਹਾ ਹੈ। ਕਈ ਅਪਣੇ ਆਪਣਿਆ ਨੂੰ ਮਾਰ ਰਹੇ ਹਨ, ਕਈ ਦੁਸ਼ਮਨੀਆਂ ਕਢੱਣ ਲਈ ਦੂਜਿਆਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਰਹੇ ਹਨ। ਕਈ ਇਸ ਮੰਤਵ ਲਈ ਭਾੜੇ ਦੇ ਕਾਤਲਾਂ ਤੋਂ ਕੰਮ ਲੈਂਦੇ ਹਨ। ਕਈ ਡਰੱਗ ਮਾਫੀਏ ਤੇ ਗੈਂਗ ਆਪਸੀ ਖਹਿਬਾਜ਼ੀ ਕਾਰਣ ਜਿੰਦਗੀ ਦਾ ਘਾਣ ਕਰੀ ਜਾ ਰਹੇ ਹਨ। ਕਈਆਂ ਦੀ ਜਾਨ ਪੁਲਸ ਮੁਕਾਬਲਿਆਂ ਜਾਂ ਜੰਗੀ ਗੋਲਾ ਬਾਰੀਆਂ ਵਿਚ ਜਾ ਰਹੀ ਹਨ। ਕਈ ਕੁੱਖ ਵਿਚ ਮਰ ਰਹੇ ਹਨ, ਕਈ ਭੁੱਖ ਨਾਲ ਤੇ ਕਈ ਦੁਖ ਨਾਲ। ਕਈ ਵਿਚਾਰੇ ਤਾਂ ਆਤਮਘਾਤ ਕਰ ਕੇ ਆਪਣੀ ਜਾਨ ਆਪ ਹੀ ਲੈ ਰਹੇ ਹਨ। ਇੰਜ ਲਗਦਾ ਹੈ ਜਿਵੇਂ ਚਾਰੇ ਪਾਸੇ ਮੌਤ ਦਾ ਤਾਂਡਵ ਨਾਚ ਚਲ ਰਿਹਾ ਹੈ ਤੇ ਦੁਨੀਆਂ ਜ਼ਿੰਦਗੀ ਲੈਣ ਤੇ ਤੁਲੀ ਹੋਈ ਹੈ ਦੇਣ ਤੇ ਨਹੀਂ।
ਘਾਤਕ ਸੋਚ ਤੇ ਗਲ-ਵੱਢੀ ਦੇ ਇਸ ਮਾਹੌਲ ਵਿਚ ਕੋਈ ਵਿਰਲਾ ਹੀ ਸੋਚਦਾ ਹੋਵੇਗਾ ਕਿ ਜੀਵਨ ਦਾਨ ਦੇਣਾ ਜਾਂ ਬਖ਼ਸ਼ਣਾ ਜੀਵਨ ਲੈਣ ਨਾਲੋਂ ਕਿਤੇ ਵਧੇਰੇ ਮਹਤਵਪੂਰਣ, ਗੌਰਵਸ਼ਾਲੀ ਤੇ ਮੁਸ਼ਕਿਲ ਕਾਰਜ ਹੈ। ਇਹ ਪਰਉਪਕਾਰੀ ਕੰਮ ਮਹਾਂ ਕੁੰਭ ਸਮਾਨ ਹੈ ਜਿਸ ਨਾਲ ਆਤਮਾ ਦੀ ਮੈਲ ਧੁਲ ਜਾਂਦੀ ਹੈ। ਇਸ ਨਾਲ ਜੀਵਨ ਵਿਚੋਂ ਨਫ਼ਰਤ, ਸਾੜਾ ਤੇ ਦੁਸ਼ਮਨੀ ਸਾਫ ਹੁੰਦੇ ਹਨ ਤੇ ਮਨ ਵਿਚ ਧੁਰ ਅੰਦਰ ਤੀਕਰ ਸੁਖ ਪਹੁੰਚਾਉਣ ਵਾਲੀਆਂ ਨਿਰਮਲ ਤ੍ਰੰਗਾਂ ਪੈਦਾ ਹੁੰਦੀਆਂ ਹਨ। ਜੀਵਨ ਦਾ ਦਾਨ ਕਠਿਨ ਤਾਂ ਹੈ ਪਰ ਜਿੰਦਗੀ ਭਰ ਆਨੰਦ ਦਾ ਅਹਿਸਾਸ ਦੇਂਦਾ ਹਨ। ਇਸ ਦਾ ਅਨੁਭਵ ਮੈਨੂੰ ਕਈ ਵਾਰ ਹੋਇਆ ਹੈ ਪਰ ਪੁਸ਼ਟੀ ਲਈ ਸਭ ਤੋਂ ਪਹਿਲੀ ਘਟਨਾ ਬਿਆਨ ਕਰ ਰਿਹਾ ਹਾਂ। ਇਸ ਸੱਚੀ ਉਦਾਹਰਣ ਵਿਚ ਕੇਵਲ ਤੱਥਾਂ ਦੇ ਹਵਾਲੇ ਹੀ ਬਦਲੇ ਹੋਏ ਹਨ।
ਸਾਲ 1973 ਦਾ ਅਕਤੂਬਰ ਮਹੀਨਾ ਸੀ ਤੇ ਮੁਕਤਸਰ ਸ਼ਹਿਰ। ਖਜੂਰ ਵਾਲੀ ਗਲੀ ਵਿਚ ਲਾਲ ਚੰਦ ਦੋਧੀ ਦੇ ਘਰ ਦੇ ਚੁਬਾਰੇ ਵਿਚ ਦੁਪਿਹਰ ਮਗਰੋਂ ਸੌਂ ਕੇ ਉਠਿਆ ਹੀ ਸਾਂ ਕਿ ਕਿਸੇ ਨੇ ਬੂਹਾ ਖੜਕਾਇਆ। ਉੱਠ ਕੇ ਖੋਹਲਿਆ ਤਾਂ ਵੇਖਿਆ ਕਿ ਸੁਭਾਸ਼ ਸਕਸੈਨਾ ਖੜ੍ਹਾ ਸੀ। ਬੂਹੇ ਤੇ ਹੀ ਦੁਆ ਸਲਾਮ ਕਰ ਕੇ ਉਹ ਉਥੇ ਹੀ ਰੁਕਿਆ ਰਿਹਾ ਜਿਵੇ ਕੁਝ ਕਹਿਣਾ ਚਾਹੁੰਦਾ ਹੋਵੇ। ਮੈਂ ਉਸ ਨੂੰ ਅੰਦਰ ਆਉਣ ਨੂੰ ਕਹਿ ਕੇ ਫਿਰ ਲੇਟ ਗਿਆ। ਉਹ ਇਕ ਦੋ ਕਦਮ ਅੰਦਰ ਆਇਆ ਤੇ ਕਹਿਣ ਲਗਾ, ਪ੍ਰੋਫੈਸਰ ਸਾਹਿਬ ਸੌਂ ਰਹੇ ਹੋ?  ਤੁਹਾਨੂੰ ਇਕ ਤਕਲੀਫ ਦੇਣੀ ਸੀ।ਉਸ ਦੀਆਂ ਅੱਖਾਂ ਵਿਚ ਮੈਂ ਇਕ ਅਜੀਬ ਜਿਹਾ ਸਵਾਲ ਤਾਂ ਪੜ੍ਹ ਲਿਆ ਸੀ ਪਰ ਸੁਸਤੀ ਅੱਗੇ ਬੇਵਸ ਸਾਂ। ਸੁਭਾਸ਼ ਬਹਿ ਜਾ, ਚਾਹ ਪੀ ਕੇ ਗੱਲ ਕਰਦੇ ਆਂ। ਉਸ ਨੇ ਬੇਚੈਨੀ ਨਾਲ ਬੁਲ੍ਹਾਂ ਤੇ ਜੀਭ ਫੇਰੀ ਤੇ ਕੁਰਸੀ ਦੇ ਕੰਢੇ ਇਸ ਤਰਾਂ ਬੈਠ ਗਿਆ ਜਿਵੇਂ ਮਾਰ ਕੇ ਭੱਜਣਾ ਹੋਵੇ। ਥੋੜੀ ਦੇਰ ਵਿਚ ਮੇਰੀ ਪਤਨੀ ਚਾਹ ਲੈ ਕੇ ਆਈ ਤੇ ਇਕ ਕੱਪ ਉਸ ਨੂੰ ਵੀ ਦੇਣ ਲਗੀ। ਕੱਪ ਫੜਨ ਤੋਂ ਇਨਕਾਰੀ ਹੁੰਦਾ ਉਹ ਬੋਲਿਆ, ਮੈਂ ਚਾਹ ਨਹੀਂ ਜੀ ਪੀਣੀ। ਕਾਹਲ ਵਿਚ ਹਾਂ, ਸਰ ਨੂੰ ਲੈ ਕੇ ਜਾਣਾ ਐ। ਮੈਂ ਚੁਕੰਨਾ ਜਿਹਾ ਹੋ ਕੇ ਪੁਛਿੱਆ, ਕਿੱਥੇ ਲੈ ਚਲੇਂਗਾ ਬਈ ਇੰਨੀ ਗਰਮੀ ਵਿਚ?
ਗੱਲ ਕਹਿਣ ਦਾ ਮੌਕਾ ਮਿਲਦੇ ਸਾਰ ਉਹ ਬੋਲਿਆ, ਸਰ ਸਾਡਾ ਗਵਾਂਢੀ ਰਾਮੇਸ਼ਵਰ ਮਰ ਰਿਹਾ ਹੈ। ਮੈਂ ਉਸ ਦੀ ਮਦਦ ਲਈ ਤੁਹਾਡੇ ਕੋਲ ਆਇਆ ਹਾਂ। ਚਲ ਕੇ ਵੇਖੋ। ਉਸ ਦੀ ਗੱਲ ਵਿਚ ਘਬਰਾਹਟ, ਹਮਦਰਦੀ ਤੇ ਡਰ ਆਦਿ ਕਈ ਭਾਵ ਮਿਲੇ ਹੋਏ ਸਨ।
ਜਾਣਦਾ ਨਹੀਂ ਮੈਂ ਕੌਣ ਐ ਉਹ, ਕੀ ਹੋਇਆ ਉਸ ਨੂੰ? ਮੈਂ ਸਰਸਰੀ ਤੌਰ ਤੇ ਪੁੱਛਿਆ।
ਸਕਸੈਨੇ ਨੇ ਹਲੀਮੀ ਨਾਲ ਕਿਹਾ।ਸਰ, ਉਂਜ ਉਹ ਬਹੁਤ ਹੀ ਨੇਕ ਬੰਦਾ ਹੈ। ਰਾਮਲੀਲਾ ਵਿਚ ਭਵੀਖਣ ਦਾ ਪਾਰਟ ਕਰਦਾ ਹੁੰਦਾ ਹੈ। ਪਰ ਉਸ ਨੇ ਪਰਸੋਂ ਦਿਵਾਲੀ ਵਾਲੇ ਦਿਨ ਦੋਸਤਾਂ ਨਾਲ ਰਲ ਕੇ ਮਾੜੀ ਸ਼ਰਾਬ ਪੀ ਲਈ ਤੇ ਸਾਰੇ ਜਣੇ ਬੀਮਾਰ ਹੋ ਗਏ। ਪੀਣ ਵਾਲੇ ਸੱਤਾਂ ਵਿਚੋਂ ਚਾਰ ਤਾਂ ਮਰ ਗਏ, ਬਾਕੀ ਦੇ ਤਿੰਨਾਂ ਦੀ ਹਾਲਤ ਬਹੁਤ ਗੰਭੀਰ ਹੈ। ਹਸਪਤਾਲ ਵਾਲਿਆਂ ਨੇ ਦੋ ਨੂੰ ਸੀ ਐਮ ਸੀ ਲੁਧਿਆਣੇ ਤੇ ਇਕ ਨੂੰ ਚੰਡੀਗੜ੍ਹ ਪੀ ਜੀ ਆਈ ਵਿਚ ਰੈਫਰ ਕਰ ਦਿਤਾ ਹੈ। ਦੂਜੇ ਦੋਹਾਂ ਦੇ ਰਿਸ਼ਤੇਦਾਰ ਤਾਂ ਉਹਨਾਂ ਨੂੰ ਲੈ ਗਏ ਨੇ, ਪਰ ਇਸ ਨੂੰ ਕੋਈ ਲਿਜਾਣ ਵਾਲਾ ਨਹੀਂ ਹੈ। ਤੁਸੀਂ ਚਲ ਕੇ ਵੇਖ ਲਓ ਜੇ ਉਸ ਦਾ ਭਲਾ ਹੋ ਜਾਵੇ।
ਕਿਥੇ ਪਿਆ ਐ ਉਹ? ਮੈਂ ਪੁਛਿੱਆ।
ਸਿਵਲ ਹਸਪਤਾਲ ਚ। ਉਸ ਨੇ ਉੱਤਰ ਦਿੱਤਾ।
          ਸਿਵਲ ਹਸਪਤਾਲ ਦੀ ਗੱਲ ਸੁਣ ਕੇ ਮੈਂ ਸੋਚਿਆ ਕਿ ਉਸ ਨੂੰ ਹੁਣ ਕੌਣ ਬਚਾ ਸਕਦਾ ਹੈ। ਹਸਪਤਾਲ ਵਾਲੇ ਜਵਾਬ ਦਿੰਦੇ ਹੀ ਉਦੋਂ ਹਨ ਜਦੋਂ ਬੰਦੇ ਦੇ ਸਾਹ ਸੱਤ ਖਤਮ ਹੋਣ ਵਾਲੇ ਹੋਣ। ਮੈਨੂੰ ਐਸੇ ਗੰਭੀਰ ਕੇਸ ਵਿਚ ਸਫਲਤਾ ਦੀ ਬੇਆਸ ਲਗ ਰਹੀ ਸੀ। ਮੈਂ ਟਾਲ ਮਟੋਲ ਕਰਦੇ ਕਿਹਾ,ਸਕਸੈਨਾ, ਹਸਪਤਾਲ ਵਿਚ ਭਰਤੀ ਹੋਏ ਮਰੀਜ਼ ਨੂੰ ਆਪਾਂ ਦਵਾਈ ਕਿਵੇਂ ਦੇ ਸਕਦੇ ਹਾਂ? ਉਸ ਨੇ ਬਥੇਰਾ ਜੋਰ ਲਾਇਆ ਕਿ ਡਾਕਟਰਾਂ ਨੇ ਉਸ ਦਾ ਬੈੱਡ ਖਾਲੀ ਕਰਵਾ ਕੇ ਉਸ ਨੂੰ ਬਾਹਰ ਬਰਾਂਡੇ ਵਿਚ ਕੱਢ ਦਿਤਾ ਹੈ ਜਿੱਥੇ ਦਵਾਈ ਦਿੱਤੀ ਜਾ ਸਕਦੀ ਹੈ, ਪਰ ਮੈਂ ਨਾ ਮੰਨਿਆਂ। ਉਹ ਛੋਟਾ ਜਿਹਾ ਮੂੰਹ ਕਰ ਕੇ ਚਲਾ ਗਿਆ।
          ਉਹਨਾਂ ਦਿਨਾਂ ਵਿਚ ਮੈਨੂੰ ਕਲਾਸਾਂ ਦੇ ਲੈਕਚਰ ਤਿਆਰ ਕਰਨ ਵਿਚ ਕਾਫੀ ਸਮਾਂ ਲਾਉਣਾ ਪਿਆ ਕਰਦਾ ਸੀ। ਉਸ ਦੇ ਜਾਂਦੇ ਹੀ ਮੈਂ ਪੁਸਤਕਾਂ ਇੱਕਠੀਆਂ ਕਰ ਕੇ ਪੜ੍ਹਨ ਬੈਠ ਗਿਆ। ਪਰ ਮੇਰੇ ਦਿਲ ਵਿਚ ਬੇਚੈਨੀ ਜਿਹੀ ਲਗੀ ਹੋਈ ਸੀ ਕਿ ਅੱਜ ਸਕਸੈਨੇ ਨਾਲ ਚੰਗਾ ਵਿਵਹਾਰ ਨਹੀਂ ਹੋਇਆ। ਉਹ ਬੜਾ ਹੀ ਮਿਲਣਸਾਰ ਤੇ ਕੰਮ ਆਉਣ ਵਾਲਾ ਬੰਦਾ ਸੀ। ਉਸ ਦਾ ਚਿਹਰਾ ਬਾਰ 2 ਮੇਰੇ ਸਾਹਮਣੇ ਆਉਣ ਲਗਾ। ਮੈਨੂੰ ਉਹ ਦਿਨ ਵੀ ਯਾਦ ਆਇਆ ਜਿਸ ਦਿਨ ਮੈਂ ਆਪਣੇ ਪਿੰਡ ਦੇ ਡਾਕਟਰ ਚੇਤਨ ਕੁਮਾਰ ਵਰਮਾ, ਜਿਸ ਨੇ ਮੈਨੂੰ ਪਹਿਲੀ ਵਾਰ ਹੋਮਿਓਪੈਥੀ ਦੇ ਰਸਤੇ ਪਾਇਆ ਸੀ, ਨੂੰ ਜਾ ਕੇ ਦਸਿਆ ਸੀ ਕਿ ਮੇਰੀ ਨਿਯੁਕਤੀ ਸਰਕਾਰੀ ਕਾਲਜ ਮੁਕਤਸਰ ਵਿਚ ਹੋ ਗਈ ਹੈ। ਉਸ ਨੇ ਬੜੇ ਚਾਅ ਨਾਲ ਕਿਹਾ ਸੀ ਕਿ ਉੱਥੇ ਉਸ ਦੇ ਲੜਕੇ ਦਾ ਜਿਗਰੀ ਮਿੱਤਰ ਸੁਭਾਸ਼ ਸਕਸੈਨਾ ਰਹਿੰਦਾ ਹੈ ਜੋ ਉਸ ਨਾਲ ਮੋਦੀ ਕਾਲਜ ਵਿਚ ਪੜ੍ਹਦਾ ਹੁੰਦਾ ਸੀ। ਨਾਲ ਹੀ ਉਸ ਨੇ ਕਿਹਾ ਸੀ ਕਿ ਜੇ ਕਿਸੇ ਸਹਾਇਤਾ ਦੀ ਲੋੜ ਪਵੇ ਤਾਂ ਉਸ ਨੂੰ ਜਾ ਕੇ ਮਿਲ ਲਵਾਂ। ਉਸ ਨੇ ਅੰਦਰੋਂ ਆਪਣੇ ਲੜਕੇ ਸੋਨੂੰ ਨੂੰ ਸੱਦ ਕੇ ਉਸ ਦੇ ਇਸ ਦੋਸਤ ਦੇ ਨਾਂ ਮੇਰੇ ਬਾਰੇ ਇਕ ਚਿੱਠੀ ਵੀ ਲਿਖਵਾ ਕੇ ਦਿਤੀ ਸੀ। ਜੋਆਇਨ ਕਰਨ ਵਾਲੇ ਦਿਨ ਹੀ ਮੈਂ ਕਿਰਾਏ ਲਈ ਮਕਾਨ ਲੱਭਣ ਦੇ ਸਿਲਸਿਲੇ ਵਿਚ ਉਸ ਨੂੰ ਮਿਲਿਆ ਸਾਂ। ਉਸ ਦੇ ਸਾਰੇ ਪਰਿਵਾਰ ਨੇ ਮੈਨੂੰ ਮਜ਼ਬੂਰ ਕਰਕੇ ਉਸ ਦਿਨ ਸ਼ਾਮ ਦਾ ਖਾਣਾ ਖੁਆਇਆ ਸੀ ਤੇ ਆਪਣੇ ਘਰ ਮਹਿਮਾਨ ਰੱਖਿਆ ਸੀ। ਉਸ ਓਪਰੇ ਸ਼ਹਿਰ ਵਿਚ ਇਕਾਂਤ ਦਾ ਸਤਾਇਆ ਮੈਂ ਬਾਦ ਵਿਚ ਵੀ ਉਸ ਨੂੰ ਅਕਸਰ ਮਿਲਦਾ ਰਹਿੰਦਾ ਸਾਂ। ਅੱਜ ਪਹਿਲੀ ਵਾਰ ਉਸ ਨੇ ਮੈਨੂੰ ਕੁਝ ਕਰਨ ਲਈ ਕਿਹਾ ਸੀ ਪਰ ਮੈਂ ਜਵਾਬ ਦੇ ਦਿਤਾ ਸੀ। ਮੈਨੂੰ ਬਹੁਤ ਬੁਰਾ ਲਗ ਰਿਹਾ ਸੀ।
          ਇੰਨੇ ਨੂੰ ਫਿਰ ਬੂਹਾ ਖੜਕਿਆ ਤੇ ਸੁਭਾਸ਼ ਅਤੇ ਉਸ ਦਾ ਵੱਡਾ ਭਰਾ ਸੁਰੇਸ਼ ਆ ਗਏ। ਸੁਰੇਸ਼ ਕਹਿਣ ਲਗਿਆ,ਪ੍ਰੋਫੈਸਰ ਸਾਹਿਬ ਬੰਦਾ ਮਰ ਰਿਹਾ ਐ ਜੀ। ਮੈਂ ਉਸ ਕੋਲੋਂ ਹੀ ਆ ਰਿਹਾ ਹਾਂ। ਗਲਤੀ ਕਰ ਬੈਠਿਆ ਐ। ਚਾਰ ਛੋਟੇ 2 ਬੱਚੇ ਹਨ। ਬੀਵੀ ਨੂੰ ਬਾਹਰ ਅੰਦਰ ਦੀ ਸਮਝ ਨਹੀਂ। ਭਰਾ ਲੱਤਾਂ ਤੋਂ ਅਪਾਹਜ ਹੈ। ਘਰ ਵਿਚ ਗਰੀਬੀ ਹੈ। ਉਸ ਦਾ ਕੋਈ ਪ੍ਰਬੰਧ ਨਹੀਂ ਹੋ ਸਕਦਾ। ਅਸੀਂ ਪੜੌਸੀ ਹੋਣ ਦੇ ਨਾਤੇ ਭੱਜ ਨੱਠ ਕਰ ਰਹੇ ਹਾਂ। ਬੱਸ ਪੁੰਨ ਖੱਟਣ ਵਾਲੀ ਗੱਲ ਹੈ। ਇਕ ਵਾਰ ਚਲ ਕੇ ਦੇਖ ਲਉ। ਉਸ ਦੀ ਆਵਾਜ਼ ਵਿਚ ਵਿਰਵਾ ਸੀ ਤੇ ਤਰਲਾ ਸੀ। ਉਸ ਦੇ ਚੁੱਪ ਹੁੰਦਿਆਂ ਹੀ ਸੁਭਾਸ਼ ਬੋਲਿਆ, ਸਾਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਜੀ। ਸ਼ਾਇਦ ਤੁਹਾਡੇ ਹੱਥੋਂ ਈ ਉਸ ਦਾ ਕੋਈ ਜਸ ਹੋ ਜਾਵੇ।
          ਦੋਵਾਂ ਭਰਾਵਾਂ ਦੀਆਂ ਮਿੰਨਤਾਂ ਸੁਣ ਕੇ ਮੈਂ ਸੋਚਾਂ ਵਿਚ ਪੈ ਗਿਆ। ਮੈਂ ਮਨ ਵਿਚ ਵਿਚਾਰ ਕੀਤੀ, ਇਹ ਸਕਸੈਨੇ ਮੈਨੂੰ ਚਲਣ ਲਈ ਕਹਿ ਤਾਂ ਰਹੇ ਹਨ ਪਰ ਉਸ ਹੂਚ ਦੀ ਮਾਰ ਵਿਚ ਆਏ ਬੀਮਾਰ ਦਾ ਮੈਂ ਕੀ ਕਰ ਸਕਦਾ ਹਾਂ। ਜੇ ਸਭ ਸੁਵਿਧਾਵਾਂ ਵਾਲੇ ਹਸਪਤਾਲ ਦੇ ਡਾਕਟਰਾਂ ਨੇ ਕਹਿ ਦਿਤਾ ਹੈ ਕਿ ਉਹ ਬਚਾ ਨਹੀਂ ਸਕਦੇ, ਤਾਂ ਹੋਰ ਕੋਈ ਉਸ ਨੂੰ ਬਚਾ ਵੀ ਕਿਵੇਂ ਸਕਦਾ ਹੈ। ਸਰਕਾਰੀ ਡਾਕਟਰਾਂ ਨੇ ਆਪਣੇ ਗਲੋਂ ਜੁਮੇਵਾਰੀ ਲਾਹੁਣ ਲਈ ਉਸ ਨੂੰ ਹੋਰ ਥਾਈਂ ਰੈਫਰ ਕਰ ਦਿਤਾ ਹੈ ਤੇ ਇਹ ਦੋਵੇ ਉਸ ਨੂੰ ਮੇਰੇ ਗਲ ਪਾ ਰਹੇ ਹਨ। ਮੈਨੂੰ ਇਸ ਕੰਮ ਵਿਚ ਨਹੀਂ ਪੈਣਾ ਚਾਹੀਦਾ। ਲਿਹਾਜ਼ਾ ਮੈਂ ਚੁੱਪ ਤੋੜਦਿਆਂ ਕਿਹਾ, ਦੇਖੋ ਬਈ ਮੈਂ ਤੁਹਾਡੇ ਤੋਂ ਬਾਹਰ ਨਹੀਂ। ਤੁਸੀਂ ਹੋਰ ਜਿਥੇ ਮਰਜੀ ਮੈਨੂੰ ਲੈ ਜਾਓ। ਪਰ ਇਸ ਕੇਸ ਨੂੰ ਦੇਖਣ ਦਾ ਮੈਨੂੰ ਕੋਈ ਲਾਭ ਨਹੀਂ ਲਗਦਾ। ਰੱਬ ਦਾ ਭਾਣਾ ਮੰਨਣ ਤੋਂ ਬਿਨਾ ਕੋਈ ਚਾਰਾ ਨਹੀਂ। ਇਹ ਸੁਣ ਕੇ ਦੋਵੇਂ ਭਰਾ ਕੁਝ ਦੇਰ ਉਂਗਲੀਆਂ ਜਿਹੀਆਂ ਮਲਦੇ ਰਹੇ ਤੇ ਫਿਰ ਇਹ ਕਹਿ ਕੇ ਚਲੇ ਗਏ, ਹਾਂ ਜੀ, ਜੋ ਈਸ਼ਵਰ ਨੂੰ ਮਨਜ਼ੂਰ ਐ ਉਹ ਤਾਂ ਹੈਈ ਐ!
          ਉਹਨਾਂ ਦੇ ਜਾਣ ਤੋਂ ਬਾਦ ਮੈਨੂੰ ਉਦਾਸੀ ਨੇ ਫਿਰ ਘੇਰ ਲਿਆ। ਕਈ ਗੱਲਾਂ ਮੇਰੇ ਦਿਮਾਗ਼ ਵਿਚ ਘੁੰਮਣ ਲਗੀਆਂ। ਮੈਂ ਸੁਭਾਸ ਕੋਲ ਹੋਮਿਓਪੈਥੀ ਦੀ ਬਹੁਤ ਚਰਚਾ ਕਰ ਰੱਖੀ ਸੀ। ਉਹ ਸਾਇੰਸ ਦਾ ਵਿਦਿਆਰਥੀ ਸੀ। ਬੀਐਸਸੀ ਪਾਸ ਸੀ। ਹੋਮਿਓਪੈਥੀ ਦੇ ਮੇਰੇ ਤਜ਼ੁਰਬੇ ਤੋਂ ਬਹੁਤ ਪ੍ਰਭਾਵਤ ਹੋ ਕੇ ਉਸ ਨੇ ਮੈਥੋਂ ਹੋਮਿਓਪੈਥੀ ਸਿਖਣੀ ਵੀ ਸ਼ੁਰੂ ਕਰ ਦਿਤੀ ਸੀ। ਉਹ ਮੇਰਾ ਪਹਿਲਾ ਸ਼ਾਗਿਰਦ ਸੀ ਤੇ ਮੈਨੂੰ ਗੁਰੂ ਮੰਨਦਾ ਸੀ। ਇਸ ਕੇਸ ਨੂੰ ਹੱਥ ਨਾ ਪਾ ਕੇ ਮੈਂ ਉਸ ਸਾਹਮਣੇ ਆਪਣੇ ਆਪ ਨੂੰ ਹੌਲਾ ਜਿਹਾ ਮਹਿਸੂਸ ਕਰਨ ਲਗ ਪਿਆ ਸਾਂ। ਲਿਹਾਜ਼ਾ ਕੋਸ਼ਿਸ਼ ਕਰਨ ਦੇ ਇਰਾਦੇ ਨਾਲ ਮੈਂ ਹੋਮਿਓਪੈਥੀ ਦੀਆਂ ਪੁਸਤਕਾਂ ਫਰੋਲਣ ਲਗਿਆ ਕਿ ਕਿਤੇ ਸ਼ਰਾਬ ਦੇ ਰਿਐਕਸ਼ਨ ਬਾਰੇ ਕੁਝ ਮਿਲ ਜਾਵੇ। ਪਰ ਕੁਝ ਹੱਥ ਪੱਲੇ ਨਾ ਪਿਆ। ਦਰਅਸਲ ਹੋਮਿਓਪੈਥੀ ਬਿਮਾਰ ਦੇ ਸਿੰਪਟਮਜ਼ ਮੁਤਾਬਕ ਕੰਮ ਕਰਦੀ ਹੈ ਤੇ ਮੇਰੇ ਕੋਲ ਤਾਂ ਰਮੇਸ਼ਵਰ ਦੀ ਹਾਲਤ ਦਾ ਕੋਈ ਵੀ ਵੇਰਵਾ ਨਹੀਂ ਸੀ। ਥੱਕ ਕੇ ਹੇਠ ਚਾਹ ਦਾ ਕੱਪ ਪੀਣ ਗਿਆ ਤਾਂ ਪਤਨੀ ਨਾਲ ਗੱਲ ਸਾਂਝੀ ਕੀਤੀ। ਉਸ ਨੇ ਸਲਾਹ ਦਿਤੀ, ਦਵਾਈ ਭਾਵੇਂ ਦਿਓ ਨਾ ਦਿਓ, ਦੇਖ ਤਾਂ ਆਓ। ਸਕਸੈਨੇ ਵੀ ਤਾਂ ਇਹੀ ਕਹਿੰਦੇ ਨੇ। ਮੈਂ ਕਿਹਾ ਕਿ ਚਲੋ ਜੇ ਫੇਰ ਆਏ ਤਾਂ ਚਲਾ ਈ ਜਾਵਾਂਗਾ।
          ਮੇਰੇ ਇੰਨਾ ਸੋਚਣ ਦੀ ਦੇਰ ਸੀ ਕਿ ਸੁਭਾਸ਼ ਫਿਰ ਆ ਗਿਆ। ਇਸ ਵਾਰ ਉਸ ਨਾਲ ਰਮੇਸ਼ਵਰ ਦਾ ਅਪਾਹਜ ਭਰਾ ਗੰਗਾ ਰਾਮ ਸੀ ਜਿਹੜਾ ਉਸ ਨਾਲ ਸਾਈਕਲ ਤੇ ਬੈਠ ਕੇ ਆਇਆ ਸੀ। ਅੰਦਰ ਅਉਂਦਿਆਂ ਹੀ ਕਹਿਣ ਲਗਿਆ,ਪ੍ਰੋਫੈਸਰ ਸਾਹਿਬ, ਇਹ ਰਮੇਸ਼ਵਰ ਦਾ ਭਾਈ ਐ, ਤੁਹਾਨੂੰ ਆਪ ਬੇਨਤੀ ਕਰਨ ਆਇਆ ਹੈ। ਗੰਗਾ ਰਾਮ ਹੱਥ ਜੋੜ ਕੇ ਰੋਣ ਲਗਿਆ ਤੇ ਫਿਰ ਅੱਖਾਂ ਪੂੰਝ ਕੇ ਬੋਲਿਆ, ਇਹਨਾਂ ਮੁੰਡਿਆਂ ਨੇ ਦੱਸਿਆ ਐ ਕਿ ਹੁਣ ਰੱਬ ਤੋਂ ਹੇਠਾਂ ਤੁਸੀਂ ਈ ਓਂ। ਇਕ ਵਾਰ ਬਚਾ ਦੋ ਮੇਰੇ ਭਾਈ ਨੂੰ, ਮੁੜ ਐਸੀ ਗਲਤੀ ਨਹੀਂ ਕਰੇਗਾ। ਹਸਪਤਾਲ ਨੇ ਤਾਂ ਉਸ ਨੂੰ ਮਰਨ ਲਈ ਬਾਹਰ ਸੁਟ ਦਿਤਾ ਹੈ ਤੇ ਉਹ ਆਪ ਵੀ ਇਹੀ ਕਹਿ ਰਿਹਾ ਹੈ ਕਿ ਮੈਨੂੰ ਕਿਤੇ ਲੈ ਕੇ ਨਾ ਜਾਇਓ, ਮੈ ਨਹੀਂ ਬਚਣਾ। ਮੇਰੀ ਪਹੁੰਚ ਤੁਹਾਡੇ ਥਾਈਂ ਈ ਐ। ਜੇ ਇਕ ਵਾਰ ਚਲ ਕੇ ਦੇਖ ਲਓਂ, ਮੈਂ ਸਮਝੂੰ ਮੈਂ ਆਪਣੇ ਵਲੋਂ ਪੂਰੀ ਵਾਹ ਲਾ ਲਈ ਐ। ਮੈਂ ਉਸ ਦੀ ਪਿੱਠ ਤੇ ਹੱਥ ਰਖਿਆ ਤੇ ਕਿਹਾ, ਇਹ ਵੀ ਕੋਈ ਗੱਲ ਐ! ਤੁਸੀਂ ਹਸਪਤਾਲ ਚਲੋ, ਮੈਂ ਆਇਆ।
          ਉਹਨਾਂ ਦੇ ਜਾਣ ਤੋਂ ਬਾਦ ਮੈਂ ਤਿਆਰ ਹੋ ਕੇ ਸਾਈਕਲ ਫੜਿਆ ਤੇ ਹਸਪਤਾਲ ਪਹੁੰਚ ਗਿਆ। ਦਿਨ ਛਿੱਪ ਚੁੱਕਾ ਸੀ ਤੇ ਘੁਸਮੁਸਾ ਹੋਣ ਵਾਲਾ ਸੀ। ਸੁਭਾਸ਼ ਤੇ ਗੰਗਾ ਰਾਮ ਗੇਟ ਤੇ ਖੜ੍ਹੇ ਮੇਰੀ ਉਡੀਕ ਕਰ ਰਹੇ ਸਨ। ਮੈਨੂੰ ਲੈ ਕੇ ਉਹ ਕਈ ਪਾਸੇ ਦੀ ਘੁੰਮਦੇ ਇਕ ਹਨੇਰੇ ਬੰਦ ਬਰਾਂਡੇ ਦੇ ਮੋੜ ਤੀਕਰ ਪਹੁੰਚ ਗਏ। ਉੱਥੇ ਰੁਕ ਕੇ ਸੁਭਾਸ਼ ਕਹਿਣ ਲਗਿਆ, ਤੁਸੀਂ ਜਰਾ ਇਥੇ ਠਹਿਰੋ, ਮੈਂ ਦੇਖ ਕੇ ਆਇਆ। ਮੈਨੂੰ ਲਗਿਆ ਕਿ ਉਹ ਇਹ ਦੇਖਣ ਗਿਆ ਹੈ ਕਿ ਮਰੀਜ਼ ਦੇ ਸਾਹ ਚਲ ਵੀ ਰਹੇ ਹਨ ਕਿ ਨਹੀਂ। ਪਰ ਗੰਗਾ ਰਾਮ ਨੇ ਦਸਿਆ ਕਿ ਡਾਕਟਰ ਦੇ ਰਾਉਂਡ ਦਾ ਟਾਈਮ ਐ ਤੇ ਉਹ ਇੰਨੇ ਬੰਦਿਆਂ ਦੇ ਵਾਰਡ ਵਿਚ ਵੜਨ ਤੇ ਗੁੱਸੇ ਹੁੰਦਾ ਐ। ਉਹ ਆਪਣੀਆਂ ਅਪਾਹਜ ਟੰਗਾਂ ਸਹਾਰੇ ਘੱਟ ਤੇ ਸੋਟੀ ਸਹਾਰੇ ਵੱਧ ਖੜ੍ਹਿਆ ਸੀ। ਸੁਭਾਸ਼ ਵਾਪਸ ਆਇਆ ਤੇ ਸਾਨੂੰ ਵਰਾਂਡੇ ਦੇ ਅੱਧ ਤੀਕਰ ਲੈ ਗਿਆ। ਉਥੇ ਰੁਕ ਕੇ ਕਹਿਣ ਲਗਿਆ, ਉਹ ਪਿਆ ਹੈ ਜੀ, ਰਮੇਸ਼ਵਰ, ਜਿਥੇ ਸੁਰੇਸ਼ ਬੈਠਾ ਐ।
          ਵਾਰਡ ਦੇ ਬੂਹੇ ਤੋਂ ਬਾਹਰ ਉਹ ਇਕ ਸਾਧਾਰਣ ਮੰਜੇ ਤੇ ਸਿਰ ਤੋਂ ਪੈਰਾਂ ਤੀਕਰ ਸਫੈਦ ਚਾਦਰ ਨਾਲ ਕੱਜਿਆ ਅਡੋਲ ਸਿੱਧਾ ਪਿਆ ਸੀ। ਦੂਰੋਂ ਵੇਖਿਆਂ ਕਫ਼ਨ ਵਿਚ ਲਪੇਟੇ ਮੁਰਦੇ ਵਾਂਗ ਲਗ ਰਿਹਾ ਸੀ ਜਿਸ ਨੂੰ ਸਮਸ਼ਾਨ ਘਾਟ ਦੀ ਤਿਆਰੀ ਵਿਚ ਪੈਕ ਕਰ ਕੇ ਰੱਖਿਆ ਗਿਆ ਹੋਵੇ। ਮੈਂ ਕਿਹਾ, ਚਲੋ ਨੇੜੇ ਚਲ ਕੇ ਦੇਖਦੇ ਆਂ।
          ਮੰਜੇ ਕੋਲ ਪਹੁੰਚੇ ਤਾਂ ਸੁਰੇਸ਼ ਨੇ ਉਸ ਦਾ ਮੂੰਹ ਨੰਗਾ ਕੀਤਾ। ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਜੀਵਿਤ ਕਿਦਾਂ ਹੈ। ਨੀਲੇ ਰੰਗ ਦਾ ਸੁਜਿੱਆ ਚਿਹਰਾ, ਅਖਰੋਟਾਂ ਵਾਂਗ ਬਾਹਰ ਨੂੰ ਉੱਭਰੀਆਂ ਬੰਦ ਅੱਖਾਂ, ਨੱਕ ਤੇ ਕੰਨਾਂ ਦੇ ਅੰਦਰ ਪਾਣੀ ਨਾਲ ਭਰੇ ਵੱਡੇ ਵੱਡੇ ਛਾਲੇ। ਕਾਲੇ ਭਾਰੇ ਸੁੱਜੇ ਬੁਲ੍ਹ ਤੇ ਉਹਨਾਂ ਉਤੇ ਵੀ ਪਾਣੀ ਭਰੇ ਛਾੱਲੇ। ਸੋਜਿਸ਼ ਤੇ ਛਾੱਲਿਆ ਕਾਰਣ ਉਸ ਦੇ ਚਿਹਰੇ ਦੇ ਨਕਸ਼ਾਂ ਨੂੰ ਅੱਡ 2 ਨੂੰ ਪਛਾਨਣਾ ਔਖਾ ਹੋ ਰਿਹਾ ਸੀ। ਸੁੱਜੇ ਤੇ ਪੱਕੇ ਨੱਕ ਰਾਹੀਂ ਉਹ ਕਸਵਾਂ ਸਾਹ ਲੈਂ ਰਿਹਾ ਸੀ। ਮੈਂ ਸੋਚਿਆ ਜੇ ਬਾਹਰ ਇਹ ਕੁਝ ਹੈ, ਤਾਂ ਇਸ ਦੇ ਅੰਦਰ ਦਾ ਕੀ ਹਾਲ ਹੋਵੇਗਾ? ਮੈਂ ਸੁਰੇਸ਼ ਨੂੰ ਪੁਛਿੱਆ, ਬੋਲਦਾ ਐ? ਉਸ ਨੇ ਨਾਂਹ ਵਿਚ ਸਿਰ ਹਿਲਾਇਆ। ਹਿੱਲਦਾ ਜੁਲਦਾ ਐ? ਮੈਂ ਫਿਰ ਪੁੱਛਿਆ। ਗੰਗਾ ਰਾਮ ਕਹਿਣ ਲਗਾ, ਸਿਰ ਪਟਕਦਾ ਐ ਜੀ ਜਦੋਂ ਅੱਚਵੀ ਲਗਦੀ ਐ। ਹੋਸ਼ ਵਿਚ ਹੈ? ਮੈਂ ਪੁੱਛਿਆ। ਹਾਂ ਜੀ, ਜਦੋਂ ਪਾਣੀ ਪੀਣਾ ਹੋਵੇ ਉੱਚੀ 2 ਹੰਗੂਰੇ ਵੀ ਮਾਰਦਾ ਐ। ਸੁਰੇਸ਼ ਨੇ ਦਸਿੱਆ। ਕਿੰਨੀ ਵਾਰੀ ਪੀਂਦਾ ਐ ਪਾਣੀ? ਮੈਂ ਸਵਾਲ ਕੀਤਾ। ਪਾਣੀ ਮੰਗਦਾ ਤਾਂ ਬਹੁਤ ਐ, ਪਰ ਪੀਂਦਾ ਪੂੰਦਾ ਨੀ, ਬੱਸ ਮੂੰਹ ਈ ਗਿੱਲਾ ਕਰਦਾ ਐ। ਹੋਰ ਕੋਈ ਗੱਲ? ਮੈਂ ਦਰਿਆਫ਼ਤ ਕੀਤਾ। ਸਿਰ ਮੂੰਹ ਨਹੀਂ ਢੱਕਣ ਦਿੰਦਾ। ਡਾਕਟਰ ਕਹਿੰਦੇ ਨੇ ਮੱਖੀਆਂ ਤੋਂ ਢੱਕ ਕੇ ਰਖੋ, ਇਹ ਚਾਦਰ ਲਾਹ ਦੇਂਦਾ ਹੈ। ਸੁਰੇਸ਼ ਨੇ ਸ਼ਿਕਾਇਤੀ ਲਹਿਜ਼ੇ ਵਿਚ ਦਸਿਆ।
          ਆਓ ਮੇਰੇ ਨਾਲ! ਮੈਂ ਜੇਤੂ ਅੰਦਾਜ਼ ਵਿਚ ਸੁਭਾਸ਼ ਨੂੰ ਕਿਹਾ।
ਘਰ ਆ ਕੇ ਮੈਂ ਉਸ ਨੂੰ ਅੱਖਰ ਨਾਲ ਸ਼ੁਰੂ ਹੋਣ ਵਾਲੀ ਇਕ ਦਵਾਈ ਦੀਆਂ 30ਵੀਂ ਤਾਕਤ ਦੀਆਂ ਚਾਰ ਪੁੜੀਆਂ ਦਿਤੀਆਂ ਤੇ ਘੰਟੇ 2 ਬਾਦ ਦਵਾਈ ਉਸ ਦੇ ਹੇਠਲੇ ਬੂਲ੍ਹ ਤੇ ਮਸੂਹੜੇ ਦੇ ਵਿਚਕਾਰ ਝਾੜ ਦੇਣ ਲਈ ਕਿਹਾ। ਨਾਲ ਇਹ ਵੀ ਤਾਕੀਦ ਕੀਤੀ ਕਿ ਸੁੱਤੇ ਪਏ ਨੂੰ ਜਗਾ ਕੇ ਦਵਾਈ ਨਹੀਂ ਦੇਣੀ। ਦਵਾਈ ਜੇਬ ਵਿਚ ਪਾ ਕੇ ਉਸ ਨੇ ਪੁੱਛਿਆ, ਸਰ, ਕੀ ਉਹ ਠੀਕ ਹੋ ਜਾਵੇਗਾ। ਮੇਰਾ ਧਿਆਨ ਫੌਰਨ ਡਾ: ਈ ਬੀ ਨੈਸ਼ ਦੀਆਂ ਇਸ ਦਵਾਈ ਬਾਰੇ ਲਿਖੀਆਂ ਇਹਨਾ ਸਤਰਾਂ ਵਲ ਗਿਆ: ਅਤਿ-ਅਧਿਕ ਬੇਚੈਨੀ, ਔਖਾ ਸਾਹ, ਮੌਤ ਵਲ ਤੇਜ ਨਿਘਾਰ, ਘੜੀ ਮੁੜੀ ਘੁੱਟ 2 ਪਿਆਸ, ਭਿਆਨਕ ਸਾੜੇ ਵਾਲੀ ਪੀੜਾ, ਕਾਲੀ ਰੰਗਤ, ਮੌਤ ਦਾ ਡਰ, ਨਿਸ਼ਚਿਤ ਮੌਤ ਦੇ ਵਿਚਾਰ, ਸ਼ਰੀਰ ਢਕੇ ਪਰ ਸਿਰ ਮੂੰਹ ਨੰਗਾ ਰਖੇ, ਸ਼ਰਾਬ ਦਾ ਪ੍ਰਕੋਪ....।
ਮੈਂ ਉਸ ਨੂੰ ਭਰੋਸੇ ਨਾਲ ਜਵਾਬ ਦਿਤਾ, ਹਾਂ, ਜੇ ਤੇਰੇ ਪਹੁੰਚਣ ਤੋਂ ਪਹਿਲਾਂ ਹੀ ਪੂਰਾ ਨਾ ਹੋ ਗਿਆ ਹੋਇਆ ਤਾਂ! ਉਸ ਦੇ ਚਿਹਰੇ ਤੇ ਪਹਿਲਾਂ ਪ੍ਰਸੰਨਤਾ ਤੇ ਫਿਰ ਉਦਾਸੀ ਦੀ ਝਲਕ ਫਿਰੀ ਤੇ ਉਹ ਸਾਈਕਲ ਤੇ ਚੜ੍ਹ ਕੇ ਅਲੋਪ ਹੋ ਗਿਆ।
ਸੁਭਾਸ਼ ਅਗਲੀ ਸਵੇਰ ਆਇਆ। ਉਸ ਦਾ ਮੂੰਹ ਲਟਕਿਆ ਹੋਇਆ ਸੀ। ਮੈਂ ਅੰਦਾਜ਼ਾ ਲਾ ਕੇ ਪੁੱਛਿਆ, ਨਹੀਂ ਬਣੀ ਗੱਲ? ਉਸ ਨੇ ਖੁਸ਼ਕ ਸੰਘ ਨਾਲ ਕਿਹਾ, ਪ੍ਰੋਫੈਸਰ ਸਾਹਿਬ, ਦੂਜੇ ਦੋ ਬੰਦੇ ਜੋ ਬਾਹਰ ਭੇਜੇ ਸੀ, ਰਾਤ ਮਰ ਗਏ। ਰਾਮੇਸ਼ਵਰ ਕਿੱਦਾਂ? ਮੈਂ ਸਾਹ ਰੋਕ ਕੇ ਪੁਛਿੱਆ। ਉਹ ਹੁਣ ਠੀਕ ਐ। ਉਹ ਸੁੱਖ ਨਾਲ ਬੋਲਿਆ। ਫਿਰ ਉਸ ਨੇ ਮੁਸਕਰਾ ਕੇ ਦਸਿੱਆ ਕਿ ਦੋ ਦਿਨਾਂ ਦਾ ਤੜਪਦਾ ਰਾਮੇਸ਼ਵਰ ਪਹਿਲੀ ਪੁੜੀ ਨਾਲ ਹਸਪਤਾਲ ਵਿਚ ਹੀ ਸੌਂ ਗਿਆ ਸੀ। ਰਾਤ ਨੂੰ ਜਦੋਂ ਉੱਠਿਆ ਤਾਂ ਘਰ ਲੈ ਆਏ। ਘਰ ਆ ਕੇ ਦੂਜੀ ਪੁੜੀ ਦਿਤੀ, ਫਿਰ ਸੌਂ ਗਿਆ। ਸਵੇਰੇ ਉੱਠਿਆ ਤਾਂ ਤੀਜੀ ਪੁੜੀ ਦੇ ਦਿਤੀ ਤੇ ਹੁਣ ਚੌਥੀ। ਨਾਲ ਹੀ ਕਹਿਣ ਲਗਾ ਕਿ ਹੁਣ ਉਹ ਥੋੜਾ ਬੋਲਦਾ ਹੈ। ਮੈਂ ਹੱਸਿਆ ਤੇ ਕਿਹਾ, ਤੇਰਾ ਬੰਦਾ ਬਚ ਗਿਆ ਹੈ, ਸਕਸੈਨਾ! ਹਾਲੇ ਹੋਰ ਦਵਾਈ ਦੀ ਲੋੜ ਨਹੀਂ। ਹੁਣ ਕੱਲ ਦੱਸੀਂ।
          ਅਗਲੇ ਦਿਨ ਕੁਝ ਪੁੜੀਆਂ ਹੋਰ ਦਿੱਤੀਆਂ ਤੇ ਤੀਜੇ ਦਿਨ ਰਾਮੇਸ਼ਵਰ ਠੀਕ ਹੋ ਕੇ ਬੈਠ ਗਿਆ। ਸੁਭਾਸ਼ ਆ ਕੇ ਕਹਿਣ ਲਗਾ, ਉਹ ਥੋਨੂੰ ਮਿਲਣ ਦੀ ਜ਼ਿੱਦ ਕਰ ਰਿਹਾ ਹੈ। ਕਾਰਣ ਪੁੱਛਣ ਤੇ ਕਹਿਣ ਲਗਾ ਕਿ ਉਹ ਆਪਣੇ ਸਾਈਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਜਲਾਲਾਬਾਦ ਦਾ ਹੋਣ ਕਰ ਕੇ ਉਹ ਰਖਿੱਅਕ ਨੂੰ ਸਾਈਂ ਸਦਦਾ ਸੀ। ਮੈਂ ਉਸ ਨੂੰ ਹਫਤਾ ਭਰ ਇਹ ਕਹਿ ਕੇ ਟਾਲਦਾ ਰਿਹਾ ਕਿ ਉਸ ਦਾ ਸਾਈਂ ਹੋਮਿਓਪੈਥੀ ਹੈ, ਨਾ ਕਿ ਮੈਂ। ਪਰ ਜਦੋਂ ਉਹ ਨਾ ਟਲਿਆ ਤੇ ਬਹੁਤਾ ਹੀ ਖਹਿੜੇ ਪੈ ਗਿਆ ਤਾਂ ਮੈ ਉਸ ਨਾਲ ਰਾਮੇਸ਼ਵਰ ਦੇ ਘਰ ਗਿਆ। ਉਂਜ ਉਹ ਠੀਕ ਠਾਕ ਸੀ ਪਰ ਪਲਕਾਂ ਅੰਦਰ ਜਖ਼ਮ ਹੋਣ ਕਾਰਣ ਅੱਖਾਂ ਨਹੀਂ ਸੀ ਖੋਹਲ ਸਕਦਾ। ਮੇਰੇ ਬੈਠਦਿਆਂ ਉਹ ਮੰਜੇ ਤੋਂ ਹੇਠ ਉੱਤਰ ਆਇਆ ਤੇ ਮੇਰੇ ਪੈਰ ਟੋਹ ਕੇ ਉੱਤੇ ਝੁਕ ਗਿਆ। ਕਿੰਨੀ ਦੇਰ ਮੱਥਾ ਰਗੜਦਾ ਤੇ ਦੁਆਵਾਂ ਦੇਂਦਾ ਰਿਹਾ। ਪਸ਼ਚਾਤਾਪ ਵਜੋਂ ਉਸ ਨੇ ਅਗਾਹਾਂ ਨੂੰ ਸ਼ਰਾਬ ਤੋਂ ਤੌਬਾ ਕੀਤੀ ਤੇ ਅੱਖਾਂ ਠੀਕ ਕਰਨ ਦੀ ਮੰਗ ਕੀਤੀ। ਮੈਂ ਸੁਭਾਸ਼ ਹੱਥ ਨਾਲ ਸ਼ੁਰੂ ਹੁੰਦੀ ਇਕ ਦਵਾਈ ਦੀ 200 ਪੋਟੈਂਸੀ ਦੀ ਇਕ ਖ਼ੁਰਾਕ ਭੇਜ ਦਿਤੀ। ਦੋ ਦਿਨਾਂ ਵਿਚ ਹੀ ਅੱਖਾਂ ਖੋਹਲ ਕੇ ਰਾਮੇਸ਼ਵਰ ਨੇ ਆਪਣੀ ਗੋਲ-ਗੱਪਿਆਂ ਦੀ ਰੇਹੜੀ ਲਾ ਲਈ। ਉਹ ਅੱਜ ਕੱਲ ਵੀ ਜਿਉਂਦਾ ਹੈ ਤੇ ਰਾਮ ਲੀਲਾ ਲਈ ਕੰਮ ਕਰਦਾ ਹੈ।
          ਅੱਜ ਤਕ ਮੇਰੇ ਹੱਥਾਂ ਵਿਚ ਹਜਾਰਾਂ ਕੇਸ ਆਏ ਤੇ ਗਏ। ਉਹਨਾਂ ਵਿਚੋਂ ਬਹੁਤ ਸਾਰੇ ਤਾਂ ਮੈਨੂੰ ਉੱਕਾ ਹੀ ਯਾਦ ਨਹੀਂ। ਪਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਰਾਮੇਸ਼ਵਰ ਦਾ ਨਾਂ ਮੇਰੇ ਜਿਹਨ ਵਿਚ ਸਿਤਾਰੇ ਵਾਂਗ ਚਮਕ ਰਿਹਾ ਹੁੰਦਾ ਹੈ। ਉਸ ਦਾ ਕੇਸ ਮੈਂ ਫ਼ਖ਼ਰ ਨਾਲ ਯਾਦ ਕਰਦਾ ਹਾਂ ਕਿਉਂਕਿ ਇਹ ਉਹਨਾਂ ਸਭ ਕੇਸਾਂ ਵਿਚੋਂ ਪਲੇਠਾ ਹੈ ਜਿਹਨਾਂ ਨਾਲ ਮੇਰਾ ਜੀਵਨ-ਦਾਨ ਦਾ ਰਿਸ਼ਤਾ ਹੈ! ਇਸ ਨੂੰ ਯਾਦ ਕਰਕੇ ਮੈਨੂੰ ਰੁਹਾਨੀ ਖ਼ੁਸ਼ੀ ਮਿਲਦੀ ਹੈ, ਤੇ ਅਜਿਹਾ ਹੀ ਕੁਝ ਹੋਰ ਕਰਨ ਦੀ ਤੌਫ਼ੀਕ ਵੀ। ਮੈਂ ਅਕਸਰ ਕਹਿੰਦਾ ਹਾਂ, ਜਾਨ ਲੈਣ ਵਾਲਿਓ! ਕਦੇ ਕਿਸੇ ਨੂੰ ਜੀਵਨ ਦੇ ਕੇ ਦੇਖੋ, ਖੁਸ਼ੀ ਦੀ ਅਸਲ ਪ੍ਰੀਭਾਸ਼ਾ ਸਮਝ ਆ ਜਾਵੇਗੀ।

No comments:

Post a Comment